ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਹਕੀਕਤ ਅਤੇ ਲਾਲਚ ਦੀ ਲੜਾਈ ਵਿਚ ਹਕੀਕਤ ਦੀ ਜਿੱਤ ਹੋਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸ੍ਰ. ਮਨਜੀਤ ਸਿੰਘ ਜੀ.ਕੇ. ਦੀ ਅਗਵਾਹੀ ਹੇਠ ਕਮੇਟੀ ਵੱਲੋਂ ਬੀਤੇ 4 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਤੇ ਚਰਚਾ ਕਰਨ ਤੋਂ ਪਾਸਾ ਵੱਟ ਕੇ ਵਿਰੋਧੀ ਧਿਰਾਂ ਨੇ ਆਪਣੀ ਹਾਰ ਕਬੂਲ ਕਰ ਲਈ ਹੈ।
ਉਨ੍ਹਾਂ ਹੈਰਾਨੀ ਜਤਾਈ ਕਿ ਵਿਰੋਧੀਆਂ ਦਾ ਸਾਰਾ ਪ੍ਰਚਾਰ ਹਕੀਕਤ ਦਾ ਸਾਹਮਣਾ ਕਰਨ ਤੋਂ ਹੱਟ ਕੇ ਵਿਰੋਧ ਦੀ ਰਸਮ ਅਦਾਇਗੀ ਤੱਕ ਸਿਮਟ ਗਿਆ ਹੈ। ਵਿਰੋਧੀਆਂ ਵੱਲੋਂ ਪੰਜਾਬ ਵਿਖੇ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਕਥਿਤ ਬੇਅਦਬੀ ਅਤੇ ਡੇਰਾ ਸਿਰਸਾ ਵੱਲੋਂ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਵਿਧਾਨਸਭਾ ਚੋਣਾਂ ਦੌਰਾਨ ਹਿਮਾਇਤ ਕਰਨ ਦੇ ਕੀਤੇ ਗਏ ਐਲਾਨ ਨੂੰ ਮੁੱਦਾ ਬਣਾਉਣ ਦੀ ਕਮੇਟੀ ਚੋਣਾਂ ਵਿਚ ਕੀਤੀ ਜਾ ਰਹੀ ਕੋਸ਼ਿਸ਼ ਨੂੰ ਉਨ੍ਹਾਂ ਨੇ ਵਿਰੋਧੀਆਂ ਦੀ ਹਾਰ ਦੀ ਬੁਖਲਾਹਟ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਤਮਾਮ ਸਰਵੇ ਦਿੱਲੀ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਇੱਕਤਰਫ਼ਾ ਜਿੱਤ ਦਾ ਇਸ਼ਾਰਾ ਕਰ ਰਹੇ ਹਨ। ਇਸ ਕਰਕੇ ਮੁੱਦਾ ਰਹਿਤ ਵਿਰੋਧੀ ਸੰਗਤਾਂ ਨੂੰ ਵਿਕਾਸ ਦੇ ਏਜੰਡੇ ਤੋਂ ਲੀਹੋ ਲਾਹੁਣ ਲਈ ਸਰਗਰਮ ਨਜ਼ਰ ਆਉਂਦੇ ਹੈ। ਸਰਨਾ ਅਤੇ ਉਨ੍ਹਾਂ ਦੇ ਪੁਰਾਣੇ ਵਫ਼ਾਦਾਰਾਂ ਵੱਲੋਂ ਕਾਇਮ ਕੀਤੀ ਗਈ ਪੰਥਕ ਸੇਵਾ ਦਲ, ਭਾਈ ਰਣਜੀਤ ਸਿੰਘ ਤੇ ਭਾਈ ਬਲਦੇਵ ਸਿੰਘ ਵਡਾਲਾ ਦੀਆਂ ਜਥੇਬੰਦੀਆਂ ਦਾ ਇੱਕੋ ਟੀਚਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀ ਸੇਵਾ ਤੋਂ ਬਾਹਰ ਕਰਨ ਦਾ ਦੱਸਦੇ ਹੋਏ ਉਨ੍ਹਾਂ ਨੇ ਵਿਰੋਧੀ ਧਿਰਾਂ ਨੂੰ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ’ਤੇ ਬਹਿਸ ਕਰਨ ਲਈ ਵੀ ਲਲਕਾਰਿਆ।
ਉਨ੍ਹਾਂ ਕਿਹਾ ਕਿ ਨਿਰਾਸ਼ ਅਤੇ ਹਤਾਸ਼ ਵਿਰੋਧੀ ਆਪਣੀ ਹਾਰ ਕਬੂਲ ਕਰ ਚੁੱਕੇ ਹਨ। ਇਸ ਕਰਕੇ ਕਦੇ ਉਹ ਚੋਣਾਂ ਲਈ ਸੋਸ਼ਲ ਮੀਡੀਆ ’ਤੇ ਫੰਡ ਮੰਗਦੇ ਹਨ ਤੇ ਕਦੇ ਜਾਤ ਬਿਰਾਦਰੀ ਦੇ ਨਾਂ ਤੇ ਵੋਟਾਂ। ਉਨ੍ਹਾਂ ਸਾਫ਼ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਤੇ ਸਿਆਸਤ ਕਰਨਾ ਸੌੜੀ ਸੋਚ ਦਾ ਪ੍ਰਤੀਕ ਹੈ। ਬੇਅਦਬੀ ਦੇ ਸਭ ਤੋਂ ਵੱਧ ਮਾਮਲੇ ਦਿੱਲੀ ਵਿਖੇ 1984 ਤੇ 2010 ’ਚ ਕਾਂਗਰਸ ਸਰਕਾਰ ਦੇ ਰਾਜ ਵਿਖੇ ਹੋਏ ਸਨ ਪਰ ਅਕਾਲੀ ਦਲ ਨੇ ਕਦੇ ਵੀ ਇਸ ਮਸਲੇ ਨੂੰ ਸਿਆਸੀ ਰੰਗਤ ਨਹੀਂ ਦਿੱਤੀ। 2010 ਵਿਚ ਸਰਨਾ ਦੀ ਲਾਪਰਵਾਹੀ ਕਰਕੇ ਹਰਿਗੋਬਿੰਦ ਐਨਕਲੇਵ ਵਿਖੇ 1000 ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ, 5000 ਸੈਂਚੀਆਂ ਅਤੇ 1ਲੱਖ ਤੋਂ ਵੱਧ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਅਤੇ ਡੇਰਾ ਮੁੱਖੀ ਨੂੰ 2007 ਵਿਚ ਮੁਆਫ਼ੀ ਦਿਵਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸਰਨਾ ਵੱਲੋਂ ਭੇਜੀ ਗਈ ਚਿੱਠੀ ਦਾ ਵੀ ਉਨ੍ਹਾਂ ਨੇ ਚੇਤਾ ਕਰਾਇਆ।
ਪੰਜਾਬ ਤੋਂ ਦਿੱਲੀ ਵਿਖੇ ਸਿਆਸਤ ਕਰਨ ਆਏ ਭਾਈ ਰਣਜੀਤ ਸਿੰਘ ਅਤੇ ਭਾਈ ਵਡਾਲਾ ਨੂੰ ਮੌਸਮੀ ਸਿਆਸਤਦਾਨ ਦੱਸਦੇ ਹੋਏ ਉਨ੍ਹਾਂ ਨੇ 1 ਮਾਰਚ, 2017 ਤੋਂ ਬਾਅਦ ਦੋਨਾਂ ਦੇ ਦਿੱਲੀ ਵਿਖੇ ਬਤੌਰ ਸਿਆਸਤਦਾਨ ਨਾਂ ਨਜ਼ਰ ਆਉਣ ਦੀ ਵੀ ਸੰਭਾਵਨਾ ਜਤਾਈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਸੂਝਵਾਨ ਹੈ ਤੇ ਉਨ੍ਹਾਂ ਨੂੰ ਦਿਨ ਅਤੇ ਰਾਤ ਦੇ ਵਿਚ ਭੇਦ ਕਰਨ ਦੀ ਪੂਰੀ ਸਮਝ ਹੈ।