ਫ਼ਤਹਿਗੜ੍ਹ ਸਾਹਿਬ – “ਬਾਦਲ ਦਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆਂ ਕਰਾਰ ਦਿੱਤੇ ਗਏ ਸਿਰਸੇ ਵਾਲੇ ਕਾਤਲ ਤੇ ਬਲਾਤਕਾਰੀ ਸਾਧ ਅਤੇ ਦਮਦਮੀ ਟਕਸਾਲ ਦੇ ਸ੍ਰੀ ਧੂੰਮਾ ਦੀ ਮਦਦ ਲੈਕੇ ਦਿੱਲੀ ਦੀਆਂ ਚੋਣਾਂ ਜਿੱਤੀਆਂ ਹਨ । ਇਹੀ ਵਜਹ ਹੈ ਕਿ ਡੇਰਾ ਪ੍ਰੇਮੀਆਂ ਦੇ ਕਾਤਲਾਂ ਨੂੰ ਫੜਨ ਲਈ ਬਾਦਲ-ਬੀਜੇਪੀ ਹਕੂਮਤ ਵੱਲੋਂ 50 ਲੱਖ ਰੁਪਏ ਇਨਾਮ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ ਪੁਲਿਸ ਵਿਭਾਗ ਵਿਚ ਸਬ-ਇੰਸਪੈਕਟਰ ਦੀ ਅਸਾਮੀ ਦੇਣ ਦਾ ਐਲਾਨ ਹੋਇਆ ਹੈ । ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਡੇਰਾ ਪ੍ਰੇਮੀਆਂ ਦੇ ਕਾਤਲਾਂ ਨੂੰ ਫੜਨ ਲਈ ਬਾਦਲ-ਬੀਜੇਪੀ ਹਕੂਮਤ ਵੱਲੋਂ 50 ਲੱਖ ਰੁਪਏ ਦਾ ਇਨਾਮ ਰੱਖਿਆ ਜਾਂਦਾ ਹੈ, ਫਿਰ ਸਿੱਖ ਕੌਮ ਦੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ, ਗੁਰਜੀਤ ਸਿੰਘ, ਭਾਈ ਦਰਸ਼ਨ ਸਿੰਘ ਲੋਹਾਰਾ, ਭਾਈ ਜਸਪਾਲ ਸਿੰਘ ਚੌੜ ਸਿੱਧਵਾ, ਭਾਈ ਜਗਜੀਤ ਸਿੰਘ ਜੰਮੂ, ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਬਲਕਾਰ ਸਿੰਘ ਮੁੰਬਈ, ਭਾਈ ਹਰਮਿੰਦਰ ਸਿੰਘ ਡੱਬਵਾਲੀ ਆਦਿ ਹੋਏ ਸਿੱਖਾਂ ਦੇ ਕਤਲਾਂ ਦੇ ਦੋਸ਼ੀਆਂ ਨੂੰ ਫੜਨ ਲਈ ਅਜਿਹੇ ਐਲਾਨ ਬਾਦਲ-ਬੀਜੇਪੀ ਹਕੂਮਤ ਵੱਲੋਂ ਕਿਉਂ ਨਾ ਕੀਤੇ ਗਏ ? ਅਜਿਹੇ ਵਿਤਕਰੇ ਭਰੇ ਅਮਲ ਤਾਂ ਭਾਰਤੀ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਕਰਨ ਵਾਲੇ ਹਨ । ਜਿਸ ਅਨੁਸਾਰ ਇਥੋਂ ਦੇ ਸਭ ਨਾਗਰਿਕਾਂ ਅਤੇ ਬਸਿੰਦਿਆ ਨੂੰ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਹਨ । ਫਿਰ ਅੱਜ ਤੱਕ 2002 ਵਿਚ ਕਸ਼ਮੀਰ ਵਿਚ ਹੋਏ 43 ਸਿੱਖਾਂ ਦੇ ਕਤਲਾਂ ਦੀ ਛਾਣਬੀਨ ਕਿਉਂ ਨਹੀਂ ਕੀਤੀ ਗਈ ? ਹਰਿਆਣਾ ਦੇ ਹੋਦ ਚਿੱਲੜ ਵਿਖੇ ਸਿੱਖ ਕੌਮ ਦੇ ਹੋਏ ਸਾਜ਼ਸੀ ਕਤਲੇਆਮ ਤੇ ਦੋਸ਼ੀਆਂ ਨੂੰ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ਅਤੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦਾ ਪ੍ਰਬੰਧ ਅੱਜ ਤੱਕ ਕਿਉਂ ਨਹੀਂ ਕੀਤਾ ਗਿਆ ? ਉਪਰੋਕਤ ਬਾਦਲ-ਬੀਜੇਪੀ ਦੀਆਂ ਹਕੂਮਤਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਜਾ ਰਹੇ ਵਿਤਕਰੇ ਭਰੇ ਅਮਲਾਂ ਦੀ ਬਦੌਲਤ ਹੀ ਦਿੱਲੀ ਦੇ ਸਿੱਖਾਂ ਸੂਝਵਾਨ ਤੇ ਸੁਹਿਰਦ ਸਿੱਖਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਹੀ ਨਹੀਂ ਕੀਤਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਤੇ ਮੈਬਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਉਤੇ ਗੈਰ-ਧਾਰਮਿਕ ਤਰੀਕੇ ਸਨਮਾਨਿਤ ਕਰਨ ਦੇ ਅਮਲਾਂ ਅਤੇ ਬਾਦਲ ਦਲੀਆਂ ਵੱਲੋਂ ਡੇਰਾ ਪ੍ਰੇਮੀਆਂ ਦੇ ਕਾਤਲਾਂ ਲਈ ਇਨਾਮ ਰੱਖੇ ਜਾਣ ਦੇ ਵਿਧਾਨਿਕ ਵਿਤਕਰੇ ਭਰੇ ਅਮਲਾਂ ਉਤੇ ਆਪਣਾ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਫਿਰ ਸੈਂਟਰ ਦੀ ਹਕੂਮਤ ਨੇ ਵੀ ਉਪਰੋਕਤ ਹੋਏ ਸਿੱਖਾਂ ਦੇ ਕਾਤਲਾਂ ਸੰਬੰਧੀ ਨਾ ਤਾਂ ਕੋਈ ਛਾਣਬੀਨ ਕੀਤੀ ਹੈ ਅਤੇ ਨਾ ਹੀ ਅੱਜ ਤੱਕ ਉਨ੍ਹਾਂ ਕਾਤਲਾਂ ਦੀ ਪਹਿਚਾਣ ਕਰਨ ਦੀ ਕੋਈ ਜਿੰਮੇਵਾਰੀ ਨਿਭਾਈ ਹੈ, ਕਿਉਂ ? ਫਿਰ ਜਿਵੇ ਅਮਰੀਕਾ, ਆਸਟ੍ਰੀਆ, ਨਿਊਜੀਲੈਡ ਆਦਿ ਬਾਹਰਲੇ ਮੁਲਕਾਂ ਵਿਚ ਸਿੱਖਾਂ ਉਤੇ ਨਿਰੰਤਰ ਨਸ਼ਲੀ ਹਮਲੇ ਹੁੰਦੇ ਆ ਰਹੇ ਹਨ। ਫਿਲਪਾਇਨਜ਼ ਵਿਚ ਹਰ ਮਹੀਨੇ ਇਕ ਸਿੱਖ ਨੂੰ ਮਾਰ ਦਿੱਤਾ ਜਾਂਦਾ ਹੈ। ਉਸ ਸੰਬੰਧੀ ਸੈਟਰ ਦੀ ਹਕੂਮਤ ਵੱਲੋਂ ਅਸਰਦਾਰ ਤਰੀਕੇ ਕਿਉਂ ਨਹੀਂ ਕਦਮ ਉਠਾਏ ਜਾਂਦੇ ? ਜੋ ਭਾਰਤ ਦੀ ਵਿਦੇਸ਼ ਵਜ਼ੀਰ ਬੀਬੀ ਸੁਸ਼ਮਾ ਸਵਰਾਜ ਹੈ, ਜਿਸ ਕੋਲ ਵਿਦੇਸ਼ੀ ਮਾਮਲਿਆਂ ਦਾ ਵਿਭਾਗ ਹੈ, ਉਸ ਨੂੰ ਤਾਂ ਵਿਹਲਾ ਹੀ ਕੀਤਾ ਹੋਇਆ ਹੈ । ਕੇਵਲ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਦੁੱਖ ਹੀ ਸੁਣਦੀ ਹੈ, ਪਰ ਹੱਲ ਕੋਈ ਨਹੀਂ ਕੀਤਾ ਜਾ ਰਿਹਾ। ਜਦੋਂ ਮੈਂ ਪਾਰਲੀਮੈਂਟ ਵਿਚ ਸੀ, ਤਾਂ ਉਸ ਸਮੇਂ ਵਾਜਪਾਈ ਦੀ ਸਰਕਾਰ ਨੂੰ ਮੈਂ ਕਿਹਾ ਸੀ ਕਿ ਜੋ ਬਾਹਰਲੇ ਮੁਲਕਾਂ ਵਿਚ ਸਿੱਖਾਂ ਉਤੇ ਨਸਲੀ ਹਮਲੇ ਹੁੰਦੇ ਆ ਰਹੇ ਹਨ, ਇਹ ਇਸ ਲਈ ਹੋ ਰਹੇ ਹਨ ਕਿਉਂਕਿ ਸਿੱਖ ਕੌਮ ਦੀ ਜੋ ਦਸਤਾਰ ਕੇਸ ਤੇ ਦਾੜ੍ਹੀ ਹਨ, ਉਸੇ ਤਰ੍ਹਾਂ ਅਫ਼ਗਾਨੀਆਂ, ਇਰਾਕੀਆਂ ਅਤੇ ਇਰਾਨੀ ਵੀ ਇਸੇ ਤਰ੍ਹਾਂ ਦਸਤਾਰ ਤੇ ਦਾੜ੍ਹੀ ਰੱਖਦੇ ਹਨ। ਭਾਰਤ ਦੀ ਵਾਜਪਾਈ ਹਕੂਮਤ ਅਖ਼ਬਾਰਾਂ, ਮੀਡੀਏ, ਬਿਜਲਈ ਮੀਡੀਏ ਉਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਸੰਬੰਧੀ ਕੌਮਾਂਤਰੀ ਪੱਧਰ ਤੇ ਆਪਣੀ ਜਾਣਕਾਰੀ ਦੇਣ ਦੇ ਫਰਜ ਨਿਭਾਵੇ ਅਤੇ ਸਿੱਖ ਕੌਮ ਨੂੰ ਅਫਗਾਨੀਆਂ, ਇਰਾਕੀਆਂ ਅਤੇ ਇਰਾਨੀਆਂ ਤੋਂ ਵੱਖਰੇ ਤੌਰ ਤੇ ਵੱਖਰੀ ਕੌਮ ਵੱਜੋਂ ਉਭਾਰੇ । ਪਰ ਸਰਕਾਰ ਨੇ ਇਸ ਵੱਡੀ ਜਿੰਮੇਵਾਰੀ ਨੂੰ ਨਹੀਂ ਨਿਭਾਇਆ। ਇਹੀ ਵਜਹ ਹੈ ਕਿ ਸਿੱਖ ਕੌਮ ਅੱਜ ਅਮਰੀਕਨ ਦਹਿਸ਼ਤਗਰਦੀ ਦਾ ਬਿਨ੍ਹਾਂ ਵਜਹ ਸ਼ਿਕਾਰ ਬਣ ਰਹੀ ਹੈ ।
ਫਿਰ ਜੋ ਭਾਰਤ ਦੀ ਹਕੂਮਤ ਦੀਆਂ ਵਿਦੇਸ਼ਾਂ ਵਿਚ ਅੰਬੈਸੀਆਂ ਹਨ, ਉਸ ਵਿਚ ਹਿੰਦੂ ਕੱਟੜਵਾਦੀ ਸੋਚ ਅਧੀਨ ਬੋਲੀ, ਸੱਭਿਆਚਾਰ ਦੇ ਸਮੇਂ-ਸਮੇਂ ਤੇ ਪ੍ਰੋਗਰਾਮ ਹੁੰਦੇ ਹਨ । ਲੇਕਿਨ ਜੋ ਪੰਜਾਬੀਆਂ ਅਤੇ ਸਿੱਖ ਕੌਮ ਦੀ ਪੰਜਾਬੀ ਬੋਲੀ, ਸੱਭਿਆਚਾਰ, ਵਿਰਸਾ ਤੇ ਵਿਰਾਸਤ ਹੈ, ਉਸ ਸੰਬੰਧੀ ਇਹਨਾਂ ਅੰਬੈਸੀਆਂ ਵਿਚ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਂਦਾ। ਅਜਿਹੇ ਅਮਲ ਵੀ ਸਿੱਖ ਕੌਮ ਲਈ ਵਿਤਕਰੇ ਭਰੇ ਤੇ ਨਸ਼ਲੀ ਹਮਲਿਆਂ ਨੂੰ ਉਤਸਾਹਿਤ ਕਰਨ ਵਾਲੇ ਹਨ। ਸਿੱਖ ਤਾਂ ਕਾਂਗਰਸ, ਬੀਜੇਪੀ ਅਤੇ ਬਾਦਲ ਦਲ ਵਿਚ ਵੀ ਹਨ। ਫਿਰ ਇਹਨਾਂ ਜਮਾਤਾਂ ਵਿਚ ਬੈਠੇ ਸਿੱਖਾਂ ਉਤੇ ਹੋਣ ਵਾਲੇ ਨਸਲੀ ਹਮਲਿਆਂ ਦੀ ਆਵਾਜ਼ ਕਿਉਂ ਨਹੀਂ ਉਠਾਉਦੇ ? ਜੋ ਹਿੰਦ, ਪਾਕਿਸਤਾਨ ਅਤੇ ਚੀਨ ਦੇ ਵਿਚਕਾਰ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਗਟਾਉਂਦਾ ਹੋਇਆ ਬਫ਼ਰ ਸਟੇਟ ਜੋ ਸੰਪੂਰਨ ਪ੍ਰਭੂਸਤਾ ਅਤੇ ਬਾਦਸ਼ਾਹੀ ਵਾਲਾ ਹੋਵੇਗਾ, ਉਸ ਲਈ ਇਹਨਾਂ ਪਾਰਟੀਆਂ ਵਿਚ ਬੈਠੇ ਸਿੱਖ ਦਲੀਲ ਸਹਿਤ ਬਫ਼ਰ ਸਟੇਟ ਦੇ ਹੱਕ ਵਿਚ ਗੱਲ ਕਿਉਂ ਨਹੀਂ ਕਰ ਰਹੇ ?
ਜੋ ਇੰਡਸ ਵਾਟਰ ਟਰੀਟੀ ਉਤੇ 20-21 ਮਾਰਚ ਨੂੰ ਲਾਹੌਰ ਵਿਖੇ ਗੱਲਬਾਤ ਹੋਣ ਜਾ ਰਹੀ ਹੈ, ਉਸ ਅਨੁਸਾਰ ਚਨਾਬ, ਜਿਹਲਮ ਅਤੇ ਸਿੰਧ ਦਰਿਆਵਾਂ ਦੇ ਪਾਣੀ ਦਾ ਜੋ ਵਹਾਅ ਪਾਕਿਸਤਾਨ ਵੱਲ ਜਾ ਰਿਹਾ ਹੈ, ਭਾਰਤ ਉਸ ਨੂੰ ਆਪਣੇ ਵੱਲ ਮੋੜਨ ਦੀ ਗੱਲ ਕਰਨਾ ਚਾਹੁੰਦਾ ਹੈ। ਜੇਕਰ ਭਾਰਤ ਅਜਿਹਾ ਕਰ ਰਿਹਾ ਹੈ, ਤਾਂ ਪੰਜਾਬ ਵਿਚ ਵਹਿੰਦੇ ਦਰਿਆਵਾਂ ਸਤਲੁਜ, ਬਿਆਸ ਦੇ ਜੋ ਪਾਣੀ ਰੀਪੇਰੀਅਨ ਕਾਨੂੰਨ ਦੀ ਉਲੰਘਣਾ ਕਰਕੇ ਦਿੱਲੀ, ਹਰਿਆਣਾ ਅਤੇ ਰਾਜਸਥਾਨ ਨੂੰ ਨਿਰੰਤਰ ਵਹਾਅ ਜਾ ਰਿਹਾ ਹੈ, ਇਸ ਹੋਣ ਵਾਲੀ ਮੀਟਿੰਗ ਵਿਚ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਉਸੇ ਦਲੀਲ ਤੇ ਸੋਚ ਨਾਲ ਹੋਣੀ ਚਾਹੀਦੀ ਹੈ ਅਤੇ ਇਸ ਲਾਹੌਰ ਵਿਖੇ ਹੋ ਰਹੀ ਮੀਟਿੰਗ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੇ ਨੁਮਾਇੰਦੇ ਹਰ ਕੀਮਤ ਤੇ ਸਾਮਿਲ ਹੋਣੇ ਚਾਹੀਦੇ ਹਨ । ਸੈਂਟਰ ਦੀ ਹਕੂਮਤ ਪੰਜਾਬੀਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਇਹ ਜੁਆਬ ਦੇਵੇ ਕਿ ਇਨ੍ਹਾਂ ਨਾਲ ਵਿਚਰਦੇ ਹੋਏ ਵਿਤਕਰੇ ਕਿਉਂ ਕੀਤੇ ਜਾਂਦੇ ਹਨ ਅਤੇ ਦਲੀਲ ਤੇ ਕਾਨੂੰਨ ਅਨੁਸਾਰ ਇਹਨਾਂ ਨਾਲ ਗੱਲਬਾਤ ਕਰਨ ਤੋ ਤੇ ਇਨ੍ਹਾਂ ਦੇ ਮਸਲੇ ਹੱਲ ਕਰਨ ਤੋ ਪਿੱਠ ਕਿਉਂ ਦਿੱਤੀ ਜਾਂਦੀ ਆ ਰਹੀ ਹੈ ?