ਵੱਲੋਂ : ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਵੱਲ : ਸ੍ਰੀ ਹਰੀਸ਼ ਖਾਰੇ,
ਮੁੱਖ ਸੰਪਾਦਕ, ਟ੍ਰਿਬਿਊਨ ਗਰੁੱਪ,
ਚੰਡੀਗੜ੍ਹ ।
ਸਅਦਅ/5001/2017 16 ਫਰਵਰੀ 2017
ਵਿਸ਼ਾ : ਲੰਮੇ ਸਮੇਂ ਤੋਂ ਚੱਲਦੇ ਆ ਰਹੇ ਟ੍ਰਿਬਿਊਨ ਗਰੁੱਪ ਵੱਲੋਂ ਨਿਰਪੱਖਤਾ ਵਾਲੀ ਗੱਲ ਨਾ ਕਰਕੇ ਸਿੱਖ ਕੌਮ ਵਿਰੋਧੀ ਸੰਗਠਨਾਂ ਅਤੇ ਆਗੂਆਂ ਦੇ ਨਜ਼ਰੀਏ ਦਾ ਪ੍ਰਚਾਰ ਕਰਨ ਦੇ ਮੰਦਭਾਵਨਾ ਭਰੇ ਅਮਲਾਂ ਵਿਰੁੱਧ ।
ਸ੍ਰੀਮਾਨ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ॥
ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਟ੍ਰਿਬਿਊਨ ਗਰੁੱਪ ਦੀ ਸੁਰੂਆਤ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਪੱਖੀ ਸੋਚ ਨੂੰ ਮੁੱਖ ਰੱਖਕੇ ਸ. ਦਿਆਲ ਸਿੰਘ ਮਜੀਠੀਆ ਵੱਲੋਂ ਸੁਰੂ ਕੀਤੀ ਗਈ ਸੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਬਹੁਤ ਲੰਮੇ ਸਮੇਂ ਤੋਂ ਇਸ ਟਰੱਸਟ ਤੇ ਟ੍ਰਿਬਿਊਨ ਗਰੁੱਪ ਦੀ ਪਕੜ ਉਹਨਾਂ ਮੁਤੱਸਵੀ ਸੋਚ ਵਾਲੇ ਲੋਕਾਂ ਦੇ ਅਧੀਨ ਚਲੇ ਗਈ ਹੈ । ਜੋ ਅਕਸਰ ਹੀ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀ ਅਤੇ ਸਿੱਖ ਕੌਮ ਨਾਲ ਲੰਮੇ ਸਮੇਂ ਤੋ ਹੁੰਦੀਆਂ ਆ ਰਹੀਆਂ ਹਕੂਮਤੀ ਅਤੇ ਪ੍ਰਬੰਧਕੀ ਜਿਆਦਤੀਆਂ ਤੇ ਬੇਇਨਸਾਫ਼ੀਆਂ ਦੀ ਆਵਾਜ਼ ਨੂੰ ਦ੍ਰਿੜਤਾ ਨਾਲ ਸਮੁੱਚੇ ਭਾਰਤ ਨਿਵਾਸੀਆਂ ਨੂੰ ਜਾਣੂ ਕਰਵਾਉਣ ਦੀ ਬਜਾਇ, ਹਿੰਦੂਤਵ ਹਕੂਮਤ ਪੱਖੀ ਹਿੰਦੂ ਸੋਚ ਨੂੰ ਹੀ ਉਭਾਰਦੇ ਆ ਰਹੇ ਹਨ ਅਤੇ ਉਹਨਾਂ ਲੋਕਾਂ ਤੇ ਫਿਰਕੂਆਂ ਦੀਆਂ ਨਫ਼ਰਤ ਭਰੀਆਂ ਕਾਰਵਾਈਆਂ ਅਤੇ ਵੱਖ-ਵੱਖ ਕੌਮਾਂ ਤੇ ਧਰਮਾਂ ਵਿਚ ਦੂਰੀ ਪੈਦਾ ਕਰਨ ਵਾਲੇ ਅਮਲ ਹੀ ਅਕਸਰ ਅੰਗਰੇਜ਼ੀ ਟ੍ਰਿਬਿਊਨ, ਹਿੰਦੀ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਵਿਚ ਪ੍ਰਕਾਸਿ਼ਤ ਕੀਤੇ ਜਾਂਦੇ ਹਨ । ਜਿਸ ਨਾਲ ਪੰਜਾਬ ਦੇ ਨਿਵਾਸੀਆਂ ਅਤੇ ਇਥੇ ਵੱਸਣ ਵਾਲੀ ਸਿੱਖ ਕੌਮ ਦੇ ਮਨਾਂ ਨੂੰ ਅਜਿਹੀ ਬਿਆਨਬਾਜੀ ਜਾਂ ਫਿਰਕੂ ਸੋਚ ਵਾਲੇ ਲੇਖ ਪੜ੍ਹਕੇ ਡੂੰਘੀ ਠੇਸ ਪਹੁੰਚਦੀ ਹੈ ਅਤੇ ਅਸੀਂ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਪੰਜਾਬ, ਪੰਜਾਬੀਅਤ, ਪੰਜਾਬੀ ਅਤੇ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ, ਇਖ਼ਲਾਕੀ ਤੇ ਧਾਰਮਿਕ ਹੱਕਾਂ ਦੀ ਰਾਖੀ ਕਰਨ ਲਈ ਆਵਾਜ਼ ਬੁਲੰਦ ਕਰਨ ਲਈ ਸੁਰੂ ਕੀਤੇ ਗਏ ਟ੍ਰਿਬਿਊਨ ਗਰੁੱਪ ਦੀ ਛੱਬੀ ਉਹ ਪਹਿਲੇ ਵਾਲੀ ਹੈ ਜਾਂ ਸਾਜ਼ਸੀ ਢੰਗਾਂ ਰਾਹੀ ਉਸਦੀ ਅਸਲ ਸ਼ਕਲ ਮੁਤੱਸਵੀ ਸੋਚ ਵਾਲੇ ਲੋਕਾਂ ਨੇ ਵਿਗਾੜ ਦਿੱਤੀ ਹੈ ।
ਇੱਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਯੋਗਾ ਗੁਰੂ ਰਾਮਦੇਵ ਜੋ ਅਕਸਰ ਹੀ ਇਥੋ ਦੇ ਨਿਵਾਸੀਆਂ ਨੂੰ ਆਪਣੇ ਪ੍ਰਚਾਰ ਰਾਹੀ ਆਪਣੀਆਂ ਉਤਪਾਦ ਕੀਤੀਆਂ ਗਈਆਂ ਵਸਤਾਂ ਨੂੰ ਹਰ ਘਰ ਦੀ ਰੋਜਾਨਾ ਦੀ ਰਸੋਈ ਵਿਚ ਵਰਤਣ ਲਈ ਜੰਗਲੀ ਜੜ੍ਹੀ-ਬੂਟੀਆਂ ਅਤੇ ਹੋਰ ਵਸਤਾਂ ਦਾ ਹਵਾਲਾ ਦੇ ਕੇ ਵੱਡੇ ਪੱਧਰ ਤੇ ਆਪਣੀਆ ਵਸਤਾਂ ਦੀ ਵਿਕਰੀ ਕਰ ਰਿਹਾ ਹੈ, ਉਸ ਯੋਗਾ ਗੁਰੂ ਨੂੰ ਆਪ ਜੀ ਦਾ ਟ੍ਰਿਬਿਊਨ ਅਦਾਰਾ ਵੱਡੇ-ਵੱਡੇ ਇਸਤਿਹਾਰ ਦੇ ਕੇ ਉਸਦੀ ਗੁੰਮਰਾਹ ਕਰਨ ਵਾਲੀ ਦੁਕਾਨਦਾਰੀ ਨੂੰ ਹੋਰ ਪ੍ਰਫੁੱਲਿਤ ਕਰਨ ਵਿਚ ਭੂਮਿਕਾ ਨਿਭਾ ਰਿਹਾ ਹੈ । ਜਦੋਂਕਿ ਉਸ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਵਸਤਾਂ, ਯੋਗਾ ਦਵਾਈਆ ਵਿਚ ਉਹ ਮਨੁੱਖੀ ਸਰੀਰ ਦੇ ਪਿੰਜਰ ਦੀਆਂ ਹੱਡੀਆਂ ਪੀਸਕੇ ਦਵਾਈਆ ਅਤੇ ਵਸਤਾਂ ਵਿਚ ਪਾਉਣ ਦੀ ਵੀ ਗੱਲ ਸਾਹਮਣੇ ਆਈ ਹੈ । ਅਜਿਹੇ ਢੌਂਗੀ ਯੋਗਾ ਗੁਰੂ ਦੀਆਂ ਉਤਪਾਦ ਵਸਤਾਂ ਦਾ ਪ੍ਰਚਾਰ ਕਰਕੇ ਤੇ ਇਥੋਂ ਦੇ ਨਿਵਾਸੀਆਂ ਵਿਚ ਉਸਦੀ ਵਿਕਰੀ ਨੂੰ ਵਧਾਉਣ ਵਿਚ ਵੱਡਾ ਯੋਗਦਾਨ ਪਾ ਕੇ ਆਪ ਜੈਸੇ ਅਦਾਰੇ ਦੇ ਅਖ਼ਬਾਰ ਇਥੋਂ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਤੋ ਵੀ ਗੁਰੇਜ ਨਹੀਂ ਕਰ ਰਹੇ । ਇੱਥੇ ਹੀ ਬਸ ਨਹੀਂ, ਜੋ ਯੋਗਾ ਗੁਰੂ ਰਾਮਦੇਵ ਖੁੱਲ੍ਹੇਆਮ ਮੀਡੀਏ ਤੇ ਅਖ਼ਬਾਰਾਂ ਵਿਚ ਹਿੰਦੂਤਵ ਸੋਚ ਅਧੀਨ ਇਹ ਬਿਆਨਬਾਜੀ ਕਰ ਰਿਹਾ ਹੈ ਕਿ ਜੋ ਭਾਰਤ ਨਿਵਾਸੀ “ਭਾਰਤ ਮਾਤਾ ਦੀ ਜੈ” ਨਹੀਂ ਕਹੇਗਾ, ਉਹਨਾਂ ਲੱਖਾਂ ਇਨਸਾਨੀ ਜਿੰਦਗੀਆਂ ਦੇ ਸਿਰ ਕਲਮ ਕਰ ਦਿੱਤੇ ਜਾਣਗੇ । ਬਹੁਤ ਦੁੱਖ ਅਤੇ ਅਫਸੋਸ ਹੈ ਕਿ ਮੋਦੀ ਹਕੂਮਤ ਤੇ ਆਰ.ਐਸ.ਐਸ. ਵਰਗੀਆਂ ਫਿਰਕੂ ਜਮਾਤਾਂ ਜੋ ਯੋਗਾ ਗੁਰੂ ਰਾਮਦੇਵ ਦੀ ਆਪਣੇ ਸਵਾਰਥੀ ਹਿੱਤਾ ਲਈ ਸਰਪ੍ਰਸਤੀ ਕਰਦੀਆਂ ਆ ਰਹੀਆਂ ਹਨ, ਉਸ ਯੋਗਾ ਗੁਰੂ ਵੱਲੋ ਦਿੱਤੇ ਗਏ ਉਪਰੋਕਤ ਫਿਰਕੂ ਬਿਆਨਬਾਜੀ ਉਤੇ ਬੀਜੇਪੀ ਦੀ ਸੈਟਰ ਹਕੂਮਤ ਤੇ ਆਰ.ਐਸ.ਐਸ. ਵੱਲੋ ਤਾਂ ਕੀ ਕਾਰਵਾਈ ਹੋਣੀ ਹੈ, ਆਪ ਜੈਸੇ ਦਾ ਟ੍ਰਿਬਿਊਨ ਅਦਾਰਾ ਜੋ ਲੋਕਾਂ ਦੀ ਆਵਾਜ਼ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ, ਨਿਰਪੱਖਤਾ ਨਾਲ ਰਿਪੋਰਟਿੰਗ ਕਰਨ ਅਤੇ ਲੋਕ ਮਸਲਿਆ ਨੂੰ ਸਹੀ ਦਿਸ਼ਾ ਵੱਲ ਹੱਲ ਕਰਵਾਉਣ ਦੀ ਗੱਲ ਕਰਦਾ ਹੈ, ਉਸ ਅਦਾਰੇ ਵੱਲੋ ਵੀ ਯੋਗਾ ਗੁਰੂ ਰਾਮਦੇਵ ਵੱਲੋ ਦਿੱਤੇ ਗਏ ਫਿਰਕੂ ਬਿਆਨ ਵਿਰੁੱਧ ਨਾ ਤਾਂ ਕਦੀ ਕੋਈ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਨਾ ਹੀ ਕੋਈ ਟ੍ਰਿਬਿਊਨ ਅਦਾਰੇ ਵਿਚ ਲੇਖ ਲਿਖਿਆ ਗਿਆ ਹੈ ਅਤੇ ਨਾ ਹੀ ਪੰਜਾਬੀ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਖਵਾਲੀ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਮਾਤ ਦੇ ਵਿਚਾਰਾਂ ਨੂੰ ਆਪ ਦਾ ਗਰੁੱਪ ਆਪਣੇ ਤਿੰਨੇ ਅਖ਼ਬਾਰਾਂ ਵਿਚ ਪ੍ਰਕਾਸਿ਼ਤ ਕਰਨ ਲਈ ਯੋਗ ਸਥਾਂਨ ਦਿੰਦਾ ਹੈ । ਦੂਸਰਾ ਜੋ ਵੀ ਮੀਡੀਆ, ਪ੍ਰੈਸ ਅਤੇ ਅਖ਼ਬਾਰ ਜਾਂ ਜਰਨਲਿਜਮ ਦੇ ਨਿਯਮ ਹਨ, ਉਹ ਇਸ ਗੱਲ ਦੀ ਮੰਗ ਕਰਦੇ ਹਨ ਕਿ ਜਦੋ ਵੀ ਕਿਸੇ ਹਿੱਸੇ ਵਿਚ ਕਿਸੇ ਵਿਸ਼ੇਸ਼ ਸੰਗਠਨ ਜਾਂ ਆਗੂ ਵੱਲੋ ਕਿਸੇ ਦੂਸਰੀ ਕੌਮ, ਧਰਮ ਜਾਂ ਫਿਰਕੇ ਵਿਰੁੱਧ ਕੋਈ ਨਫ਼ਰਤ ਭਰਿਆ ਅਮਲ ਸਾਹਮਣੇ ਆਵੇ, ਤਾਂ ਪ੍ਰੈਸ ਦੀ ਆਜ਼ਾਦੀ ਦੇ ਨਿਯਮਾਂ ਅਧੀਨ ਤੁਰੰਤ ਅਜਿਹੀ ਗੈਰ-ਸਮਾਜੀ ਤੇ ਗੈਰ-ਵਿਧਾਨਿਕ ਕਾਰਵਾਈਆਂ ਵਿਰੁੱਧ ਪ੍ਰੈਸ ਵੱਲੋਂ ਜੋਰਦਾਰ ਖੰਡਨ ਵੀ ਹੋਣਾ ਚਾਹੀਦਾ ਹੈ ਅਤੇ ਉਸ ਵਿਰੁੱਧ ਲੇਖਾਂ ਰਾਹੀ ਇਥੋ ਦੇ ਨਿਵਾਸੀਆਂ ਨੂੰ ਸੁਚੇਤ ਵੀ ਕਰਨਾ ਚਾਹੀਦਾ ਹੈ । ਲੇਕਿਨ ਅਜਿਹਾ ਟ੍ਰਿਬਿਊਨ ਦੇ ਅਦਾਰੇ ਵੱਲੋ ਕਾਫ਼ੀ ਲੰਮੇ ਸਮੇਂ ਤੋ ਨਹੀਂ ਹੋ ਰਿਹਾ । ਫਿਰ ਕਿਵੇ ਕਿਹਾ ਜਾ ਸਕਦਾ ਹੈ ਕਿ ਟ੍ਰਿਬਿਊਨ ਅਦਾਰਾ ਜਰਨਲਿਜਮ ਦੇ ਨਿਯਮਾਂ ਅਨੁਸਾਰ ਨਿਪਰੱਖਤਾ ਨਾਲ ਆਪਣੀ ਜਿੰਮੇਵਾਰੀ ਪੂਰੀ ਕਰ ਰਿਹਾ ਹੈ ?
ਆਪ ਜੀ ਨੂੰ ਇਸ ਗੱਲ ਤੋ ਵੀ ਜਾਣੂ ਕਰਵਾਉਣਾ ਆਪਣਾ ਫਰਜ ਸਮਝਦੇ ਹਾਂ ਕਿ ਆਰ.ਐਸ.ਐਸ. ਦੇ ਮੌਜੂਦਾ ਮੁੱਖੀ ਸ੍ਰੀ ਮੋਹਨ ਭਗਵਤ ਵੱਲੋ ਵੀ ਇਹ ਬਿਆਨ ਵਾਰ-ਵਾਰ ਆ ਰਿਹਾ ਹੈ ਕਿ ਭਾਰਤ ਵਿਚ ਵੱਸਣ ਵਾਲਾ ਹਰ ਨਾਗਰਿਕ ਹਿੰਦੂ ਹੈ । ਇਹ ਬਿਆਨਬਾਜੀ ਤਾਂ ਕੱਟੜਵਾਦੀ ਹਿੰਦੂ ਸੋਚ ਨੂੰ ਮਜ਼ਬੂਤ ਕਰਨ ਵਾਲੀ, ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆ ਤੇ ਕੰਮਜੋਰ ਵਰਗਾਂ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੀ ਅਤੇ ਇਥੋ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀ ਹੈ । ਅਜਿਹੇ ਸਮੇਂ ਪ੍ਰੈਸ ਅਤੇ ਮੀਡੀਆ ਦਾ ਫਰਜ ਬਣ ਜਾਂਦਾ ਹੈ ਕਿ ਅਜਿਹੀ ਫਿਰਕੂ ਬਿਆਨਬਾਜੀ ਕਰਨ ਵਾਲੇ ਕਿਸੇ ਵੀ ਵੱਡੇ ਤੋ ਵੱਡੇ ਆਗੂ ਭਾਵੇ ਉਹ ਕਿੰਨੇ ਵੀ ਉੱਚ ਅਹੁਦੇ ਤੇ ਕਿਉਂ ਨਾ ਬੈਠਾ ਹੋਵੇ, ਉਸ ਵਿਰੁੱਧ ਸਮੁੱਚੇ ਭਾਰਤ ਵਿਚ ਨਿਖੇਧੀ ਵਾਲੀ ਰਾਏ ਬਣਾਉਣੀ ਚਾਹੀਦੀ ਹੈ ਅਤੇ ਇਥੇ ਵੱਸਣ ਵਾਲੀਆਂ ਸਭ ਕੌਮਾਂ ਤੇ ਧਰਮਾਂ ਉਤੇ ਦਬਾਅ ਪਾਉਣ ਵਾਲੇ ਅਮਲਾਂ ਨੂੰ ਤੁਰੰਤ ਰੋਕਣਾ ਬਣਦਾ ਹੈ । ਪਰ ਅਫ਼ਸੋਸ ਤੇ ਦੁੱਖ ਹੈ ਕਿ ਅਜਿਹੇ ਗੰਭੀਰ ਸਮੇਂ ਵੀ ਪ੍ਰੈਸ ਤੇ ਮੀਡੀਆ ਤੇ ਆਪ ਜੀ ਦਾ ਟ੍ਰਿਬਿਊਨ ਅਦਾਰਾ ਆਪਣੇ ਇਨਸਾਨੀ ਸਮਾਜਿਕ ਫਰਜਾਂ ਨੂੰ ਪੂਰਨ ਕਰਨ ਤੋ ਕੁਤਾਹੀ ਕਰਦਾ ਹੈ । ਜੇਕਰ ਸਾਡੇ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਿਸੇ ਅਹੁਦੇਦਾਰ ਵੱਲੋ ਕੋਈ ਗੈਰ-ਸਮਾਜੀ ਅਮਲ ਵਿਰੁੱਧ ਦਲੀਲ ਸਹਿਤ ਬਿਆਨ ਦਿੱਤਾ ਜਾਂਦਾ ਹੈ ਤਾਂ ਅਕਸਰ ਹੀ ਆਪ ਜੀ ਦੇ ਟ੍ਰਿਬਿਊਨ ਗਰੁੱਪ ਵੱਲੋ ਉਸ ਨੂੰ ਜਾਂ ਤਾਂ ਪ੍ਰਕਾਸਿਤ ਹੀ ਨਹੀਂ ਕੀਤਾ ਜਾਂਦਾ ਜਾਂ ਫਿਰ ਉਸ ਬਿਆਨ ਦੀ ਅਸਲ ਆਤਮਾ ਕੱਢਕੇ 4 ਲਾਈਨਾਂ ਵਿਚ ਗੱਲ ਮੁਕਾ ਦਿੱਤੀ ਜਾਂਦੀ ਹੈ । ਇਹ ਵੀ ਤਾਂ ਪੱਖਪਾਤੀ ਅਮਲ ਹਨ । ਜਿਸ ਉਤੇ ਆਪ ਜੀ ਨੂੰ ਤੇ ਆਪ ਜੀ ਦੇ ਟ੍ਰਿਬਿਊਨ ਅਦਾਰੇ ਦੇ ਟਰੱਸਟੀਆ ਨੂੰ ਗੰਭੀਰਤਾ ਨਾਲ ਗੌਰ ਕਰਕੇ ਆਪਣੇ ਕੰਮ ਕਰਨ ਦੇ ਢੰਗ ਵਿਚ ਤਬਦੀਲੀ ਕਰਦੇ ਹੋਏ ਨਿਰਪੱਖਤਾ ਤੇ ਆਜ਼ਾਦੀ ਨਾਲ ਰਿਪੋਰਟਿੰਗ ਕਰਨੀ ਪਵੇਗੀ । ਵਰਨਾ ਦਿਨ-ਬ-ਦਿਨ ਆਪ ਜੀ ਦੇ ਟ੍ਰਿਬਿਊਨ ਅਦਾਰੇ ਦੀ ਸਾਖ ਪੰਜਾਬੀਆਂ ਤੇ ਸਿੱਖ ਕੌਮ ਵਿਚ ਮਨਫ਼ੀ ਹੁੰਦੀ ਆ ਰਹੀ ਹੈ ਤੇ ਇਸ ਅਦਾਰੇ ਤੋ ਪੰਜਾਬੀਆਂ ਤੇ ਸਿੱਖ ਕੌਮ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ । ਜੋ ਕਿ ਟ੍ਰਿਬਿਊਨ ਅਦਾਰੇ ਪ੍ਰੈਸ ਤੇ ਮੀਡੀਏ ਦੀ ਆਜ਼ਾਦੀ ਤੇ ਨਿਰਪੱਖਤਾ ਲਈ ਕਤਈ ਵੀ ਲਾਹੇਵੰਦ ਸਾਬਤ ਨਹੀਂ ਹੋ ਸਕੇਗਾ ।
ਸਾਨੂੰ ਇਹ ਵੀ ਜਾਣਕੇ ਗਹਿਰਾ ਦੁੱਖ ਹੋਇਆ ਹੈ ਕਿ ਆਪ ਜੀ ਵੱਲੋ ਮਿਤੀ 12 ਫਰਵਰੀ 2017 ਦੇ ਐਤਵਾਰ ਦੇ ਅੰਗਰੇਜੀ ਟ੍ਰਿਬਿਊਨ ਵਿਚ ਜੋ “A time to seek ‘closure’ 1984” 1984” ਦੇ ਦਿੱਲੀ ਤੇ ਹੋਰ ਸਥਾਨਾਂ ਤੇ ਹੋਏ ਸਿੱਖ ਕਤਲੇਆਮ ਬਾਰੇ ਲੇਖ ਲਿਖਿਆ ਗਿਆ ਹੈ ਅਤੇ ਜਿਸ ਵਿਚ ਆਪ ਜੀ ਨੇ ਸਮੁੱਚੀ ਸਿੱਖ ਕੌਮ ਤੇ ਹੋਰਨਾਂ ਨੂੰ 1984 ਵਿਚ ਭਾਰਤ ਦੀ ਹਿੰਦੂਤਵ ਹਕੂਮਤ ਵੱਲੋ ਡੂੰਘੀ ਸਾਜਿ਼ਸ ਤਹਿਤ ਸਿੱਖਾਂ ਦੇ ਕੀਤੇ ਗਏ ਕਤਲੇਆਮ, ਜਿਸ ਵਿਚ ਬਹੁਤ ਹੀ ਬੇਰਹਿੰਮੀ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਮਾਸੂਮ ਬੱਚੇ ਬੀਬੀਆਂ, ਨੌਜ਼ਵਾਨ ਅਤੇ ਬਜੁਰਗਾਂ ਨੂੰ ਕੋਹ-ਕੋਹ ਕੇ ਕਤਲ ਕਰ ਦਿੱਤਾ ਗਿਆ, ਗਲਾਂ ਵਿਚ ਟਾਇਰ ਪਾ ਕੇ ਪੈਟ੍ਰੋਲ ਛਿੜਕ ਕੇ ਸਿੱਖਾਂ ਨੂੰ ਅਤਿ ਅਣਮਨੁੱਖੀ ਤੇ ਗੈਰ-ਇਨਸਾਨੀ ਢੰਗਾਂ ਰਾਹੀ ਦਿੱਲੀ ਦੀਆਂ ਗਲੀਆਂ ਤੇ ਸੜਕਾਂ ਵਿਚ ਖ਼ਤਮ ਕੀਤਾ ਗਿਆ । ਸਿੱਖਾਂ ਦੇ ਕਾਰੋਬਾਰਾਂ ਨੂੰ ਲੁੱਟਿਆ ਗਿਆ । ਬੀਬੀਆਂ ਨਾਲ ਬੇ-ਪੱਤੀਆ ਕੀਤੀਆ ਗਈਆ । ਉਸ ਕਤਲੇਆਮ ਦੇ ਦੋਸ਼ੀਆਂ ਨੂੰ ਭਾਰਤ ਦੇ ਕਾਨੂੰਨ, ਅਦਾਲਤਾਂ, ਜੱਜਾਂ ਨੇ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆ ਬਲਕਿ ਬਹੁਤੇ ਕਾਤਲਾਂ ਨੂੰ ਹੁਕਮਰਾਨਾਂ ਵੱਲੋ ਅੱਜ ਵੀ ਬਚਾਉਣ ਦੇ ਯਤਨ ਹੋ ਰਹੇ ਹਨ । ਉਸ ਅਤਿ ਦੁੱਖਦਾਇਕ ਅਤੇ ਦਰਿੰਦਗੀ ਵਾਲੇ ਅਣਮਨੁੱਖੀ ਹੋਏ ਜੁਲਮ ਨੂੰ ਆਪ ਜੀ ਆਪਣੇ ਲੇਖ ਵਿਚ ਸਿੱਖ ਕੌਮ ਨੂੰ ਸੁਬੋਧਿਤ ਹੁੰਦੇ ਹੋਏ ਕਹਿ ਰਹੇ ਹੋ ਕਿ 1984 ਦੇ ਕਤਲੇਆਮ ਅਤੇ ਦੁਖਾਂਤ ਵਾਲੇ ਚੈਪਟਰ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ । ਅਸੀਂ ਆਪ ਜੀ ਨੂੰ ਸਤਿਕਾਰ ਸਹਿਤ ਪੁੱਛਣਾ ਚਾਹਵਾਂਗੇ ਕਿ ਭਾਰਤ ਦੇ ਵਿਧਾਨ ਦੇ ਕਾਨੂੰਨ ਮੁਤਾਬਿਕ ਜੇ ਇਕ ਕਾਤਲ ਨੂੰ ਫ਼ਾਂਸੀ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ, ਤਾਂ ਸਿੱਖ ਕੌਮ ਦੇ ਕਾਤਲਾਂ ਨੂੰ ਉਸੇ ਕਾਨੂੰਨ ਤੇ ਵਿਧਾਨ ਅਨੁਸਾਰ ਬਰਾਬਰ ਦੀਆਂ ਬਣਦੀਆਂ ਸਜ਼ਾਵਾਂ ਦੇਣ ਤੋ ਹੁਕਮਰਾਨ, ਸਿਆਸਤਦਾਨ, ਹਿੰਦੂਤਵ ਸੰਗਠਨ ਤੇ ਆਪ ਜੈਸੇ ਵਿਦਵਾਨ ਕਿਉਂ ਭੱਜ ਰਹੇ ਹਨ ? ਇਹ ਕਿਥੋ ਦਾ ਇਨਸਾਫ਼ ਹੈ ਕਿ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਕਰਨ ਦੀ ਬਜਾਇ ਹੁਣ ਉਸ ਦੁਖਾਤਿਕ ਮੁੱਦੇ ਨੂੰ ਭੁੱਲ ਜਾਣ ਦੀਆਂ ਜਾਂ ਚੈਪਟਰ ਨੂੰ ਬੰਦ ਕਰਨ ਦੀਆਂ ਸਲਾਹਾਂ ਦਿੱਤੀਆ ਜਾ ਰਹੀਆਂ ਹਨ ? ਉਹ ਵੀ ਇਕ ਆਪ ਜੈਸੇ ਮੁੱਖ ਸੰਪਾਦਕ ਦਾ ਟ੍ਰਿਬਿਊਨ ਗਰੁੱਪ ਅਤੇ ਹੋਰ ਕਈ ਲੇਖਕਾਂ ਤੇ ਜਰਨਲਿਸਟਾਂ ਵੱਲੋ । ਸਿੱਖ ਕੌਮ 1984 ਦੇ ਕਤਲੇਆਮ ਅਤੇ 1984 ਵਿਚ ਹੋਏ ਬਲਿਊ ਸਟਾਰ ਦੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਨੂੰ ਕਤਈ ਨਹੀਂ ਭੁੱਲ ਸਕਦੀ । ਜਦੋਂ ਤੱਕ ਇਥੋ ਦੇ ਹੁਕਮਰਾਨ, ਸਿਆਸਤਦਾਨ, ਅਦਾਲਤਾਂ ਤੇ ਕਾਨੂੰਨ ਤੇ ਵਿਦਵਾਨ ਇਨਸਾਫ਼ ਦੇ ਤਕਾਜੇ ਨੂੰ ਮੁੱਖ ਰੱਖਕੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਦਿਵਾਉਦੇ । ਉਸ ਸਮੇਂ ਤੱਕ ਸਿੱਖ ਕੌਮ ਕਤਈ ਵੀ ਸੰਤੁਸਟ ਨਹੀਂ ਹੋ ਸਕੇਗੀ । ਦੂਸਰਾ ਯੋਗਾ ਗੁਰੂ ਰਾਮਦੇਵ ਵਰਗੇ ਜਿਨ੍ਹਾਂ ਵੱਲੋਂ ਸਮੁੱਚੇ ਭਾਰਤ ਨਿਵਾਸੀਆਂ ਤੋਂ ਭਾਰਤ ਮਾਤਾ ਦੀ ਜੈ ਕਹਾਉਣ ਤੋ ਨਾਹ ਕਰਨ ਵਾਲਿਆ ਦੇ ਸਿਰ ਕਲਮ ਕਰ ਦੇਣ ਜਾਂ ਫਿਰ ਸ੍ਰੀ ਭਗਵਤ ਵੱਲੋ ਸਾਰੇ ਭਾਰਤ ਨਿਵਾਸੀਆਂ ਨੂੰ ਜ਼ਬਰੀ ਹਿੰਦੂ ਕਰਾਰ ਦੇਣ ਦੇ ਮਾਮਲਿਆ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਅਜਿਹੀਆ ਕਾਰਵਾਈਆ ਵਿਰੁੱਧ ਆਪ ਜੈਸੇ ਲੇਖਕਾਂ ਤੇ ਵਿਦਵਾਨਾਂ ਵੱਲੋ ਨਿਰਪੱਖਤਾ ਨਾਲ ਆਵਾਜ਼ ਉਠਾਉਦੇ ਹੋਏ ਭਾਰਤ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ, ਕਬੀਲਿਆ, ਫਿਰਕਿਆ ਦੇ ਮਨ ਵਿਚ ਬਹੁਗਿਣਤੀ ਹਿੰਦੂ ਆਗੂਆਂ ਜਾਂ ਸਿਆਸਤਦਾਨਾਂ ਵੱਲੋ ਫਿਰਕੂ ਬਿਆਨਬਾਜੀ ਕਰਕੇ ਪਾਈ ਜਾ ਰਹੀ ਦਹਿਸਤ ਨੂੰ ਪੂਰੀ ਜਿੰਮੇਵਾਰੀ ਨਾਲ ਰੋਕਣਾ ਅਤੇ ਇਥੋ ਦੇ ਮਾਹੌਲ ਨੂੰ ਅਮਨਮਈ ਰੱਖਣਾ ਵੀ ਆਪ ਜੀ ਦੀ ਜਿੰਮੇਵਾਰੀ ਬਣਦੀ ਹੈ ।
ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਸਿੱਖ ਕੌਮ ਦੀਆਂ ਅੰਤਰੀਵ ਭਾਵਨਾਵਾਂ ਨੂੰ ਸਮਝਦੇ ਹੋਏ ਜਿਥੇ 1984 ਦੇ ਦੁਖਾਂਤ ਨੂੰ ਭੁੱਲ ਜਾਣ ਦੀ ਗੱਲ ਕਰਨ ਦੀ ਬਜਾਇ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਲਈ ਅਮਲੀ ਰੂਪ ਵਿਚ ਕੰਮ ਕਰੋਗੇ ਅਤੇ ਸਮੁੱਚੇ ਭਾਰਤ ਵਿਚ ਰਾਏ ਬਣਾਉਗੇ, ਉਥੇ ਰਾਮਦੇਵ ਤੇ ਮੋਹਨ ਭਗਵਤ ਵਰਗੇ ਫਿਰਕੂ ਆਗੂਆਂ ਵੱਲੋ ਇਥੇ ਵੱਸਣ ਵਾਲੀਆਂ ਕੌਮਾਂ ਤੇ ਧਰਮਾਂ ਵਿਚ ਉਤਪੰਨ ਕੀਤੀ ਜਾ ਰਹੀ ਨਫ਼ਰਤ ਨੂੰ ਰੋਕਣ ਲਈ ਉਚੇਚੇ ਤੌਰ ਤੇ ਉਦਮ ਕਰਨ ਦੇ ਨਾਲ-ਨਾਲ ਆਪਣੇ ਟ੍ਰਿਬਿਊਨ ਅਦਾਰੇ ਦੇ ਤਿੰਨੇ ਅਖ਼ਬਾਰਾਂ ਅੰਗਰੇਜੀ ਟ੍ਰਿਬਿਊਨ, ਪੰਜਾਬੀ ਟ੍ਰਿਬਿਊਨ ਤੇ ਹਿੰਦੀ ਟ੍ਰਿਬਿਊਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਦੀ ਸਟੇਟ ਪਾਰਟੀ, ਜਿਸ ਵੱਲੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਪੰਜਾਬ ਨੂੰ ਇਨਸਾਫ਼ ਦਿਵਾਉਣ ਲਈ ਲੰਮੇ ਸਮੇ ਤੋ ਪੂਰੀ ਦ੍ਰਿੜਤਾ ਨਾਲ ਸੰਘਰਸ਼ ਕੀਤਾ ਜਾਂਦਾ ਆ ਰਿਹਾ ਹੈ, ਉਸਦੀ ਆਵਾਜ਼ ਨੂੰ ਅਤੇ ਨੀਤੀਆਂ ਨੂੰ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਸਹੀ ਸਥਾਂਨ ਤੇ ਜਗ੍ਹਾ ਦੇ ਕੇ ਪ੍ਰਕਾਸਿ਼ਤ ਕਰਨ ਦੀ ਨਿਰਪੱਖਤਾ ਨਾਲ ਜਿੰਮੇਵਾਰੀ ਵੀ ਨਿਭਾਉਗੇ । ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ ।
ਪੂਰਨ ਸਤਿਕਾਰ ਤੇ ਉਮੀਦ ਸਹਿਤ,
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,