ਚੰਡੀਗੜ੍ਹ – ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਨੂੰ ਮਿਲੀ ਸ਼ਾਨਦਾਰ ਜਿਤ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਭਾਈਚਾਰੇ ਨੇ ਆਪ ਅਤੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹਨਾਂ ਚੋਣ ਨਤੀਜਿਆਂ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਦਿੱਲੀ ਦਾ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਅਕਾਲੀ ਦਲ ਦੇ ਨਾਲ ਹੈ ਅਤੇ ਉਸ ਨੇ ਪਾਰਟੀ ਵੱਲੋਂ ਪੰਜਾਬ ਅਤੇ ਰਾਜਧਾਨੀ ਵਿਚ ਕੀਤੇ ਕੰਮਾਂ ਨੂੰ ਸਰਾਹਿਆ ਹੈ।
ਦਿੱਲੀ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਜੀਅ-ਤੋੜ ਮਿਹਨਤ ਕਰਨ ਵਾਲੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਵਧਾਈ ਦਿੰਦਿਆਂ ਬਾਦਲ ਨੇ ਕਿਹਾ ਕਿ ਵਿਰੋਧੀਆਂ ਦੁਆਰਾ ਕੀਤੇ ਕੂੜ-ਪ੍ਰਚਾਰ ਨੂੰ ਨਜ਼ਰ-ਅੰਦਾਜ਼ ਕਰਕੇ ਪਾਰਟੀ ਦੀ ਜਿੱਤ ਲਈ ਕੰਮ ਕਰਨ ਵਾਲੇ ਸਾਰੇ ਅਕਾਲੀ ਵਰਕਰ ਭਰਪੂਰ ਪ੍ਰਸੰਸਾ ਦੇ ਹੱਕਦਾਰ ਹਨ। ਸ. ਬਾਦਲ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੁਆਰਾ ਕੀਤੇ ਕੰਮ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਨੇ ਉਹਨਾਂ ਦੀ ਮਿਹਨਤ ਦਾ ਸੋਹਣਾ ਮੁੱਲ ਪਾਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹਨਾਂ ਚੋਣਾਂ ਵਿਚ ਆਪਣੀ ਸੰਸਥਾ ਖੜ੍ਹੀ ਕਰਨ ਦੀ ਸਿਰਤੋੜ ਕੋਸ਼ਿਸ਼ ਕੀਤੀ, ਇੱਥੋਂ ਤਕ ਕਿ ਪੰਥਕ ਸੇਵਾ ਦਲ ਨਾਂ ਦੀ ਜਥੇਬੰਦੀ ਬਣਾ ਕੇ ਆਪਣੇ ਉਮੀਦਵਾਰ ਚੋਣਾਂ ਵਿਚ ਉਤਾਰੇ। ਉਹਨਾਂ ਨੇ ਅਕਾਲੀ ਦਲ ਦੇ ਖਿਲਾਫ ਝੂਠੇ ਅਤੇ ਮਨਘੜਤ ਦੋਸ਼ ਲਗਾਏ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਚੋਣ ਨਤੀਜੇ ਆਪ ਦੇ ਕੰਮਾਂ ਉੱਤੇ ਇੱਕ ਫਤਵਾ ਹਨ, ਜੋ ਕਿ ਇਹ ਸੰਕੇਤ ਦਿੰਦੇ ਹਨ ਕਿ ਦਿੱਲੀ ਦੇ ਵੋਟਰਾਂ ਦਾ ਆਪ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ। ਇਹਨਾਂ ਚੋਣਾਂ ਨੇ ਆਮ ਆਦਮੀ ਪਾਰਟੀ ਨੂੰ ਉਸ ਦੇ ਭਵਿੱਖ ਦੀ ਧੁੰਦਲੀ ਤਸਵੀਰ ਦਿਖਾ ਦਿੱਤੀ ਹੈ।
ਕਾਂਗਰਸ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲਾ ਧੜਾ ਕਾਂਗਰਸ ਦੀ ਸੱਜੀ ਬਾਂਹ ਹੈ ਅਤੇ ਇਸ ਧੜੇ ਨੇ ਸਿੱਖ ਵੋਟਰਾਂ ਨੂੰ ਉੱਲੂ ਬਣਾਉਣ ਦੀ ਪੂਰੀ ਬਣਾਉਣ ਦੀ ਪੂਰੀ ਵਾਹ ਲਾਈ ਸੀ। ਉਹਨਾਂ ਕਿਹਾ ਕਿ ਪਰ ਕਾਂਗਰਸ ਪਾਰਟੀ ਵਾਂਗ ਹੀ ਸਰਨਾ ਧੜੇ ਦੇ ਮਾੜੇ ਅਤੀਤ ਨੇ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਉਹਨਾਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ।
ਸ. ਬਾਦਲ ਨੇ ਸਿੱਖ ਵੋਟਰਾਂ ਨੂੰ ਯਕੀਨ ਦਿਵਾਇਆ ਕਿ ਅਕਾਲੀ ਦਲ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗਾ। ਦਿੱਲੀ ਕਮੇਟੀ ਸਿੱਖ ਭਾਈਚਾਰੇ ਦੀ ਭਲਾਈ ਲਈ ਹੋਰ ਵੀ ਵਧੇਰੇ ਜੋਸ਼ ਨਾਲ ਕੰਮ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਲੜਣ ਵਾਲੇ ਆਪਣੇ ਸਾਰੇ ਪਾਰਟੀ ਉਮੀਦਵਾਰਾਂ ਦੀ ਭਲਕੇ ਸਵੇਰੇ 11 ਵਜੇ ਮੀਟਿੰਗ ਬੁਲਾਈ ਹੈ।