ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਪ੍ਰੋਫੈਸਰ ਪ੍ਰਤੀਕ ਕਾਲੀਆ ਨੇ ਆਪਣੀ ਵੱਖਰੀ ਉਪਲਬਧੀ ਰਾਹੀਂ ਕਾਲਜ ਅਤੇ ਲੁਧਿਆਣਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰੋ. ਕਾਲੀਆ ਭਾਰਤ ਸਮੇਤ ਏਸ਼ੀਆ ਦੀ ਨੁਮਾਇੰਦਗੀ ਕਰਦੇ ਹੋਏ ਕੇਮਬ੍ਰਿਜ ਯੂਨੀਵਰਸਿਟੀ ਲੰਡਨ ਵਿਚ ਅੰਤਰ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਵਿਚ ਹਿੱਸਾ ਲੈ ਰਹੇ ਹਨ।ਜ਼ਿਕਰਯੋਗ ਹੈ ਕਿ ਏਸ਼ੀਅਨ ਪ੍ਰੋਡਕਟਵਿਟੀ ਆਰਗੀਨੇਸ਼ਨ ਜਾਪਾਨ ਵੱਲੋਂ ਲੰਡਨ ਵਿਚ ਗਿਆਨ ਆਧਾਰਿਤ ਅੰਤਰਰਾਸ਼ਟਰੀ ਵਪਾਰ ‘ਚ ਵਿਸ਼ਵ ਦੇ ਦੇਸ਼ਾਂ ਯੋਗਦਾਨ ਵਿਸ਼ੇ ਤੇ ਏਸ਼ੀਆ ਵੱਲੋਂ ਚੁਣੇ ਡੈਲੀਗੇਸ਼ਨ ਦੇ ਮੈਂਬਰ ਹਨ। ਤਿੰਨ ਮੈਂਬਰੀ ਇਸ ਡੈਲੀਗੇਸ਼ਨ ਵਿਚੋਂ ਪ੍ਰੋ ਪ੍ਰਤੀਕ ਕਾਲੀਆ ਇਕ ਮੈਂਬਰ ਹਨ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਗਿਆਨ ਆਧਾਰਿਤ ਅੰਤਰ ਰਾਸ਼ਟਰੀ ਕਾਰੋਬਾਰ ਵਿਚ ਉਭਰ ਰਹੇ ਰੁਝਾਨਾਂ ਦੇ ਅਧਿਐਨ, ਉਸ ਦੇ ਵਿਕਾਸ, ਪ੍ਰਫੁੱਲਿਤ ਕਰਨ ਦੇ ਤਰੀਕੇ ਅਤੇ ਨਵੀਨ ਕਦਰਾਂ ਕੀਮਤਾਂ ਦੇ ਰੋਲ ਦਾ ਜਾਇਜ਼ਾ ਲੈਣਾ ਹੈ। ਇਸ ਅੰਤਰ ਰਾਸ਼ਟਰੀ ਪ੍ਰੋਜੈਕਟ ਵਿਚ ਵਿਸ਼ਵ ਦੇ ਹਰ ਕੋਨੇ ਤੋਂ ਮਹਾਂਦੀਪ ਪੱਧਰ ਤੇ ਚੁਣੇ ਹੋਏ ਡੈਲੀਗੇਟ ਹਿੱਸਾ ਲੈ ਰਹੇ ਹਨ ਜੋ ਮਹਾਂਦੀਪ ਦੀ ਨੁਮਾਇੰਦਗੀ ਕਰਦੇ ਹੋਏ ਵਿਸ਼ਵ ਪੱਧਰ ਤੇ ਵਪਾਰ ਦੇ ਤਰੀਕਿਆਂ ਦੀ ਘੋਖ ਕਰਨਗੇ।ਇਸ ਤੋਂ ਬਾਅਦ ਨਿਕਲੇ ਨਤੀਜੇ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿਚ ਉਨਤ ਵਪਾਰ ਦੇ ਤਰੀਕਿਆਂ ਲਈ ਸਲਾਹ ਵਜੋਂ ਭੇਜੇ ਜਾਣਗੇ ਤਾਂ ਵਿਸ਼ਵ ਪੱਧਰ ਤੇ ਵਪਾਰ ਵਿਚ ਸਕਾਰੂ ਮਾਹੌਲ ਵਿਚ ਬਿਹਤਰੀਨ ਨਤੀਜੇ ਮਿਲ ਸਕਣ।
ਇਸ ਉਪਲਬਧੀ ਲਈ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਕੁਮਾਰ ਗੁਪਤਾ ਨੇ ਪ੍ਰੋ ਕਾਲੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰੋ ਕਾਲੀਆ ਉਨ੍ਹਾਂ ਦੇ ਗਰੁੱਪ ਦੇ ਅਜਿਹੇ ਸੂਰਜ ਹਨ ਜੋ ਕਿ ਆਪਣੀ ਰੌਸ਼ਨੀ ਰਾਹੀਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਰਹੇ ਹਨ। ਐਲ ਸੀ ਈ ਟੀ ਦੇ ਪ੍ਰਿੰਸੀਪਲ ਡਾ. ਪਵਨ ਕੁਮਾਰ ਨੇ ਇਸ ਮੌਕੇ ਕਿਹਾ ਕਿ ਗਰੁੱਪ ਦੇ ਬਿਹਤਰੀਨ ਅਧਿਆਪਕ ਵਜੋਂ ਜਾਣੇ ਜਾਂਦੇ ਪ੍ਰੋ ਕਾਲੀਆ ਨੇ ਹੁਣ ਤੱਕ ਵਿਸ਼ਵ ਪੱਧਰ ਤੇ ਬਿਹਤਰੀਨ ਰਿਸਰਚ ਪੇਪਰ ਪੇਸ਼ ਕੀਤੇ ਹਨ, ਜੋ ਕਿ ਕਈ ਸਰਕਾਰੀ ਅਤੇ ਗੈਰ ਸਰਕਾਰੀ ਮੈਗਜ਼ੀਨਾਂ ਦੀ ਸ਼ਾਨ ਬਣ ਚੁੱਕੇ ਹਨ। ਜਦ ਕਿ ਪਿਛਲੇ ਸਾਲ ਵੀ ਯੂਨੀਵਰਸਿਟੀ ਆਫ਼ ਲੀਵਰ ਪੂਲ ਅਤੇ ਆਈ ਆਈ ਐਮ ਅਹਿਮਦਾਬਾਦ ਵਿਚ ਲੈਕਚਰ ਦੇ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ। ਇਸ ਮੌਕੇ ਤੇ ਕੈਂਪਸ ਡਾਇਰੈਕਟਰ ਡਾ. ਜੇ ਐਸ ਜੌਹਲ ਨੇ ਵੀ ਪ੍ਰੋ ਪ੍ਰਤੀਕ ਕਾਲੀਆ ਨੂੰ ਉਨ੍ਹਾਂ ਦੀ ਇਸ ਸਰਵੋਤਮ ਉਪਲਬਧੀ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਲ ਭਵਿਖ ਦੀ ਕਾਮਨਾ ਕੀਤੀ।