ਦੀਪਿਕਾ ਪਾਦੁਕੋਣ ਮਾਡਲਿੰਗ ਅਤੇ ਅਦਾਕਾਰੀ ਜਗਤ ਦਾ ਇਕ ਜਾਣਿਆ ਪਛਾਣਿਆਂ ਚਿਹਰਾ ਬਣ ਚੁੱਕੀ ਹੈ। ਉਹ ਜਿਥੇ ਅਨੇਕਾਂ ਪ੍ਰਾਡਕਟਸ ਨੂੰ ਲਾਂਚ ਕਰ ਰਹੀ ਹੈ, ਉਥੇ ਫਿਲਮਾਂ ਵਿਚ ਆਪਣੀ ਪ੍ਰਤਿਭਾ ਦੇ ਵੱਖ ਵੱਖ ਰੰਗ ਵਿਖਾ ਰਹੀ ਹੈ। ਉਸਦੀ ਉਮਰ ਦੀ ਕੋਈ ਵੀ ਹੋਰ ਲੜਕੀ ਹੋਰ ਕੀ ਚਾਹੇਗੀ!
ਨਾਮ ਸ਼ੋਹਰਤ, ਪੈਸਾ, ਇਕ ਹੈਂਡਸਮ ਬੁਆਇ ਫਰੈਂਡ ਸਭ ਕੁਝ ਤਾਂ ਹੈ ਉਸਦੇ ਕੋਲ! ਹੁਣ ਹੋਰ ਕੀ ਇੱਛਾ ਹੋ ਸਕਦੀ ਹੈ ਉਸਦੀ? ਪਰ ਜਨਾਬ ਦੀਪਿਕਆ ਦੀਆਂ ਇੱਛਾਵਾਂ ਸਮੇਂ ਦੇ ਨਾਲ ਨਾਲ ਨਵੀਆਂ ਉਡਾਣਾਂ ਭਰ ਰਹੀਆਂ ਹਨ। ਜਿਵੇਂ ਹੁਣ ਉਸਦੀ ਇੱਛਾ ਹੈ ਬੈਡਮਿੰਟਨ ਦੀ ਖੇਡ ‘ਤੇ ਅਧਾਰਤ ਫਿਲਮ ਬਨਾਉਣ ਦੀ। ਦੀਪਿਕਾ ਦੁਆਰਾ ਫਿਲਮ ਨਿਰਮਾਣ ਦੇ ਲਈ ਬੈਡਮਿੰਟਨ ਨੂੰ ਵਿਸ਼ਾ ਚੁਣਨਾ ਲਾਜ਼ਮੀ ਵੀ ਹੈ। ਉਹ ਖੁਦ ਬੈਡਮਿੰਟਨ ਚੈਂਪੀਅਨ ਪ੍ਰਕਾਸ਼ ਪਾਦੁਕੋਣ ਦੀ ਬੇਟੀ ਹੈ ਅਤੇ ਸਕੂਲੀ ਦਿਨਾਂ ਵਿਚ ਇਸ ਖੇਡ ਨਾਲ ਜੁੜੀ ਰਹੀ ਹੈ। ਉਸਦਾ ਕਹਿਣਾ ਹੈ, “ਤੁਸੀਂ ਵੇਖ ਨਾ ਫਿਲਮ ‘ਚਕ ਦੇ ਇੰਡੀਆ’ ਨੇ ਹਾਕੀ ਲਈ ਕੀ ਕੀਤਾ। ਮੈਂ ਬੈਡਮਿੰਟਨ ਬਾਰੇ ਇਕ ਵਧੀਆ ਫਿਲਮ ਬਨਾਉਣਾ ਚਾਹੁੰਦੀ ਹਾਂ। ਇਸ ਖੇਡ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਵਿਚ ਮੈਥੋਂ ਜੋ ਵੀ ਸੰਭਵ ਹੈ, ਮੈਂ ਕਰਨ ਲਈ ਤਿਆਰ ਹਾਂ।” ਜਿ਼ਕਰਯੋਗ ਹੈ ਫਿਲਹਾਲ ਦੀਪਿਕਾ ਤਿੰਨ ਫਿਲਮਾਂ ਵਿਚ ਰੁੱਝੀ ਹੋਈ ਹੈ। ਇਕ ਹੈ ‘ਚਾਂਦਨੀ ਚੌਕ ਟੂ ਚਾਈਨਾ’ ਜਿਸ ਵਿਚ ਅਕਸ਼ੈ ਕੁਮਾਰ ਦੇ ਨਾਲ ਉਸਨੂੰ ਲੋਕੀਂ ਵੇਖਣ ਲਈ ਉਤਾਵਲੇ ਹਨ। ਇਸਤੋਂ ਇਲਾਵਾ ਉਹ ‘ਬਿੱਲੂ ਬਾਰਬਰ’ ਅਤੇ ‘ਪ੍ਰੋਡਕਸ਼ਨ ਨੰਬਰ ਵਨ’ ਕਰ ਰਹੀ ਹੈ। ਸਾਰੇ ਵੱਡੇ ਬੈਨਰ ਅਤੇ ਵੱਡੇ ਸਟਾਰ ਕਾਸਟ ਵਾਲੀਆਂ ਫਿਲਮਾਂ ਹਨ। ਜ਼ਾਹਰ ਹੈ ਜਦ ਉਹ ਬੈਡਮਿੰਟਨ ‘ਤੇ ਫਿਲਮ ਬਣਾਏਗੀ ਤਾਂ ਉਹ ਵੀ ਵੱਡੀ ਕਾਸਟ ਨਾਲ ਭਰਪੂਰ ਫਿਲਮ ਹੀ ਹੋਵੇਗੀ।
ਦੀਪਿਕਾ ਫ਼ਿਲਮ ਨਿਰਮਾਣ ਦੀਆਂ ਤਿਆਰੀਆਂ ‘ਚ
This entry was posted in ਫ਼ਿਲਮਾਂ.