ਮੁੰਬਈ – ਫਿਲਮ ‘ਪਦਮਾਵਤੀ’ ਦੇ ਪ੍ਰਡਿਊਸਰ ਅਤੇ ਡਾਇਰੈਕਟਰ ਸੰਜੈ ਲੀਲਾ ਭੰਸਾਲੀ ਨੇ ਆਪਣੀ ਫਿਲਮ ਤੇ ਪੈਦਾ ਹੋਏ ਵਿਵਾਦ ਤੇ ਸਪੱਸ਼ਟ ਕੀਤਾ ਕਿ ਇਸ ਫਿਲਮ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ ਜਿਸ ਤੇ ਵਿਵਾਦ ਪੈਦਾ ਹੋਵੇ। ਉਨ੍ਹਾਂ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ‘ ਸੰਜੇ ਲੀਲਾ ਭੰਸਾਲੀ ਨੇ ਆਪਣੀਆਂ ਦੋ ਫਿਲਮਾਂ ਦੀ ਸ਼ੂਟਿੰਗ ਜੈਪੁਰ ਵਿੱਚ ਕੀਤੀ ਹੈ। ਰਾਜਸਥਾਨ ਨਾਲ ਬੇਇੰਤਹਾ ਮੁਹੱਬਤ ਹੋਣ ਦੇ ਬਾਵਜੂਦ, ਸ਼ਰਾਰਤੀ ਤੱਤਾਂ ਦੁਆਰਾ ‘ਪਦਮਾਵਤੀ’ ਫਿਲਮ ਦੀ ਸ਼ੂਟਿੰਗ ਵਿੱਚ ਤੋੜ-ਫੋੜ ਅਤੇ ਕੁੱਟਮਾਰ ਕੀਤੇ ਜਾਣ ਦੇ ਬਾਅਦ ਉਨ੍ਹਾਂ ਨੇ ਆਪਣੇ ਕਰੂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਛੱਡਣ ਦਾ ਫੈਂਸਲਾ ਕੀਤਾ ਹੈ।
ਨਿਰਮਾਤਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਫਿਲਮ ਦੀ ਸਕਰਿਪਟ ਵਿੱਚ ਅਲਾਊਦੀਨ ਖਿਲਜੀ ਅਤੇ ਰਾਣੀ ਪਦਮਾਵਤੀ ਦੇ ਵਿੱਚ ਅਜਿਹਾ ਕੋਈ ਵੀ ਸੁਫ਼ਨੇ ਵਾਲਾ ਇਤਰਾਜ਼ਯੋਗ ਸੀਨ ਨਹੀਂ ਹੈ, ਜਿਸ ਦਾ ਆਰੋਪ ਲਗਾ ਕੇ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਵਰਨਣਯੋਗ ਹੈ ਕਿ ਸ਼ਕੁਰਵਾਰ ਨੂੰ ਜੈਪੁਰ ਦੇ ਜੂਨਾਗੜ੍ਹ ਕਿਲ੍ਹੇ ਵਿੱਚ ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਦੌਰਾਨ ਰਾਜਪੂਤ ਕਮਿਊਨਿਟੀ ਦੈ ਕਰਣੀ ਸੈਨਾ ਨਾਮ ਦੇ ਇੱਕ ਸੰਗਠਨ ਨੇ ਸ਼ੂਟਿੰਗ ਦਰਮਿਆਨ ਤੋੜਫੋੜ ਕਰਦੇ ਹੋਏ ਭੰਸਾਲੀ ਦੇ ਨਾਲ ਵੀ ਮਾਰਕੁੱਟ ਅਤੇ ਮਾੜਾ ਵਰਤਾਅ ਕੀਤਾ ਸੀ। ਕਰਣੀ ਸੈਨਾ ਦਾ ਆਰੋਪ ਸੀ ਕਿ ਫਿਲਮ ਵਿੱਚ ਰਾਜਪੂਤ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ।
ਉਨ੍ਹਾਂ ਨੇ ਆਪਣੀ ਸਟੇਟਮੈਂਟ ਵਿੱਚ ਇਹ ਵੀ ਕਿਹਾ, ‘ ਅਸੀਂ ਜੈਪੁਰ ਪ੍ਰਸ਼ਾਸਨ ਦੇ ਵੀ ਅਹਿਸਾਨਮੰਦ ਹਾਂ, ਜਿੰਨ੍ਹਾਂ ਦੀ ਤੁਰੰਤ ਕਾਰਵਾਈ ਦੇ ਕਾਰਣ ਫਿਲਮ ਦੇ ਸੈਟ ਅਤੇ ਕਰੂ ਨੂੰ ਜਿਆਦਾ ਨੁਕਸਾਨ ਨਹੀਂ ਝੱਲਣਾ ਪਿਆ। ਸਾਨੂੰ ਵਿਸ਼ਵਾਸ਼ ਹੈ ਕਿ ਆਪਣੀ ਇਸ ਬਹਾਦਰ ਰਾਣੀ ਤੇ ਬਣੀ ਫਿਲਮ ਵੇਖ ਕੇ ਪੂਰਾ ਮੇਵਾੜ ਮਾਣ ਮਹਿਸੂਸ ਕਰੇਗਾ। ਅਸੀਂ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ। ਅਸੀਂ ਫਿਲਮ ਬਣਾਉਣ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਦੀ ਉਮੀਦ ਕਰਦੇ ਹਾਂ ਤਾਂਕਿ ਉਨ੍ਹਾਂ ਦੀ ਬਹਾਦਰ ਰਾਣੀ ਦੀ ਕਹਾਣੀ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਲਿਆਂਦਾ ਜਾ ਸਕੇ।’