ਫ਼ਤਹਿਗੜ੍ਹ ਸਾਹਿਬ – ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਦਿੱਲੀ ਦੇ ਸਿੱਖਾਂ ਵੱਲੋਂ ਪੂਰੀ ਦਿਲਚਸਪੀ ਨਾ ਲੈਣ ਅਤੇ ਕੇਵਲ 45% ਵੋਟਾਂ ਪੈਣ ਦੀ ਇਕ ਵੱਡੀ ਵਜ੍ਹਾ ਇਹ ਹੈ ਕਿ ਦਿੱਲੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੋਣਾਂ ਲੜਨ ਵਾਲੇ ਦਿੱਲੀ ਦੇ ਜੋ ਗਰੁੱਪ ਹਨ, ਉਨ੍ਹਾਂ ਨੇ ਕਿਸੇ ਨਾ ਕਿਸੇ ਪੰਜਾਬ ਅਤੇ ਸਿੱਖ ਵਿਰੋਧੀ ਜਮਾਤ ਦੀ ਸ਼ਰਣ ਲਈ ਹੋਈ ਹੈ ਅਤੇ ਉਹਨਾਂ ਦੀ ਮਦਦ ਨਾਲ ਚੋਣਾਂ ਲੜੀਆਂ ਗਈਆਂ ਹਨ। ਜਿਸ ਨੂੰ ਦਿੱਲੀ ਦੇ ਸਿੱਖਾਂ ਨੇ ਬਿਲਕੁਲ ਵੀ ਚੰਗਾਂ ਨਹੀਂ ਸਮਝਿਆ । ਇਸ ਲਈ ਦਿੱਲੀ ਵਿਖੇ ਹੋਈਆ ਗੁਰੂਘਰ ਦੀਆਂ ਚੋਣਾਂ ਵਿਚ ਵੋਟ ਪ੍ਰਤੀਸ਼ਤਾਂ ਬਹੁਤ ਘੱਟ ਗਈ ਹੈ । ਜੇਕਰ ਦਿੱਲੀ ਚੋਣਾਂ ਲੜ ਰਹੇ ਗਰੁੱਪਾਂ ਵੱਲੋਂ ਪੰਥ ਵਿਰੋਧੀ ਤਾਕਤਾਂ ਦੀ ਸ਼ਰਨ ਨਾ ਲੈਕੇ ਬੀਤੇ ਸਮੇਂ ਵਿਚ ਆਜ਼ਾਦਆਨਾਂ ਤੌਰ ਤੇ ਅਤੇ ਸਿੱਖੀ ਮਰਿਯਾਦਾਵਾਂ ਅਤੇ ਪ੍ਰੰਪਰਾਵਾਂ ਨੂੰ ਮੁੱਖ ਰੱਖਕੇ ਸਿੱਖ ਕੌਮ ਦੀ ਆਨ-ਸ਼ਾਨ ਨੂੰ ਕਾਇਮ ਰੱਖਣ ਲਈ ਕਾਰਵਾਈਆਂ ਕੀਤੀਆਂ ਹੁੰਦੀਆਂ ਤਾਂ ਇਹ ਵੋਟ ਪ੍ਰਤੀਸ਼ਤਾਂ ਅਵੱਸ਼ 80-85% ਹੋਣੀ ਸੀ । ਜਿਸ ਦਾ ਮਤਲਬ ਹੈ ਕਿ ਦਿੱਲੀ ਦੀਆਂ ਗੁਰਦੁਆਰਾ ਚੋਣਾਂ ਦੇ 01 ਮਾਰਚ ਨੂੰ ਆਉਣ ਵਾਲੇ ਨਤੀਜੇ ਭਾਵੇ ਕੁਝ ਵੀ ਹੋਣ, ਪਰ ਦਿੱਲੀ ਦੇ ਸਿੱਖ ਵੋਟਰਾਂ ਨੇ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ਸਿਰਸੇ ਵਾਲਿਆਂ ਤੇ ਨਿਰੰਕਾਰੀਆਂ ਦੀ ਸਰਪ੍ਰਸਤੀ ਵਾਲੇ ਗਰੁੱਪਾਂ ਨੂੰ ਆਪਣੀ ਆਤਮਿਕ ਪ੍ਰਵਾਨਗੀ ਨਹੀਂ ਦਿੱਤੀ ਅਤੇ ਦਿੱਲੀ ਦੇ ਸਿੱਖਾਂ ਦੀ ਮਨੋਬਿਰਤੀ ਸਪੱਸ਼ਟ ਕਰਦੀ ਹੈ ਕਿ ਸਿੱਖ ਵਿਰੋਧੀ ਜਮਾਤਾਂ ਦੀ ਸ਼ਰਨ ਲੈਕੇ ਗੁਰੂਘਰ ਦੀਆਂ ਚੋਣਾਂ ਲੜਨ ਵਾਲੇ ਗਰੁੱਪ ਤੇ ਆਗੂ ਸਿੱਖ ਕੌਮ ਦੀ ਆਨ-ਸ਼ਾਨ ਅਤੇ ਸਿੱਖੀ ਸੰਸਥਾਵਾਂ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਕਤਈ ਕਾਇਮ ਨਹੀਂ ਰੱਖ ਸਕਣਗੇ।’
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿਲੀ ਵਿਖੇ ਗੁਰੂਘਰਾਂ ਦੇ ਪ੍ਰਬੰਧ ਲਈ ਹੋਈਆਂ ਚੋਣਾਂ ਵਿਚ ਦਿੱਲੀ ਦੇ ਸਿੱਖਾਂ ਵੱਲੋਂ ਬਹੁਤ ਘੱਟ ਦਿਲਚਸਪੀ ਲੈਣ ਅਤੇ ਉਥੋ ਦੀ ਵੋਟ ਪ੍ਰਤੀਸ਼ਤਾਂ ਬਹੁਤ ਘੱਟ ਜਾਣ ਨੂੰ ਦਿੱਲੀ ਚੋਣਾਂ ਲੜ ਰਹੇ ਗਰੁੱਪਾਂ ਵੱਲੋਂ ਪੰਥ ਵਿਰੋਧੀ ਤਾਕਤਾਂ ਦੀ ਸਰਪ੍ਰਸਤੀ ਵਿਚ ਜਾਣ ਅਤੇ ਪੰਥ ਵਿਰੋਧੀ ਅਮਲ ਕਰਨ ਨੂੰ ਹੀ ਮੁੱਖ ਕਰਾਰ ਦਿੰਦੇ ਹੋਏ, ਦਿੱਲੀ ਦੇ ਸਿੱਖਾਂ ਦੇ ਇਸ ਫੈਸਲੇ ਉਤੇ ਤਸੱਲੀ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ। ਉਨ੍ਹਾਂ ਕਿਹਾ ਕਿ ਬਾਦਲ ਗਰੁੱਪ ਦੇ ਮਨਜੀਤ ਸਿੰਘ ਜੀਥਕੇਥ ਦੀ ਅਗਵਾਈ ਵਿਚ ਚੋਣਾਂ ਲੜ ਰਹੇ ਬਾਦਲ ਦਲੀਏ ਦੀ ਤਾਂ ਫਿਰਕੂ ਕੱਟੜਵਾਦੀ ਜਮਾਤ ਬੀਜੇਪੀ ਦੇ ਗੁਲਾਮ ਬਣੇ ਹੋਏ ਹਨ। ਦੂਸਰਾ ਸਿੱਖ ਕੌਮ ਦੀ ਸਰਬਉੱਚ ਰੂਹਾਨੀਅਤ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਗਏ ਡੇਰਾ ਸਿਰਸੇ ਵਾਲੇ ਸਾਧ ਨਾਲ ਵੀ ਡੂੰਘੇ ਸੰਬੰਧ ਹਨ। ਇਨ੍ਹਾਂ ਨੇ ਹੀ ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਯਾਦਾਵਾਂ ਦਾ ਉਲੰਘਣ ਕਰਕੇ ਆਪਣੇ ਸਿਆਸੀ ਤੇ ਪਰਿਵਾਰਿਕ ਸਵਾਰਥਾਂ ਲਈ ਸਿੱਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਵਾਉਣ ਦੀ ਗੁਸਤਾਖੀ ਕੀਤੀ ਸੀ ਅਤੇ ਪੰਜਾਬ ਵਿਚ ਇਨ੍ਹਾਂ ਦੀ ਹਕੂਮਤ ਅਧੀਨ ਹੀ ਕੋਈ 80 ਵਾਰ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ ਅਤੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜੋ ਸਰਨਾ ਗਰੁੱਪ ਹੈ, ਉਸ ਨੇ ਉਸ ਸਿੱਖ ਵਿਰੋਧੀ ਜਮਾਤ ਕਾਂਗਰਸ ਦੀ ਸ਼ਰਨ ਲਈ ਹੋਈ ਹੈ, ਜਿਸ ਨੇ 1984 ਵਿਚ ਦਿੱਲੀ ਵਿਚ ਸਿੱਖ ਕੌਮ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਜਿਸ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ ਅਤੇ ਸਿੱਖ ਨੌਜ਼ਵਾਨੀ ਦੇ ਖੂਨ ਨਾਲ ਹੋਲੀ ਖੇਡੀ । ਜਿਥੋਂ ਤੱਕ ਪੰਥਕ ਸੇਵਾ ਦਲ ਦਾ ਸੰਬੰਧ ਹੈ, ਉਸ ਨੇ ਯੂਥਪੀਥ ਅਤੇ ਦਿੱਲੀ ਦੇ ਗੈਰ-ਪੰਜਾਬੀਆਂ ਵਾਲੀ ਆਮ ਆਦਮੀ ਪਾਰਟੀ ਦੀ ਸ਼ਰਨ ਲਈ ਹੋਈ ਹੈ । ਜਿਸ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਭਸਮਾਸੁਰ (ਦੈਂਤ) ਕਿਹਾ ਸੀ। ਫਿਰ ਇਸੇ ਆਮ ਆਦਮੀ ਪਾਰਟੀ ਦੇ ਸਭ ਆਗੂਆਂ ਨੇ ਨਿਰੰਕਾਰੀ ਭਵਨ ਜਾ ਕੇ ਨਿਰੰਕਾਰੀ ਮੁੱਖੀ ਦਾ 250 ਫੁੱਟ ਉੱਚਾ ਬੁੱਤ ਦਿੱਲੀ ਵਿਚ ਲਗਾਉਣ ਦਾ ਵੱਚਨ ਦਿੱਤਾ ਸੀ । ਜਦੋਂਕਿ ਇਨ੍ਹਾਂ ਨਿਰੰਕਾਰੀਆਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਦੀ ਬਦੌਲਤ 1978 ਵਿਚ ਸ਼ਹੀਦ ਭਾਈ ਫ਼ੌਜਾ ਸਿੰਘ ਸਮੇਤ 13 ਸਿੰਘਾਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼ਹਾਦਤਾਂ ਦੇਣੀਆਂ ਪਈਆਂ ਸਨ। ਫਿਰ ਪੰਥਕ ਸੇਵਾ ਦਲ ਆਮ ਆਦਮੀ ਪਾਰਟੀ ਦੇ ਨਾਲ-ਨਾਲ ਪੰਚ ਪ੍ਰਧਾਨੀ, ਦਲ ਖ਼ਾਲਸਾ, ਆਖੰਡ ਕੀਰਤਨੀ ਜਥਾ ਜੋ ਪੰਥਕ ਸੇਵਾ ਦਲ ਨੂੰ ਮਦਦ ਕਰ ਰਹੇ ਹਨ, ਉਹ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਣ ਤੋਂ ਇਨਕਾਰੀ ਹੋਏ ਬੈਠੇ ਹਨ। ਜਦੋਂਕਿ ਸਿੱਖ ਕੌਮ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੂਰਨ ਭਰੋਸਾ ਰੱਖਦੀ ਹੈ ।
ਇਹੀ ਕਾਰਨ ਹੈ ਕਿ ਦਿੱਲੀ ਦੇ ਸਿੱਖਾਂ ਨੇ ਪੰਜਾਬ ਅਤੇ ਸਿੱਖ ਵਿਰੋਧੀ ਜਮਾਤਾਂ ਦੇ ਗੁਲਾਮ ਬਣੇ ਦਿੱਲੀ ਵਿਚ ਚੋਣਾਂ ਲੜ ਰਹੇ ਗਰੁੱਪਾਂ ਤੇ ਆਗੂਆਂ ਨੂੰ ਇਨ੍ਹਾਂ ਵੋਟਾਂ ਤੋ ਵੱਡੀ ਗਿਣਤੀ ਵਿਚ ਦੂਰ ਰਹਿ ਕੇ ਇਨ੍ਹਾਂ ਉਮੀਦਵਾਰਾਂ ਅਤੇ ਇਨ੍ਹਾਂ ਗਰੁੱਪਾਂ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਹੈ। 45% ਪਈਆ ਵੋਟਾਂ ਵਿਚੋਂ ਜੋ ਵੀ ਇਨ੍ਹਾਂ ਗਰੁੱਪਾਂ ਵਿਚੋਂ ਬੇਸ਼ੱਕ ਕੋਈ ਵੀ ਬਹੁਮੱਤ ਪ੍ਰਾਪਤ ਕਰ ਲਵੇ, ਪਰ ਦਿੱਲੀ ਦੇ ਸਿੱਖਾਂ ਅਤੇ ਸਿੱਖ ਕੌਮ ਦੇ ਵਿਸ਼ਵਾਸ ਨੂੰ ਇਹ ਲੋਕ ਕਤਈ ਨਹੀਂ ਜਿੱਤ ਸਕਣਗੇ। ਕਿਉਂਕਿ ਦਿੱਲੀ ਚੋਣਾਂ ਲੜ ਚੁੱਕੇ ਗਰੁੱਪ ਅਤੇ ਆਗੂ ਆਪਣੇ ਦਿੱਲੀ ਵਿਚ ਬੈਠੇ ਆਕਾਵਾਂ ਦੇ ਆਦੇਸ਼ਾਂ ਉਤੇ ਹੀ ਗੁਰੂਘਰਾਂ ਦੇ ਪ੍ਰਬੰਧ ਨੂੰ ਚਲਾਉਣਗੇ, ਜਿਨ੍ਹਾਂ ਤੋਂ ਦਿੱਲੀ ਗੁਰੂਘਰਾਂ ਦੇ ਪ੍ਰਬੰਧ ਵਿਚ ਪਾਰਦਸ਼ਤਾਂ ਲਿਆਉਣ ਅਤੇ ਸਿੱਖ ਕੌਮ ਦੀ ਅਤੇ ਸਿੱਖੀ ਸੰਸਥਾਵਾਂ ਦੀ ਬਿਹਤਰੀ ਕਰਨ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ।