ਚੰਡੀਗੜ੍ਹ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ, ਹਰਿਆਣਾ ਸੂਬੇ ਦੇ ਆਪਸੀ ਭਰਾਤਰੀ ਵਾਲੇ ਮਹੌਲ ਨੂੰ ਬਿਲਕੁਲ ਵੀ ਨੁਕਸਾਨ ਪਹੁੰਚਾਉਣ ਜਾਂ ਦੋਵਾਂ ਸੂਬਿਆਂ ਦੇ ਨਿਵਾਸੀਆਂ ਵਿਚ ਛੋਟੀਆਂ ਛੋਟੀਆਂ ਗੱਲਾਂ ਨੂੰ ਉਛਾਲ ਕੇ ਨਫ਼ਰਤ ਪੈਦਾ ਕਰਨ ਅਤੇ ਦੋਵੇਂ ਸੂਬਿਆਂ ਦੀ ਮਾਲੀ ਹਾਲਤ ਨੂੰ ਨੁਕਸਾਨ ਪਹੁੰਚਾਉਣ ਦੇ ਬਿਲਕੁਲ ਹੱਕ ਵਿਚ ਨਹੀਂ ਹੈ। ਜੋ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਿਆਸੀ ਪਾਰਟੀ ਦੇ ਆਗੂ ਸ਼੍ਰੀ ਅਭੈ ਸਿੰਘ ਚੌਟਾਲਾ ਵੱਲੋਂ ਰੀਪੇਰੀਅਨ ਕਾਨੂੰਨ ਨੂੰ ਨਜ਼ਰਅੰਦਾਜ਼ ਕਰਕੇ ਐਸ ਵਾਈ ਐਲ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਉੱਤੇ 23 ਫਰਵਰੀ ਨੂੰ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਅਜਿਹੀਆਂ ਕਾਰਵਾਈਆਂ ਨਾਲ ਸ਼੍ਰੀ ਅਭੈ ਸਿੰਘ ਚੌਟਾਲਾ ਜਾਂ ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ ਸੂਬੇ ਦੇ ਹੱਕ ਵਿਚ ਕੋਈ ਪ੍ਰਾਪਤੀ ਨਹੀਂ ਕਰ ਸਕੇਗਾ, ਬਲਕਿ ਅਜਿਹੇ ਅਮਲ ਦੋਵਾਂ ਸੂਬਿਆਂ ਦੀ ਅਮਨਮਈ ਅਤੇ ਕਾਨੂੰਨੀਂ ਵਿਵਸਥਾ ਨੂੰ ਡਾਵਾਂਡੋਲ ਕਰਨ ਵਾਲੀ ਸਾਬਿਤ ਹੋਵੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ਼੍ਰੀ ਅਭੈ ਸਿੰਘ ਚੌਟਾਲਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੀ ਸਿਆਸੀ ਪਾਰਟੀ ਨੂੰ ਇਨਸਾਨੀ, ਸਮਾਜਿਕ ਅਤੇ ਮਾਲੀ ਮੁੱਦਿਆਂ ਉਤੇ ਇਹ ਸੁਝਾਅ ਦੇਣਾ ਆਪਣਾ ਇਖਲਾਕੀ ਫਰਜ਼ ਸਮਝਦਾ ਹੈ ਕਿ ਉਹ ਪੰਜਾਬ ਸੂਬੇ ਜਾਂ ਪੰਜਾਬ ਨਿਵਾਸੀਆਂ ਨਾਲ ਕਿਸੇ ਤਰ੍ਹਾਂ ਦਾ ਮੱਥਾ ਲਗਾਉਣ ਦੀ ਬਜਾਏ ਜੇਕਰ ਉਹ ਆਪਣੇ ਸੂਬੇ ਦੇ ਜਿ਼ਲ੍ਹੇ ਹਿਸਾਰ, ਰੋਹਤਕ, ਗੁੜਗਾਓਂ ਆਦਿ ਦੇ ਨਾਲ ਨਾਲ ਆਗਰਾ ਡਵੀਜ਼ਨ, ਭਰਤਪੁਰ ਡਵੀਜ਼ਨ, ਮੇਰਠ ਡਵੀਜ਼ਨ ਅਤੇ ਸਹਾਰਨਪੁਰ ਡਵੀਜ਼ਨ ਨੂੰ ਆਪਣੀ ਹਰਿਆਣਾ ਦੀ ਸਿਆਸੀ ਤਾਕਤ ਅਤੇ ਲੋਕ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਏ ਉਪਰੋਕਤ ਡਵੀਜ਼ਨਾਂ ਅਤੇ ਇਲਾਕਿਆਂ ਨੂੰ ਹਰਿਆਣਾ ਵਿਚ ਸ਼ਾਮਿਲ ਕਰਵਾਉਣ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋ ਜ਼ਹਿਦ ਸ਼ੁਰੂ ਕਰਨ ਤਾਂ ਉਹ ਜਿੱਥੇ ਇਹ ਇਲਾਕੇ ਹਰਿਆਣਾ ਵਿਚ ਸ਼ਾਮਿਲ ਕਰਕੇ ਹਰਿਆਣਾ ਨੂੰ ਵੱਡਾ ਖੁੱਲ੍ਹਾ ਸੂਬਾ ਬਣਾਉਣ ਵਿਚ ਕਾਮਯਾਬ ਹੋ ਜਾਣਗੇ, ਉੱਥੇ ਹਰਿਆਣਾ , ਦਿੱਲੀ ਅਤੇ ਹੋਰ ਸੂਬਿਆਂ ਦੇ ਨਾਲ ਲੱਗਦੀਆਂ ਗੰਗਾ ਅਤੇ ਯਮੁਨਾ ਨਦੀਆਂ ਦੇ ਪਾਣੀਆਂ ਨੂੰ ਰੀਪੇਰੀਅਨ ਕਾਨੂੰਨ ਅਨੁਸਾਰ ਹਰਿਆਣਾ ਦਾ ਹੱਕ ਪ੍ਰਦਾਨ ਕਰਨ ਵਿਚ ਜ਼ਰੂਰ ਕਾਮਯਾਬ ਹੋਣਗੇ। ਅਜਿਹੇ ਅਮਲਾਂ ਨਾਲ ਹਰਿਆਣਾ ਸੂਬੇ ਨੂੰ ਅਤੇ ਉੱਥੋਂ ਦੇ ਜਿੰਮੀਦਾਰਾਂ ਅਤੇ ਹੋਰਨਾਂ ਨੂੰ ਪਾਣੀ ਦੀ ਕੋਈ ਕਮੀ ਨਹੀਨ ਰਹੇਗੀ। ਦੂਸਰਾ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਬਿਨ੍ਹਾਂ ਵਜ੍ਹਾ ਬੇਨਤੀਜਾ ਨਫ਼ਰਤ ਉਤਪੰਨ ਕਰਨ ਤੋਂ ਵੀ ਬਚ ਜਾਣਗੇ।”
ਇਹ ਸੁਝਾਅ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਅਭੈ ਸਿੰਘ ਚੌਟਾਲਾ ਅਤੇ ਉਹਨਾਂ ਦੀ ਇੰਡੀਅਨ ਨੈਸ਼ਨਲ ਲੋਕ ਦਲ ਦੀ ਪਾਰਟੀ ਨੂੰ ਬਾਦਲੀਲ ਅਤੇ ਦੋਵੇਂ ਸੂਬਿਆਂ ਦੀ ਅਤੇ ਉੱਥੋਂ ਦੇ ਨਿਵਾਸੀਆਂ ਦੀ ਬੇਹਤਰੀ ਕਰਨ ਅਤੇ ਦੋਵੇਂ ਸੂਬਿਆਂ ਦੀ ਆਜ਼ਾਦਾਨਾ ਤੌਰ ‘ਤੇ ਮਾਲੀ ਹਾਲਤ ਨੂੰ ਮਜ਼ਬੂਤ ਕਰਨ ਦੀ ਨੇਕ ਰਾਇ ਦਿੰਦੇ ਹੋਏ ਅਤੇ ਸ਼੍ਰੀ ਅਭੈ ਚੌਟਾਲਾ ਨੂੰ ਅਸੈ ਵਾਈ ਐਲ ਦੇ ਪੰਜਾਬ ਦੇ ਪਾਣੀਆਂ ਉਤੇ ਬਿਨ੍ਹਾਂ ਕਿਸੇ ਦਲੀਲ ਦੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੰਦ ਕਰਨ ਦੀ ਗੁਜਾਰਿਸ਼ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਪੰਜਾਬੀ ਬੋਲਦੇ ਇਲਾਕੇ ਸਿਰਸਾ, ਯਮਨਾਨਗਰ, ਅੰਬਾਲਾ, ਪੰਚਕੂਲਾ ਅਤੇ ਹਿਮਾਚਲ ਦੇ ਪਜਾਬੀ ਬੋਲਦੇ ਇਲਾਕੇ ਇਸੇ ਤਰ੍ਹਾਂ ਪੰਜਾਬ ਵਿਚ ਸ਼ਾਮਿਲ ਕਰਨ ਲਈ ਜੇਕਰ ਉਹ ਖੁੱਲ੍ਹਦਿਲੀ ਨਾਲ ਅਮਲ ਕਰਦੇ ਹੋਏ ਮਨੁੱਖਤਾ ਦੀ ਬੇਹਤਰੀ ਲਈ ਉੱਦਮ ਕਰਨ, ਅਜਿਹੇ ਅਮਲਾਂ ਨਾਲ ਦੋਵੇਂ ਸੂਬਿਆਂ ਦੇ ਪਾਣੀਆਂ ਦੀ ਵੱਡੀ ਕੀਮਤੀ ਲੋੜ ਵੀ ਪੂਰੀ ਹੋ ਜਾਵੇਗੀ ਅਤੇ ਮਾਲੀ ਤੌਰ ‘ਤੇ ਸਾਧਨਾਂ ਦੇ ਵਧਣ ਵਾਲ ਦੋਵੇਂ ਸੂਬੇ ਵੀ ਮਜਬੂਤ ਹੋ ਜਾਣਗੇ ਅਤੇ ਜੋ ਕੌਮੀ ਪਾਰਟੀਆਂ ਦੋਵੇਂ ਸੂਬਿਆਂ ਦੇ ਗੰਭੀਰ ਮੁੱਦਿਆਂ ਨੂੰ ਹਵਾ ਦੇ ਕੇ ਆਪੋ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਅਤੇ ਦੋਵੇਂ ਸੂਬਿਆਂ ਦੇ ਜਾਨੀ ਮਾਲੀ ਨੁਕਸਾਨ ਕਰਾਉਣ ਦੀਆਂ ਸਾਜਿਸ਼ਾਂ ਕਰਦੇ ਹਨ, ਉਹ ਵੀ ਅਸਫ਼ਲ ਹੋ ਜਾਣਗੇ। ਸ.ਮਾਨ ਨੇ ਸ਼੍ਰੀ ਚੌਟਾਲਾ ਨੂੰ ਇਕ ਹੋਰ ਗੰਭੀਰ ਮੁੱਦੇ ਉਤੇ ਧਿਆਨ ਖਿੱਚਦੇ ਹੋਏ ਕਿਹਾ ਕਿ ਜਦੋਂ ਉਹ ਐਸ ਵਾਈ ਐਲ ਜਾਂ ਹਰਿਆਣਾ ਲਈ ਪਾਣੀਆਂ ਦੀ ਗੱਲ ਕਰਦੇ ਹਨ ਤਾਂ ਉਹਨਾਂ ਦੇ ਲੰਮੇ ਸਮੇਂ ਤੋਂ ਰਿਸ਼ਤੇਦਾਰੀ ਵਿਚ ਬਣੇ ਚਾਚਾ ਸ. ਪ੍ਰਕਾਸ਼ ਸਿੰਘ ਬਾਦਲ ਜਿਹਨਾਂ ਦਾ ਮੌਜੂਦਾ ਮੋਦੀ ਹਕੂਮਤ ਨਾਲ ਡੂੰਘਾ ਰਿਸ਼ਤਾ ਹੈ ਅਤੇ ਜੋ ਜੇਕਰ ਚਾਹੁਣ ਤਾਂ ਅਜਿਹੇ ਮੁੱਦਿਆਂ ਨੂੰ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਹੱਲ ਕਰ ਸਕਦੇ ਹਨ, ਉਹ ਤਾਂ ਅਜਿਹੇ ਗੰਭੀਰ ਸਮੇਂ ਆਪਣੇ ਇਲਾਜ ਦਾ ਬਹਾਨਾਂ ਬਣਾ ਕੇ ਅਮਰੀਕਾ ਭੱਜ ਗਏ ਹਨ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਪੰਜਾਬ ਹਰਿਆਣਾ ਦੀ ਧਰਤੀ ‘ਤੇ ਕੋਈ ਉੱਘ ਸੁੱਘ ਨਹੀਂ ਕਿ ਉਹ ਕਿੱਥੇ ਰੁਪੋਸ਼ ਹੋ ਗਏ ਹਨ? ਉਹਨਾਂ ਦੀ ਗੈਰ ਹਾਜਰੀ ਵਿਚ ਸੈਂਟਰ ਹਕੂਮਤ ਨੂੰ ਆਪਣੇ ਤੌਰ ‘ਤੇ ਪੰਜਾਬ ਜਾਂ ਹਰਿਆਣਾ ਵਿਰੋਧੀ ਫੈਸਲੇ ਕਰਨ ਦਾ ਕੀ ਮੌਕਾ ਨਹੀਂ ਦਿੱਤਾ ਜਾ ਰਿਹਾ?
ਇਸ ਲਈ ਅਸੀਂ ਇਹ ਸਮੁੱਚੇ ਉਪਰੋਕਤ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੀ ਅਭੈ ਚੌਟਾਲਾ ਨੂੰ ਨੇਕ ਮਸ਼ਵਰਾ ਦੇਵਾਂਗੇ ਕਿ ਉਹ ਆਪਣੇ ਹਰਿਆਣਾ ਸਟੇਟ ਨੂੰ ਵੱਡਾ ਕਰਨ ਅਤੇ ਉੱਥੋਂ ਦੇ ਪਾਣੀਆਂ ਦੇ ਮਸਲੇ ਨੂੰ ਹੱਲ ਕਰਨ ਲਈ ਉੱਦਮ ਕਰਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਹਨਾਂ ਦੇ ਇਸ ਸੂਬੇ ਦੇ ਮਿਸ਼ਨ ਵਿਚ ਵੱਡੇ ਛੋਟੇ ਭਰਾਵਾਂ ਦੀ ਤਰ੍ਹਾਂ ਸਹਿਯੋਗ ਕਰੇਗ ਅਤੇ ਉਹ ਵੀ ਪੰਜਾਬ ਸੂਬੇ ਦੇ ਹੱਕ ਹਕੂਕਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸੂਬੇ ਦੀ ਪ੍ਰਫੁੱਲਤਾ ਅਤੇ ਰੀਪੇਰੀਅਨ ਕਾਨੂੰਨ ਅਨੁਸਾਰ ਪਾਣੀਆਂ ਦੇ ਮਸਲੇ ਵਿਚ ਬਿਨ੍ਹਾਂ ਵਜ੍ਹਾ ਰੁਕਾਵਟ ਨਾ ਪਾਉਣ ਤਾਂ ਬੇਹਤਰ ਹੋਵੇਗਾ ਅਤੇ ਦੋਵੇਂ ਸੂਬੇ ਅਤੇ ਇੱਥੋਂ ਦੇ ਨਿਵਾਸੀ ਖੁਸ਼ਹਾਲ ਹੋ ਸਕਣਗੇ।