ਨਵੀਂ ਦਿੱਲੀ – ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਵਿੱਚ ਭਾਜਪਾ ਦੇ ਪ੍ਰਮੁੱਖ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ ਅਤੇ ਕਲਿਆਣ ਸਿੰਹ ਸਮੇਤ ਕਈ ਹੋਰ ਨੇਤਾਵਾਂ ਤੇ ਅਪਰਾਧਿਕ ਸਾਜਿਸ਼ ਰੱਚਣ ਦਾ ਮੁਕੱਦਮਾ ਚੱਲ ਸਕਦਾ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਵਾਲੇ ਲੋਕਾਂ ਤੇ ਮੁਕੱਦਮਾ ਚਲਾਉਣ ਵਿੱਚ ਦੇਰੀ ਤੇ ਚਿੰਤਾ ਜਾਹਿਰ ਕੀਤੀ ਹੈ। ਅਦਾਲਤ ਨੇ ਅਗਲੀ ਸੁਣਵਾਈ 22 ਮਾਰਚ ਨੂੰ ਤੈਅ ਕੀਤੀ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਟੈਕਨੀਕਲ ਗਰਾਊਂਡ ਤੇ ਇਨ੍ਹਾਂ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਸੀਬੀਆਈ ਤੋਂ ਪੁੱਛਿਆ ਕਿ ਜਦੋਂ ਹਾਈਕੋਰਟ ਨੇ ਇਨ੍ਹਾਂ ਲੋਕਾਂ ਤੋਂ ਅਪਰਾਧਿਕ ਸਾਜਿਸ਼ ਰੱਚਣ ਦੀ ਧਾਰਾ ਹਟਾਈ ਸੀ ਤਾਂ ਪੂਰਕ ਆਰੋਪ ਪੱਤਰ ਦਾਖਿਲ ਕਿਉਂ ਨਹੀਂ ਕੀਤੇ। ਅਦਲਤ ਨੇ ਕਿਹਾ ਕਿ ਸਿਰਫ਼ ਤਕਨੀਕੀ ਆਧਾਰ ਤੇ ਕਿਸੇ ਨੂੰ ਰਾਹਤ ਨਹੀਂ ਦਿੱਤੀ ਜਾ ਸਕਦੀ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਪੁੱਛਿਆ ਕਿ ਕੇਸ ਦੀ ਸੁਣਵਾਈ ਦੋ ਵੱਖ-ਵੱਖ ਅਦਾਲਤਾਂ ਵਿੱਚ ਚਲਾਉਣ ਦੀ ਬਜਾਏ ਇੱਕ ਹੀ ਜਗ੍ਹਾ ਕਿਉਂ ਨਾ ਕੀਤੀ ਜਾਵੇ। ਅਦਾਲਤ ਨੇ ਕਿਹਾ ਕਿ ਰਾਇਬਰੇਲੀ ਵਿੱਚ ਚੱਲ ਰਹੀ ਸੁਣਵਾਈ ਨੂੰ ਕਿਉਂ ਨਾ ਲਖਨਊ ਟਰਾਂਸਫਰ ਕਰ ਦਿੱਤਾ ਜਾਵੇ, ਕਿਉਂਕਿ ਇਸ ਨਾਲ ਜੁੜਿਆ ਇੱਕ ਮਾਮਲਾ ਪਹਿਲਾਂ ਹੀ ਉਥੇ ਚੱਲ ਰਿਹਾ ਹੈ।