ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।ਉਨ੍ਹਾਂ ਨੇ ਇਸ ਬਜਟ ਨੂੰ ਫੇਲ੍ਹ ਦੱਸਦੇ ਹੋਏ ਪ੍ਰਧਾਨਮੰਤਰੀ ਮੋਦੀ ਨੂੰ ਭਾਰਤ ਦਾ ਟਰੰਪ ਕਰਾਰ ਦਿੱਤਾ। ਰੇਲ ਬਜਟ ਨੂੰ ਆਮ ਬਜਟ ਦੇ ਨਾਲ ਪੇਸ਼ ਕਰਨ ਤੇ ਲਾਲੂ ਯਾਦਵ ਨੇ ਕਿਹਾ ਕਿ ਹੁਣ ਰੇਲ ਮੰਤਰੀ ਦਾ ਅਹੁਦਾ ਸਮਾਪਤ ਕਰ ਦੇਣਾ ਚਾਹੀਦਾ ਹੈ।
ਵਿੱਤ ਮੰਤਰੀ ਅਰੁਣ ਜੇਟਲੀ ਵੱਲੋਂ ਲੋਕਸਭਾ ਵਿੱਚ ਪੇਸ਼ ਕੀਤੇ ਗਏ ਬਜਟ ਨੂੰ ਲਾਲੂ ਨੇ ਪੂਰੀ ਤਰ੍ਹਾਂ ਨਾਲ ਫੇਲ੍ਹ ਕਰਾਰ ਦਿੰਦੇ ਹੋਏ ਇਸ ਬਜਟ ਨੂੰ ਦਸ ਵਿੱਚੋਂ ਜ਼ੀਰੋ ਨੰਬਰ ਦਿੱਤੇ। ਉਨ੍ਹਾਂ ਅਨੁਸਾਰ ਬਜਟ ਵਿੱਚ ਗਰੀਬਾਂ ਦੇ ਲਈ ਕੁਝ ਵੀ ਨਹੀਂ ਹੈ। ਬਜਟ ਵਿੱਚ ਰੋਟੀ, ਕਪੜਾ ਅਤੇ ਮਕਾਨ ਲਈ ਕੁਝ ਵੀ ਨਹੀਂ ਹੈ। ਸਿਹਤ ਅਤੇ ਰੁਜ਼ਗਾਰ ਨੂੰ ਵੀ ਧਿਆਨ ਵਿੱਚ ਨਹੀਂ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੋਟਬੰਦੀ ਦੇ ਕਾਰਣ ਪ੍ਰਭਾਵਿਤ ਹੋਏ ਵਪਾਰੀ ਵਰਗ ਲਈ ਬਜਟ ਵਿੱਚ ਕੁਝ ਵੀ ਨਹੀਂ ਰੱਖਿਆ ਗਿਆ।
ਰੇਲ ਬਜਟ ਦੇ ਸਬੰਧ ਵਿੱਚ ਬੋਲਦੇ ਹੋਏ ਲਾਲੂ ਜੀ ਨੇ ਕਿਹਾ ਕਿ ਰੇਲ ਮੰਤਰੀ ਦੀ ਕੋਈ ਪੁੱਛਗਿੱਛ ਨਹੀਂ ਹੈ, ਇਹ ਅਹੁਦਾ ਹੀ ਹਟਾ ਦੇਣਾ ਚਾਹੀਦਾ ਹੈ। ਹੁਣ ਤਾਂ ਰੇਲ ਨੂੰ ਵੀ ਵਿੱਤ ਮੰਤਰੀ ਹੀ ਚਲਾ ਰਹੇ ਹਨ। ਇਸ ਲਈ ਰੇਲ ਮੰਤਰੀ ਦੀ ਕੋਈ ਜਰੂਰਤ ਨਹੀਂ ਹੈ।
ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਪ੍ਰਧਾਨਮੰਤਰੀ ਮੋਦੀ ਨੂੰ ਭਾਰਤ ਦਾ ਟਰੰਪ ਦੱਸਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਰ੍ਹਾਂ ਹੀ ਕੰਮ ਕਰ ਰਹੇ ਹਨ, ਦੋਵੇਂ ਜੌੜੇ ਭਰਾ ਹੀ ਲਗਦੇ ਹਨ।