ਲੁਧਿਆਣਾ – ਅਫ਼ਗਾਨਿਸਤਾਨ ਤੋਂ ਆਈ 12 ਮੈਂਬਰੀ ਟੀਮ, ਜੋ ਕਿ ਬੀਜ ਉਤਪਾਦਨ ਦਾ ਕੰਮ ਕਰ ਰਹੇ ਹਨ, ਨੇ 6.3.2017 ਨੂੰ ਦੌਰਾ ਕੀਤਾ । ਡਾ. ਬਲਦੇਵ ਸਿੰਘ ਢਿੱਲੋਂ, ਕੁਲਪਤੀ ਵੱਲੋਂ ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਹਾਰਦਿਕ ਸੰਬੰਧਾਂ ਨੂੰ ਉਜਾਗਰ ਕਰਦਿਆਂ ਭਾਰਤੀ ਖੇਤੀਬਾੜੀ ਵਿੱਚ ਪੀਏਯੂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਡਾ. ਅਸ਼ੋਕ ਕੁਮਾਰ, ਨਿਰਦੇਸ਼ਕ ਖੋਜ ਨੇ ਪੀਏਯੂ ਦੀਆਂ ਵੱਖ ਵੱਖ ਖੋਜਾਂ ਅਤੇ ਪਸਾਰ ਪ੍ਰਾਪਤੀਆਂ ਦਾ ਸੰਖੇਪ ਵਿੱਚ ਬਿਉਰਾ ਦਿੱਤਾ ।
ਆਏ ਹੋਏ ਡੈਲੀਗੇਟਾਂ ਨੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਫ਼ਸਲ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਵੱਖ-ਵੱਖ ਫ਼ਸਲਾਂ ਤੇ ਕੰਮ ਕਰ ਰਹੇ ਵਿਗਿਆਨੀਆਂ ਨਾਲ ਵਿਚਾਰ ਚਰਚਾ ਵੀ ਕੀਤੀ। ਇਹਨਾਂ ਦੇ ਨਾਲ ਸਬਜ਼ੀ ਵਿਭਾਗ ਦੇ ਮੁੱਖੀ ਅਤੇ ਨਿਰਦੇਸ਼ਕ (ਬੀਜ) ਵੀ ਸਨ । ਉਹਨਾਂ ਨੇ ਗੱਲਬਾਤ ਦੌਰਾਨ ਭਾਰਤੀ ਬੀਜ ਐਕਟ, ਬੀਜ ਉਤਪਾਦਨ ਕਾਰਜ ਪ੍ਰਣਾਲੀ ਅਤੇ ਬੀਜ ਮਿਆਰ ਬਾਰੇ ਵੀ ਜ਼ਿਕਰ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਫ਼ਸਲਾਂ ਦੀਆਂ ਪ੍ਰਦਰਸ਼ਨੀਆਂ ਵਿਖਾਉਣ ਤੋਂ ਬਾਅਦ ਪੀਏਯੂ ਕੈਂਪਸ ਵਿਖੇ ਰਾਜਸੀ ਬੀਜ ਟੈਸਟਿੰਗ ਪ੍ਰਯੋਗਸ਼ਾਲਾ ਦਾ ਦੌਰਾ ਵੀ ਕਰਵਾਇਆ ਗਿਆ। ਇਸ ਤੋਂ ਪਿੱਛੋਂ ਟੀਮ ਨੇ ਲਾਢੋਵਾਲ ਵਿਖੇ ਯੂਨੀਵਰਸਿਟੀ ਦਾ ਸੀਡ ਫਾਰਮ ਅਤੇ ਸੀਡ ਗਰੇਡਿੰਗ ਅਤੇ ਪੈਕਿੰਗ ਯੂਨਿਟ ਦਾ ਦੌਰਾ ਕੀਤਾ। ਸਾਰੇ ਡੈਲੀਗੇਟ ਪੀਏਯੂ ਦੇ ਖਾਸ ਕਰਕੇ ਬੀਜ ਖੇਤਰ ਵਿੱਚ ਕੀਤੇ ਵਿਕਾਸ ਤੋਂ ਬਹੁਤ ਪ੍ਰਭਾਵਿਤ ਹੋਏ ।