ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਵਿਚ ਜਸਵੰਤ ਸਿੰਘ ਦਾ ਵਿਵਾਦ ਅਜੇ ਖ਼ਤਮ ਨਹੀਂ ਹੋਇਆ। ਲੇਕਨ ਬੀਜੇਪੀ ਆਲਾ ਕਮਾਨ ਦੀਆਂ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਪਾਰਟੀ ਵਿਚ ਛਿੜੀ ਜੰਗ ਰੁਕਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਜਿਨਾਹ ਕਾਂਡ ਸਬੰਧੀ ਜਸਵੰਤ ਸਿੰਘ ਨੂੰ ਪਾਰਟੀ ਚੋਂ ਕੱਢੇ ਜਾਣ ਤੋਂ ਬਾਅਦ ਆਸ ਕੀਤੀ ਜਾ ਰਹੀ ਸੀ ਕਿ ਪਾਰਟੀ ਦੇ ਲੀਡਰ ਅਨੁਸ਼ਾਸਨ ਵਿਚ ਆ ਜਾਣਗੇ, ਪਰੰਤੂ ਹੁਣ ਸਾਬਕਾ ਵਿਨਿਵੇਸ਼ ਮੰਤਰੀ ਅਰੁਣ ਸ਼ੋਰੀ ਨੇ ਬੀਜੇਪੀ ਅਤੇ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ‘ਤੇ ਹਮਲਾ ਬੋਲ ਦਿੱਤਾ ਹੈ।
ਸ਼ੋਰੀ ਨੇ ਇਕ ਨਿਊਜ਼ ਚੈਨਲ ਐਨਡੀਟੀਵੀ ਨਾਲ ਗੱਲਬਾਤ ਦੌਰਾਨ ਬੀਜੇਪੀ ਨੂੰ ਕੱਟੀ ਪਤੰਗ ਦਸਦੇ ਹੋਏ ਰਾਜਨਾਥ ਸਿੰਘ ਨੂੰ ‘ਏਲਿਸ ਇਨ ਬਲੰਡਰਲੈਂਡ’ ਕਰਾਰ ਦਿੱਤਾ। ਉਨ੍ਹਾਂ ਨੇ ਆਰਐਸਐਸ ਨੂੰ ਅਪੀਲ ਕੀਤੀ ਕਿ ਬੀਜੇਪੀ ਦੇ ਉੱਚ ਅਗਵਾਈ ਦੇ ਨੁਮਾਇੰਦਿਆਂ ਨੂੰ ਹਟਾਕੇ ਕਮਾਨ ਆਪਣੇ ਹੱਥਾਂ ਵਿਚ ਲੈ ਲੈਣ। ਉਨ੍ਹਾਂ ਨੇ ਰਾਜਨਾਥ ਸਿੰਘ ਦੀ ਤੁਲਨਾ ਉਸ ਹੰਪਟੀ-ਡੰਪਟੀ ਨਾਲ ਕਰ ਦਿੱਤੀ ਹੈ, ਜਿਸਨੇ ਆਪਣੇ ਕੁਦਰਤੀ ਅੰਡੇ ਦਾ ਆਕਾਰ ਹੋਣ ਕਰਕੇ ਰਿੜ੍ਹਦੇ ਹੀ ਜਾਣਾ ਹੈ ਅਤੇ ਟੁੱਟ ਜਾਣ ਤੋਂ ਬਾਅਦ ਦੁਬਾਰਾ ਜੁੜ ਨਹੀਂ ਸਕਦਾ। ਇਸ ਸਬੰਧੀ ਸ਼ੋਰੀ ਨੇ ਕਿਹਾ ਕਿ ਪਾਰਟੀ ਇਕ ਪ੍ਰਾਈਵੇਟ ਕੰਪਨੀ ਵਾਂਗ ਚਲਾਈ ਜਾ ਰਹੀ ਹੈ, ਜਿਥੇ ਟੌਪ ਲੀਡਰਜ਼ ਇਕ ਦੂਜੇ ਨੂੰ ਬਚਾਉਣ ਅਤੇ ਅੱਗੇ ਵਧਣ ਵਿਚ ਲੱਗੇ ਹੋਏ ਹਨ। ਬੀਸੀ ਖੰਡੂਰੀ ਅਤੇ ਵਸੁੰਧਰਾ ਰਾਜੇ ਨੂੰ ਹਾਰ ਦੀ ਜਿ਼ੰਮੇਵਾਰੀ ਲੈਂਦੇ ਹੋਏ ਅਸਤੀਫ਼ਾ ਦੇਣ ਲਈ ਕਿਹਾ ਗਿਆ, ਪਰ ਟੌਪ ਲੀਡਰਜ਼ ਅਸਤੀਫ਼ਾ ਨਹੀਂ ਦੇਣਗੇ ਕਿਉਂਕਿ ਉਹ ‘ਹਾਰ ਦੀ ਜਿ਼ੰਮੇਵਾਰੀ’ ਪਹਿਲਾਂ ਹੈ ਲੈ ਚੁੱਕੇ ਹਨ। ਜਿਨ੍ਹਾਂ ਲੋਕਾਂ ਨੇ ਇਹ ਹਾਲਾਤ ਪੈਦਾ ਕੀਤੇ, ਉਹ ਪਾਰਟੀ ਦੇ ਹਿਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਹ ਪਿਛਲੇ ਪੰਜ ਸਾਲਾਂ ਤੋਂ ਇਕ ਦੂਜੇ ਦੇ ਖਿਲਾਫ਼ ਸਟੋਰੀ ਪਲਾਂਟ ਕਰ ਰਹੇ ਹਨ। ਕੀ ਇਹੀ ਅਨੁਸ਼ਾਸਨ ਹੈ?
ਸ਼ੋਰੀ ਚਾਹੁੰਦਾ ਹੈ ਕਿ ਬੀਜੇਪੀ ‘ਤੇ ਸੰਘ ਦਾ ਕਬਜ਼ਾ ਹੋ ਜਾਵੇ ਅਤੇ ਪੂਰੀ ਲੀਡਰਸਿ਼ਪ ਬਦਲ ਜਾਵੇ। ਨਵੇਂ ਲੋਕ ਆਉਣ ਜਿਹੜੇ ਰਾਜਾਂ ਵਿਚ ਬੀਜੇਪੀ ਨੂੰ ਬਚਾਈ ਬੈਠੇ ਹਨ ਅਤੇ ਉਨ੍ਹਾਂ ਦੀ ਤਾਦਾਦ ਕਾਫ਼ੀ ਹੋਵੇ। ਉਨ੍ਹਾਂ ਨੇ ਕਿਹਾ, ਮੇਰਾ ਨੁਸਖਾ ਝਟਕਾ ਹੈ, ਹਲਾਲ ਨਹੀਂ। ਮੌਜੂਦਾ ਅਗਵਾਈ ਬਦਲਾਅ ਨਹੀਂ ਕਰ ਸਕਦੀ, ਪੂਰਾ ਬਦਲਾਅ ਚਾਹੀਦਾ ਹੈ। ਇਕ ਦੋ ਨਾਲ ਕੰਮ ਨਹੀਂ ਚਲੇਗਾ, ਸਾਰੇ ਦੇ ਸਾਰੇ। ਸ਼ੋਰੀ ਨੇ ਇਸ਼ਾਰਿਆਂ ਵਿਚ ਪਾਰਟੀ ਨੂੰ ਐਕਸ਼ਨ ਲੈਣ ਦੀ ਚੁਣੌਤੀ ਦਿੱਤੀ। ਉਨ੍ਹਾਂ ਨੇ ਕਿਹਾ, ਇਹ ਕੰਮ ਸੰਦੇਸ਼ ਵਾਹਕ ਨੂੰ ਹੀ ਮਾਰੇ ਜਾਣ ਵਰਗਾ ਹੋਵੇਗਾ। ਉਹ ਜੋ ਕਹਿ ਰਹੇ ਹਨ ਉਹ ਖੁਲ੍ਹੀ ਬਗਾਵਤ ਹੈ, ਖਾਸ ਕਰਕੇ ਇਸ ਲਈ ਕਿ ਉਨ੍ਹਾਂ ਨੇ ਆਪਣੀ ਗੱਲ ਟੀਵੀ ਦੇ ਜ਼ਰੀਏ ਕਹੀ ਹੈ। ਬੀਜੇਪੀ ਦੇ ਲਈ ਇਸਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋਵੇਗਾ ਅਤੇ ਅਜਿਹਾ ਲਗਦਾ ਹੈ ਕਿ ਉਨ੍ਹਾਂ ਦੇ ਖਿਲਾਫ਼ ਐਕਸ਼ਨ ਲੈਣ ਲਈ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਬੁਲਾਰੇ ਰਾਜੀਵ ਪ੍ਰਤਾਪ ਰੁਡੀ ਦਾ ਕਹਿਣਾ ਹੈ ਕਿ ਸ਼ੋਰੀ ਸ਼ਹੀਦ ਬਣਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਨੂੰ ਮਸ਼ਹੂਰ ਹੋਣ ਦਾ ਮੌਕਾ ਨਹੀਂ ਦਿਆਂਗੇ। ਰੁਡੀ ਨੇ ਕਿਹਾ ਕਿ ਇਹ ਬਿਆਨ ਦੇਕੇ ਅਰੁਣ ਸ਼ੋਰੀ ਨੇ ਆਪਣੇ ਖਿਲਾਫ਼ ਕਾਰਵਾਈ ਨੂੰ ਸੱਦਾ ਦਿੱਤਾ ਹੈ।
ਪੱਤਰਕਾਰ ਤੋਂ ਲੀਡਰ ਬਣੇ ਅਰੁਣ ਸ਼ੋਰੀ ਨੂੰ ਬੀਜੇਪੀ ਦਾ ਗੰਭੀਰ ਅਤੇ ਵਿਚਾਰਕ ਚੇਹਰਾ ਮੰਨਿਆ ਜਾਂਦਾ ਹੈ। ਉਹ ਵਾਜਪਈ ਸਰਕਾਰ ਵਿਚ ਕਾਮਯਾਬ ਮੰਤਰੀ ਰਹੇ ਅਤੇ ਆਪਣਾ ਦਾਮਨ ਸਾਫ਼ ਰੱਖਿਆ। ਸ਼ੋਰੀ ਨੇ ਸਾਫ਼ਗੋਈ ਦਾ ਆਪਣੀ ਪਤੱਰਕਾਰ ਵਾਲਾ ਗੁਣ ਰਾਜਨੀਤੀ ਵਿਚ ਵੀ ਨਹੀਂ ਛਡਿਆ। ਉਹ ਅਖ਼ਬਾਰਾਂ ਵਿਚ ਲਿਖਦੇ ਰਹੇ, ਜਿਹੜਾ ਇਨ੍ਹੀਂ ਦਿਨੀਂ ਪਾਰਟੀ ਲਈ ਪਰੇਸ਼ਾਨੀ ਦਾ ਸਬਬ ਬਣਨ ਲਗਿਆ ਹੈ। ਬੀਜੇਪੀ ਦੀ ਹਾਰ ਤੋਂ ਬਾਅਦ ਸੱਚ ਦਾ ਸਾਹਮਣਾ ਕਰਨ ਦੀ ਮੰਗ ਕਰਨ ਵਾਲੀ ਤਿਕੜੀ ਵਿਚ ਜਸਵੰਤ ਸਿੰਘ ਅਤੇ ਯਸ਼ਵੰਤ ਸਿਨਹਾ ਦੇ ਨਾਲ ਉਹ ਵੀ ਸ਼ਾਮਲ ਸਨ। ਜਸਵੰਤ ਸਿੰਘ, ਯਸ਼ਵੰਤ, ਭਗਤ ਸਿੰਘ ਕੋਸ਼ਯਾਰੀ, ਵਸੁੰਧਰਾ ਰਾਜੇ ਅਤੇ ਹੁਣ ਅਰੁਣ ਸ਼ੋਰੀ ਬੀਜੇਪੀ ਦੀ ਕਹਾਣੀ ਜਾਰੀ ਹੈ। ਪਾਰਟੀ ਦੇ ਕੌਮੀ ਸਕੱਤਰ ਅਤੇ ਅਰੁਣਾਚਲ ਪ੍ਰਦੇਸ਼ ਤੋਨ ਪਾਰਟੀ ਦੇ ਸਾਬਕਾ ਸਾਂਸਦ ਕਿਰਨ ਰਿਜੀਜੂ ਸੋਮਵਾਰ ਨੂੰ ਕਾਂਗਰਸ ਵਿਚ ਸ਼ਾਮਲ ਹੋ ਗਏ। ਵੈਸੇ ਇਨ੍ਹਾਂ ਹਾਲਾਤ ਦੀ ਆਸ ਕੀਤੀ ਜਾ ਸਕਦੀ ਸੀ। ਲੋਕਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਜਸਵੰਤ ਸਿੰਘ ਅਤੇ ਯਸ਼ਵੰਤ ਸਿਨਹਾ ਵਾਂਗ ਅਸੰਤੋਖ਼ ਦੀ ਆਵਾਜ਼ ਚੁਕਣ ਵਾਲੇ ਸ਼ੋਰੀ ਹੀ ਸਨ।
ਅਰੁਣ ਸ਼ੋਰੀ ਵੀ ਭਾਜਪਾ ਦੇ ਖਿਲਾਫ਼ ਬੋਲਿਆ
This entry was posted in ਭਾਰਤ.