ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਪੱਤਰ ਵਿਚ ਦਲ ਦੇ ਵੱਲੋਂ ਬੀਤੇ 4 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਸੇਵਾ ਤੇ ਸਿਮਰਨ ਦੋ ਵਿਸ਼ਿਆਂ ’ਚ ਵੰਡਿਆ ਗਿਆ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਪਾਰਟੀ ਦਫਤਰ ਵਿਖੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਨ ਦੌਰਾਨ ਕਈ ਜਰੂਰੀ ਵਾਇਦੇ ਕੀਤੇ। ਜਿਸ ਵਿਚ ਬਾਲਾ ਸਾਹਿਬ ਹਸਪਤਾਲ, ਇੰਟਰਨੈਸ਼ਨਲ ਸੈਂਟਰ ਫਾੱਰ ਸਿਖ ਸਟਡੀਜ਼ ਅਤੇ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਨੂੰ ਸ਼ੁਰੂ ਕਰਨ ਦੇ ਚਲ ਰਹੇ ਕਾਰਜਾਂ ਦੇ ਛੇਤੀ ਪੂਰਨ ਹੋਣ ਦੀ ਆਸ ਜਤਾਈ ਗਈ ਹੈ।
ਜੀ. ਕੇ. ਨੇ ਦੱਸਿਆ ਕਿ ਸੇਵਾ ਦੇ ਖੇਤਰ ਵਿਚ ਕਮੇਟੀ ਵੱਲੋਂ ਪੱਛਮੀ ਦਿੱਲੀ ਵਿਖੇ ਸਿਵਿਲ ਸਰਵਿਸ ਅਤੇ ਪ੍ਰਤਿਯੋਗੀ ਪਰੀਖਿਆ ਦੀ ਤਿਆਰੀ ਲਈ ਅਕਾਦਮੀ ਦੀ ਸਥਾਪਨਾ, ਕਮੇਟੀ ਦੇ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨ ਜਾਰੀ ਰੱਖਣਾ, 12ਵੀਂ ਕਲਾਸ ਵਿਚ 90 ਫੀਸਦੀ ਤੋਂ ਵੱਧ ਅੰਕ ਲਿਆਉਣ ਵਾਲੇ ਸਿੱਖ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਜੀਫੇ ਦੇਣਾ, ਇੰਟਰਨੈਸ਼ਨਲ ਸਟੂਡੈਂਟਸ ਐਕਸਚੈਂਜ ਪ੍ਰੋਗਰਾਮ ਸ਼ੁਰੂ ਕਰਨਾ, ਸਿਖਿਆ ਪੂਰੀ ਕਰ ਚੁੱਕੇ ਨੌਜਵਾਨਾਂ ਲਈ ਖਾਲਸਾ ਪਲੈਸਮੈਂਟ ਬਿਓਰੋ ਦੀ ਸਥਾਪਨਾ ਕਰਨਾ ਤੇ ਹੱਥੀ ਕੰਮ ਕਰਨ ਵਿਚ ਦਿਲਚਸਪੀ ਰਖਣ ਵਾਲੇ ਸਿੱਖ ਨੌਜਵਾਨਾਂ ਨੂੰ ਤਕਨੀਕੀ ਕੋਰਸ ਕਰਵਾਉਣ ਲਈ ਭਾਈ ਲਖੀ ਸ਼ਾਹ ਵਣਜਾਰਾ ਵਰਕਸ਼ਾਪ ਦੀ ਸਥਾਪਨਾ ਕਰਨਾ ਤੇ ਵਰਕਸ਼ਾਪ ਵਿਚ ਤਿਆਰ ਹੋਏ ਸਮਾਨਾਂ ਦੀ ਵਿਕਰੀ ਲਈ ਭਾਈ ਮੱਖਣ ਸ਼ਾਹ ਲੁਬਾਣਾ ਹਾੱਟ ਦੀ ਸਥਾਪਨਾ ਕਰਨ ਵਰਗੇ ਕਾਰਜ ਨਵੀਂ ਕਮੇਟੀ ਵੱਲੋਂ ਕੀਤੇ ਜਾਣਗੇ।
ਸਿਰਸਾ ਨੇ ਦੱਸਿਆ ਕਿ ਇਸੇ ਖੇਤਰ ਵਿਚ ਸਿੱਖ ਬੱਚਿਆਂ ਦੇ ਸ਼ਾਰੀਰਿਕ ਵਿਕਾਸ ਲਈ ਖਾਲਸਾ ਖੇਡ ਅਕਾਦਮੀ ਦੀ ਸਥਾਪਨਾ ਕਰਦੇ ਹੋਏ ਸਿੱਖ ਬੱਚਿਆਂ ਨੂੰ ਹੋਰਨਾਂ ਖੇਡਾਂ ਦੇ ਨਾਲ ਸਿੱਖ ਮਾਰਸ਼ਲ ਆਰਟ ਦੀ ਸਿਖਲਾਈ ਦੇਣਾ, ਗੁਰਦੁਆਰਿਆਂ ਵਿਚ ਡਿਸਪੈਂਸਰੀਆਂ ਅਤੇ ਬਾਲਾ ਸਾਹਿਬ ਵਿਚ 500 ਬਿਸਤਰਿਆਂ ਦਾ ਹਸਪਤਾਲ ਤੇ ਮੈਡੀਕਲ ਕਾਲਜ ਦੀ ਸਥਾਪਨਾ ਕਰਨਾ, 1984 ਦੀ ਵਿਧਵਾਵਾਂ ਲਈ ਹੈਲਥ ਬੀਮਾ, 1984 ਦੀ ਵਿਧਵਾਵਾਂ ਨੂੰ ਅਲਾਟ ਹੋਏ ਮਕਾਨਾਂ ਦੀ ਮੁਰੱਮਤ ਕਰਵਾ ਕੇ ਉਸਦਾ ਮਾਲਿਕਾਨਾ ਹੱਕ ਦਿਵਾਉਣ ਲਈ ਕਾਨੂੰਨੀ ਤੇ ਸਿਆਸੀ ਯਤਨ ਕਰਨਾ ਤੇ ਕਮੇਟੀ ਦੇ ਮੁਲਾਜ਼ਮਾਂ ਲਈ ਇੱਕ ਮੁਲਾਜ਼ਮ-ਇੱਕ ਮਕਾਨ ਸਕੀਮ ਸ਼ੁਰੂ ਕਰਦੇ ਹੋਏ ਕੋ-ਔਪਰੇਟਿਵ ਸੁਸਾਇਟੀ ਬਣਾ ਕੇ ਸਰਕਾਰ ਤੋਂ ਜਮੀਨ ਪ੍ਰਾਪਤ ਕਰਨ ਦੇ ਬਾਅਦ ਬਹੁਮੰਜਿਲਾ ਫਲੈਟਾਂ ਦੀ ਉਸਾਰੀ ਕਰਕੇ ਹਰ ਮੁਲਾਜ਼ਮ ਨੂੰ ਇੱਕ ਫਲੈਟ ਦੇਣ ਵਰਗੇ ਮੁੱਖ ਕਾਰਜ ਪੂਰੇ ਕੀਤੇ ਜਾਣਗੇ।
ਜੀ. ਕੇ. ਨੇ ਇਸਦੇ ਨਾਲ ਹੀ ਸਿੱਖ ਇਤਿਹਾਸ ਤੇ ਧਰਮ ਦੀ ਰੱਖਿਆ ਤੇ ਪ੍ਰਚਾਰ-ਪ੍ਰਸਾਰ ਲਈ ਕਈ ਨਵੇਂ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ। ਜਿਸ ਵਿਚ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਵਿਚ ਗੁਰਮਤਿ ਪ੍ਰਚਾਰ ਦੇ ਲਈ ਵਿਆਪਕ ਸਰੋਤ ਉਪਲਬਧ ਕਰਵਾਕੇ ਖੋਜ਼ ਕਰਨਾ, ਸਿੱਖ ਮਿਸ਼ਨਰੀ ਤਿਆਰ ਕਰਨ ਲਈ ਗੁਰਮਤਿ ਟਕਸਾਲ ਦੀ ਸਥਾਪਨਾ ਕਰਨਾ, ਵੱਖ-ਵੱਖ ਇਲਾਕਿਆਂ ਵਿਚ ਹਰ ਮਹੀਨੇ ਕੀਰਤਨ ਦਰਬਾਰ ਕਰਵਾਉਣਾ ਤੇ ਗੁਰੂ ਸਾਹਿਬਾਨ, ਭਗਤਾਂ ਤੇ ਸਿੱਖ ਵਿਦਿਵਾਨਾਂ ਦੇ ਪੂਰਬ ਵੱਡੇ ਪੱਧਰ ਤੇ ਮਨਾਉਣਾ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਤੇ ਜਥੇਦਾਰ ਜੱਸਾ ਸਿੰਘ ਆਹਲੂਵਾਲਿਆਂ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਖਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਉਣਾ ਤੇ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਵਿਸ਼ੇਸ਼ ਪ੍ਰਬੰਧ ਕਰਵਾਉਣ ਦੇ ਨਾਲ ਹੀ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਲਾਗੇ ਨਵੀਂ ਯਾਤਰੀ ਨਿਵਾਸ ਦੀ ਉਸਾਰੀ ਕਰਵਾਉਣਾ ਆਦਿਕ ਕਾਰਜ ਸ਼ਾਮਿਲ ਹਨ।
ਇਸ ਮੌਕੇ ਜੀ. ਕੇ. ਨੇ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਰੂਬੀ, ਜੀਤ ਸਿੰਘ ਖੋਖਰ, ਗੁਰਮੀਤ ਸਿੰਘ ਫੈਡਰੇਸ਼ਨ, ਹਰਜਿੰਦਰ ਸਿੰਘ, ਜਸਬੀਰ ਸਿੰਘ ਜੱਸਾ, ਗੁਰਮੀਤ ਸਿੰਘ ਬੇਦੀ, ਹਰਜੀਤ ਸਿੰਘ ਟੈਕਨੋ ਅਤੇ ਪ੍ਰਿਤਪਾਲ ਸਿੰਘ ਚਾਵਲਾ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਦਾ ਦੋਸ਼ੀ ਦੱਸਦੇ ਹੋਏ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ।