ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ੇਵਰ ਠੱਗ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਸਰਨਾ ਦੇ ਖਿਲਾਫ਼ ਠੱਗੀ ਦੇ ਇੱਕ ਮਾਮਲੇ ਵਿਚ ਤੀਸਹਜ਼ਾਰੀ ਕੋਰਟ ਦੇ ਜੱਜ ਅਜੈਯ ਕੁਮਾਰ ਮਲਿਕ ਵੱਲੋਂ 15 ਫਰਵਰੀ 2017 ਨੂੰ ਸਰਨਾ ਨੂੰ ਸੰਮਨ ਜਾਰੀ ਕਰਨ ਦੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ’ਤੇ ਚਲਦੇ 2 ਉੱਚ ਵਿਦਿਅਕ ਅਦਾਰਿਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਚਲਾਉਣ ਦੀ ਮੰਜੂਰੀ ਡੀ.ਡੀ.ਏ. ਵੱਲੋਂ ਦੇਣ ਦੀ ਫਰਜੀ ਐਨ.ਓ.ਸੀ. ਦੇ ਕੇ ਸਰਨਾ ਨੇ ਪੰਥ ਧ੍ਰੋਹ ਦਾ ਕਾਰਜ ਕੀਤਾ ਸੀ। ਰਾਜੌਰੀ ਗਾਰਡਨ ਥਾਣੇ ਵਿਚ ਸ਼੍ਰੋਮਣੀ ਫਤਹਿ ਦਲ ਖਾਲਸਾ ਦੇ ਪ੍ਰਧਾਨ ਟੀ.ਪੀ. ਸਿੰਘ ਵੱਲੋਂ 353/12 ਨੰਬਰ ਐਫ.ਆਈ.ਆਰ. ਦਰਜ਼ ਕਰਵਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਸੰਬੰਧੀ ਦਿੱਲੀ ਪੁਲਿਸ ਵੱਲੋਂ ਅਦਾਲਤ ਵਿਚ ਦਰਜ਼ ਕਰਵਾਈ ਗਈ ਚਾਰਜ਼ਸ਼ੀਟ ਵਿਚ ਪਰਮਜੀਤ ਸਿੰਘ ਸਰਨਾ ਦਾ ਨਾਂ ਮੁੱਖ ਮੁਲਜ਼ਮ ਦੇ ਰੂਪ ਵਿਚ ਸ਼ਾਮਿਲ ਹੋਣ ਦੀ ਵੀ ਗੱਲ ਕੀਤੀ।
ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਪਾੱਲੀਟੈਕਨਿਕ ਅਤੇ ਇੰਜੀਨੀਅਰਿੰਗ ਅਦਾਰੇ ਨੂੰ ਇਸ ਸਾਲ ਜੇਕਰ ਦਾਖਿਲੇ ਲਈ ਸੀਟੇ ਨਹੀਂ ਮਿਲੀ ਤਾਂ ਉਸਦਾ ਸਭ ਤੋਂ ਵੱਡਾ ਕਾਰਨ ਇਹ ਫਰਜ਼ੀ ਐਨ.ਓ.ਸੀ. ਸੀ। ਸਿਰਸਾ ਨੇ ਕਿਹਾ ਕਿ ਹੁਣ ਇੱਕ ਗੱਲ ਸਾਫ਼ ਹੋ ਗਈ ਹੈ ਕਿ ਸਰਨਾ ਨੂੰ ਜੇਲ ਜਾਣ ਤੋਂ ਬਚਣ ਲਈ ਜਮਾਨਤ ਕਰਵਾਉਣ ਦੀ ਲੋੜ ਪਵੇਗੀ। ਇਨ੍ਹਾਂ ਅਦਾਰਿਆਂ ਵਿਚ ਕੋਰਸ ਬੰਦ ਕਰਵਾਉਣ ਦੇ ਲਈ ਸਰਨਾ ਵੱਲੋਂ ਆਪਣੇ ਕਾਰਜਕਾਲ ਵਿਚ ਜਾਰੀ ਕੀਤੀ ਗਈ ਚਿੱਠੀ ਨੂੰ ਵੀ ਸਿਰਸਾ ਨੇ ਜਨਤਕ ਕੀਤਾ। ਸਿਰਸਾ ਨੇ ਸਰਨਾ ਦੀ ਕਮੇਟੀ ਐਫ.ਡੀ.ਆਰ. ਬਾਰੇ ਧਾਰੀ ਚੁੱਪ ’ਤੇ ਵੀ ਸਵਾਲ ਚੁੱਕੇ। ਸਿਰਸਾ ਨੇ ਦਾਅਵਾ ਕੀਤਾ ਕਿ ਸਰਨਾ ਨੂੰ ਜੇਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ।