ਬਠਿੰਡਾ- ਸਬਸਿਡੀ ਦੇਣਾ ਜਾਂ ਨਾ ਦੇਣਾ, ਇਹ ਰਾਜ ਸਰਕਾਰ ਅਤੇ ਕੈਬਿਨੇਟ ਦਾ ਮਾਮਲਾ ਹੈ, ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ। ਵੈਸੇ ਮੇਰੀ ਰਾਏ ਵਿਚ ਸਬਸਿਡੀ ਦੇਣਾ ਵੀ ਠੀਕ ਹੈ ਅਤੇ ਇਸਨੂੰ ਬੰਦ ਕਰ ਦੇਣਾ ਵੀ ਠੀਕ ਹੋਵੇਗਾ, ਪਰ ਇਹ ਮੇਰੀ ਨਿਜੀ ਰਾਏ ਹੈ। ਇਹ ਗੱਲ ਲੋਕਸਭਾ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਕ ਗੱਲਬਾਤ ਦੌਰਾਨ ਕਹੀ। ਉਨ੍ਹਾਂ ਨੇ ਬਠਿੰਡੇ ਦੀਆਂ ਕਈ ਵਾਰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮਸਿਆਵਾਂ ਨੂੰ ਸੁਣਿਆ। ਇਸਦੇ ਨਾਲ ਹੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਵਾਟਰ ਵਰਕਸ ਦੇ ਰੇਨੋਵੇਸ਼ਨ ਦਾ ਵੀ ਨੀਂਹ ਪੱਥਰ ਰੱਖਿਆ। ਇਸ ਯੋਜਨਾ ‘ਤੇ ਅੰਦਾਜ਼ਨ ਸਵਾ ਕਰੋੜ ਰੁਪਏ ਦੀ ਲਾਗਤ ਆਵੇਗੀ।
ਹਰਸਿਮਰਤ ਕੌਰ ਬਾਦਲ ਨੇ ਇਹ ਪੁੱਛੇ ਜਾਣ ‘ਤੇ ਕਿ ਰਾਜ ਦੇ ਆਰਥਕ ਹਾਲਾਤ ਕਾਫ਼ੀ ਡਾਵਾਂਡੋਲ ਹਨ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਈ ਵਾਰ ਕਹਿ ਚੁੱਕੇ ਹਨ ਕਿ ਸੂਬੇ ਦਾ ਖਜ਼ਾਨਾ ਅਤੇ ਹੋਰ ਸਬਸਿਡੀ ਦਾ ਭਾਰ ਸਹਿਣ ਲਾਇਕ ਨਹੀਂ ਹੈ ਅਤੇ ਇਸਨੂੰ ਬੰਦ ਕਰਨਾ ਚਾਹੀਦਾ ਹੈ, ਬਾਰੇ ਉਨ੍ਹਾਂ ਦੀ ਰਾਏ ਕੀ ਹੈ। ਇਸ ‘ਤੇ ਹਰਸਿਮਰਤ ਕੌਰ ਬਾਦਲ ਨੇ ਬੜਾ ਹੀ ਡਿਪਲੋਮੈਟਿਕ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਰਾਜ ਸਰਕਾਰ ਨਾਲ ਸਬੰਧਤ ਮਾਮਲਾ ਹੈ ਅਤੇ ਉਹ ਇਸ ਬਾਰੇ ਕੋਈ ਕੈਮੇਂਟ ਨਹੀਂ ਕਰੇਗੀ, ਪਰ ਦੁਬਾਰਾ ਪੁੱਛੇ ਜਾਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਬਾਰੇ ਉਹ ਵੀ ਹੋਰਾਂ ਵਾਂਗ ਆਪਣੀ ਨਿਜੀ ਰਾਏ ਰੱਖਦੀ ਹੈ, ਜਿਸਦੇ ਮੁਤਾਬਕ ਜੇਕਰ ਉਹ ਕਿਸਾਨਾਂ ਜਾਂ ਗਰੀਬ ਤਬਕੇ ਬਾਰੇ ਸੋਚਦੀ ਹੈ ਤਾਂ ਸਬਸਿਡੀ ਦੇਣੀ ਚਾਹੀਦੀ ਹੈ, ਪਰ ਜੇਕਰ ਮੈਂ ਆਪਣੇ ਆਪ ਨੂੰ ਵਿਤ ਮੰਤਰੀ ਦੀ ਥਾਂ ‘ਤੇ ਰਖਕੇ ਸੋਚਾਂ ਤਾਂ ਲਗਦਾ ਹੈ ਕਿ ਸਬਸਿਡੀ ਰਾਜ ਦੇ ਖ਼ਜ਼ਾਨੇ ‘ਤੇ ਬਹੁਤ ਵੱਡਾ ਭਾਰ ਹੈ।
ਮੰਦੀ ਦੇ ਦੌਰ ਵਿਚ ਬਿਜਲੀ ਦੀ ਕਮੀ ਦੀ ਮਾਰ ਸਹਿ ਰਹੇ ਉਦਯੋਗ ਜਗਤ ਦੇ ਲਈ ਕਿਸੇ ਰਾਹਤ ਦੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਬਿਜਲੀ ਦੀ ਕਮੀ ਕਰਕੇ ਉਦਯੋਗ, ਵਪਾਰੀ ਅਤੇ ਆਮ ਆਦਮੀ ਸਾਰਿਆਂ ਦਾ ਬੁਰਾ ਹਾਲ ਹੈ, ਪਰ ਇਸ ਵਿਚ ਚੰਗੀ ਗੱਲ ਇਹ ਹੈ ਕਿ ਇਹ ਰਾਜ ਵਿਚ ਬਿਜਲੀ ਦੀ ਹਾਲਾਤ ਇੰਨੀ ਬੁਰੀ ਵੀ ਨਹੀਂ ਹੈ, ਜਿੰਨੀ ਬਾਕੀ ਰਾਜਾਂ ਵਿਚ ਹੈ। ਕੇਂਦਰ ਸਰਕਾਰ ਵੀ ਇਹ ਮੰਨ ਚੁੱਕੀ ਹੈ ਕਿ ਦੇਸ਼ ਵਿਚ ਬਿਜਲੀ ਦੀ ਸਪਲਾਈ ਦਾ ਸੰਕਟ ਹੈ। ਸਾਂਸਦ ਨੇ ਕਿਹਾ ਕਿ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਕੇਂਦਰੀ ਬਿਜਲੀ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਸਬੰਧ ਵਿਚ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ਲੋਕਸਭਾ ਹਲਕਾ ਕਾਫ਼ੀ ਵੱਡਾ ਹੈ ਅਤੇ ਇਸ ਵਿਚ 550 ਤੋਂ ਵੀ ਵਧੇਰੇ ਪਿੰਡ ਆਉਂਦੇ ਹਨ। ਇਸ ਲਈ ਹੁਣ ਲੱਗਣ ਲਗਿਆ ਹੈ ਕਿ ਸਾਂਸਦ ਦੇ ਫੰਡਾਂ ਵਜੋਂ ਮਿਲਣ ਵਾਲੀ ਰਕਮ ਬਹੁਤ ਹੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਕਾਫ਼ੀ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਕਰਕੇ ਉਹ ਕਈ ਪਿੰਡਾਂ ਵਿਚ ਗਰਾਂਟ ਦੇਣ ਦੇ ਸਮਰਥ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਗੁਜ਼ਾਰਿਸ਼ ਕੀਤੀ ਹੈ ਕਿ ਮੈਨੂੰ ਬਠਿੰਡੇ ਦੇ ਇਲਾਕੇ ਲਈ ਹੋਰ ਗਰਾਂਟ ਚਾਹੀਦੀ ਹੈ। ਜਿਸ ਬਾਰੇ ਉਨ੍ਹਾਂ ਨੇ ਸਹਿਮਤੀ ਪ੍ਰਗਟਾੲ ਿਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਿੰਡਾਂ ਨੂੰ ਗਰਾਂਟ ਦੇਣ ਲਈ ਕਾਫ਼ੀ ਸਟਡੀ ਕੀਤੀ ਹੈ ਅਤੇ ਹਰੇਕ ਪਿੰਡ ਨੂੰ ਫਿਲਹਾਲ ਇਕ ਇਕ ਪ੍ਰਾਜੈਕਟ ਦੇ ਲਈ ਹੀ ਰਕਮ ਦਿੱਤੀ ਜਾ ਰਹੀ ਹੈ, ਤਾਂਜੋ ਪਿੰਡਾਂ ਦਾ ਵੀ ਪੜਾਵਾਂ ਵਿਚ ਵਿਕਾਸ ਹੋ ਸਕੇ। ਰੇਲਵੇ ਓਵਰਬ੍ਰਿਜਾਂ ਦਾ ਨਿਰਮਾਣ ਅਧੂਰਾ ਹੋਣ ਦੀ ਗੱਲ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਕੇਂਦਰੀ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਇਸ ਤੋਂ ਵਾਕਿਫ਼ ਕਰਵਾ ਚੁੱਕੀ ਹੈ ਅਤੇ ਜਲਦੀ ਹੀ ਇਨ੍ਹਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਆਪਣੇ ਆਪ ਨੂੰ ਲੀਡਰ ਨਾ ਮੰਨਦੇ ਹੋਏ ਹਰਸਿਮਰਤ ਨੇ ਕਿਹਾ ਕਿ ਉਹ ਸਿਰਫ਼ ਆਪਣੀ ਸਮਾਜ ਸੇਵਾ ਦੇ ਲਈ ਹੀ ਸਾਂਸਦ ਬਣੀ ਹੈ ਅਤੇ ਇਸੇ ਵਿਚ ਖੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਸਾਂਸਦ ਬਣਕੇ ਉਨ੍ਹਾਂ ਦੀ ਆਪਣੇ ਹਲਕੇ ਅਤੇ ਸਮਾਜ ਦੇ ਪ੍ਰਤੀ ਜਿ਼ੰਮੇਵਾਰੀ ਹੋਰ ਵੀ ਵਧ ਗਈ ਹੈ।
ਹਰਸਿਮਰਤ ਨੇ ਐਤਵਾਰ ਨੂੰ ਬਠਿੰਡਾ ਸਿਟੀ ਦੀਆਂ ਵੱਖ ਵੱਖ ਵਾਰਡਾਂ ਦੇ ਦੌਰੇ ਦੌਰਾਨ ਕਈ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਵਧੇਰੇ ਮੁਸ਼ਕਲਾਂ ਮਿਊਂਸੀਪਲ ਕਾਰਪੋਰੇਸ਼ਨ ਬਠਿੰਡੇ ਦੇ ਅਧੂਰੇ ਕੰਮਾਂ ਦੇ ਸਿਲਸਿਲੇ ਵਿਚ ਹੀ ਸਨ। ਜਿਨ੍ਹਾਂ ਬਾਰੇ ਮਿਊਂਸੀਪਲ ਕਮਿਸ਼ਨਰ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਹਰਸਿਮਰਤ ਨੇ ਭਾਗੂ ਰੋਡ ਵਿਖੇ ਵਾਟਰ ਵਰਕਸ ਦੇ ਲਈ ਵੀ ਨੀਂਹ ਪੱਥਰ ਰੱਖਕੇ ਉਦਘਾਟਨ ਕੀਤਾ। ਦੋ ਵਾਰਡਾਂ ਵਿਚ ਲਾਏ ਗਏ ਆਰਓ ਵਾਟਰ ਸਿਸਟਮ ਦਾ ਵੀ ਉਦਘਾਟਨ ਕੀਤਾ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦਿੱਤੀ ਗਈ ਗਰਾਂਟ ਨਾਲ ਖਾਲਸਾ ਸਕੂਲ ਵਿਚ ਬਣੇ ਦੋ ਨਵੇਂ ਕਮਰਿਆਂ ਦਾ ਵੀ ਉਦਘਾਟਨ ਕੀਤਾ।
ਸਬਸਿਡੀ ਦੇਣਾ ਵੀ ਗਲਤ : ਨਾ ਦੇਣਾ ਵੀ ਗਲਤ -ਹਰਸਿਮਰਤ
This entry was posted in ਪੰਜਾਬ.