ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ–ਕਿਸਾਨ।
ਫਿਰ ਵੀ ਲੀਡਰ ਆਖ ਰਹੇ ਨੇ, ਮੇਰਾ ਭਾਰਤ ਦੇਸ਼ ਮਹਾਨ।
ਸੋਚਣ ਦੀ ਤਾਂ ਲੋੜ ਬੜੀ ਸੀ,ਬੇ-ਸਮਝੀ ਵਿਚ ਕੀਤੀ ਕ੍ਹਾਲੀ।
ਰਾਤੋ-ਰਾਤ ਪੈ ਗਿਆ ਰੌਲਾ, ਕਢ ਦਿਉ ਸਭ ਕਰੰਸੀ ਜ੍ਹਾਲੀ
ਨੀਂਦ ਵਿਚ ਹੀ ਸੁਪਨਾ ਆਇਆ,ਫਟਾ-ਫਟ ਕੀਤਾ ਫੁਰਮਾਣ
ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ-ਕਿਸਾਨ।
ਫਿਰ ਵੀ ਕਹਿੰਦੀ ਹੈ ਸਰਕਾਰ, ਮੇਰਾ ਭਾਰਤ ਦੇਸ਼ ਮਹਾਨ।
ਕਤਾਰਾਂ ਵਿਚ ਨਾ ਲੀਡਰ ਵੇਖੇ, ਨਾ ਹੀ ਤੱਕਿਆ ਸ਼ਾਹੂਕਾਰ।
ਭੋਲੀ – ਭਾਲੀ ਜਨਤਾ ਦੀ ਹੀ , ਵੇਖੀ ਲੰਮੀ ਬੜੀ ਕਤਾਰ।
ਠੇਕੇਦਾਰ ਨਾ ਅਫਸਰ ਓਥੇ, ਨਾ ਕੋਈ ਆਇਆ ਖ਼ੱਬੀ-ਖ਼ਾਨ,
ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੁਰ- ਕਿਸਾਨ।
ਬੇਈਮਾਨ-ਲੁਟੇਰੇ ਕਹਿੰਦੇ, ਕਿ ਬੜਾ ਹੈ ਭਾਰਤ ਦੇਸ਼ ਮਹਾਨ।
ਲਾਈਨ ‘ਚ ਨਾ ਸੁਨਿਆਰਾ ਲੱਭਾ, ਨਾ ਹੀ ਪੇਂਡੂ-ਸ਼ਹਿਰੀ ਨੇਤਾ
ਬੈਂਕਾਂ ਅੱਗੇ ਕੋਈ ਨਾ ਆਇਆ,ਵੋਟਰ ਦਾ ਹੁਣ ਭੁੱਲਾ ਚੇਤਾ।
ਅਮੀਰਾਂ ਦੇ ਘਰ ਨੋਟ ਬੜੇ ਨੇ, ਐਵੇਂ ਬੋਲਣ ਝੂੱਠ- ਤੂਫ਼ਾਨ,
ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ ਕਿਸਾਨ।
ਫਿਰ ਸਰਕਾਰੀ ਬੋਲੀ ਬੋਲਣ, ਕਿ ਮੇਰਾ ਭਾਰਤ ਦੇਸ਼ ਮਹਾਨ।
ਨੋਟ-ਬੰਦੀ ‘ਤੇ ਲੜਦੇ ਵੇਖੇ, ਰਾਹੁਲ, ਜੇਤਲੀ, ਸ਼ਾਹ ਤੇ ਮੋਦੀ।
ਇਹ ਨੇ ਬੜੇ ਪਿਆਰੇ ਨੇਤਾ, ਬੈਂਕ ਜ੍ਹਿੰਨਾਂ ਨੇ ਚੁੱਕੀ ਗੋਦੀ।
ਹੁਣ ਸਾਰੇ ਲੀਡਰ ਵੋਟਾਂ ਖਾਤਰ, ਦਿੰਦੇ ਪਏ ਨੇ ਬੜੇ ਬਿਆਨ,
ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ- ਕਿਸਾਨ।
ਫਿਰ ਵੀ ਨੇਤਾ ਲਉਂਦੇ ਨਾਹਰੇ, ਕਿ ਸਾਡਾ ਭਾਰਤ ਦੇਸ਼ ਮਹਾਨ।
ਨਵੇਂ ਸਾਲ ਨੂੰ ਲਾਈ ਹੈ ਤ੍ਹੋਮਤ, ਰਿਸ਼ਵਤਖੋਰਾਂ ਅਤੇ ਗ਼ਦਾਰਾਂ।
ਸਿਰ ਉਤੇ ਹੁਣ ਵੋਟਾਂ ਆਈਆਂ, ਇਕ -ਦੂਜੇ ਤੋਂ ਖਾਂਦੇ ਖ਼ਾਰਾਂ।
ਧਰਮਾਂ ਦਾ ਰੰਗ ਚਾੜ੍ਹ ਕੇ ਲੀਡਰ, ਵੋਟਰ ਕੀਤੇ ਲਹੂ- ਲੁਹਾਨ,
ਮੰਗਤੇ ਬਣ ਕੇ ਖੜੇ ਵਿਚਾਰੇ, ਬੈਂਕਾਂ ‘ਚ ਮਜ਼ਦੂਰ – ਕਿਸਾਨ।
ਭਰਿਸ਼ਟਾਚਾਰੀ ਆਖਣ ਲਗੇ , ਅਮੀਰ ਹੈ ਸਾਡਾ ਹਿੰਦੁਸਤਾਨ।
ਨਵੇਂ ਸਾਲ ‘ਤੇ ਨਵੀਆਂ ਰੀਝਾਂ, ਉੱਚੀ-ਸੁੱਚੀ ਸੋਚ ਵਿਖਾਈਏ।
ਬੇ-ਕਰਤੂਤੇ ਲੋਕਾਂ ਤੋਂ ਹੁਣ,”ਸੁਹਲ” ਸਾਰੇ ਜਾਨ ਬਚਾਈਏ।
ਮੇਰੇ ਵਤਨ ਪਿਆਰੇ ਅੰਦਰ, ਬਾਹਰੋਂ ਨਾ ਕੋਈ ਆਏ ਸ਼ੈਤਾਨ,
ਆਉ! ਸਾਰੇ ਨਾਹਰਾ ਲਾਈਏ, ਬਣ ਜਾਏ ਭਾਰਤ ਦੇਸ਼ ਮਹਾਨ।
ਦੇਸ਼ ਮੇਰੇ ਦਾ ਉੱਚਾ ਨਾਹਰਾ, ਜੈ ਜਵਾਨ ਤੇ ਜੈ ਕਿਸਾਨ।