ਨਵੀਂ ਦਿੱਲੀ : ਪਿੰਡ ਮਾਦੀਪੁਰ ਵਿਖੇ ਨਵੇਂ ਬਣਾਏ ਸਟੇਡੀਅਮ ਦਾ ਉਦਘਾਟਨ ਅੱਜ ਕੀਤਾ ਗਿਆ। ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਇਹ ਸਟੇਡੀਅਮ 5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਇਸ ਵਿਚ ਸਟੇਡੀਅਮ ਵਿਚ 2164 ਵਿਅਕਤੀਆਂ ਦੇ ਬੈਠਣ ਦੀ ਥਾਂ ਹੈ ਜਦਕਿ ਇਸ ਵਿਚ 8 ਲੇਨਜ਼ ਵਾਲਾ ਰਨਿੰਗ ਟਰੈਕ, ਜਿਮਨੇਜ਼ੀਅਮ, ਬਾਸਕਟਬਾਲ ਕੋਰਟ ਤੇ 135 ਕਾਰਾਂ ਲਈ ਪਾਰਕਿੰਗ ਵੱਖਰੇ ਤੌਰ ‘ਤੇ ਹੈ।
ਸਮਾਗਮ ਵਿਚ ਮੇਅਰ ਐਸ ਡੀ ਐਮ ਸੀ ਸ੍ਰੀ ਸ਼ਿਆਮ ਸ਼ਰਮਾ, ਮਨੋਜ ਤਿਵਾੜੀ ਪ੍ਰਧਾਨ ਭਾਜਪਾ ਦਿੱਲੀ ਸਟੇਟ ਅਤੇ ਮੈਂਬਰ ਪਾਰਲੀਮੈਂਟ, ਸਾਹਿਬ ਸਿੰਘ ਵਰਮਾ ਮੈਂਬਰ ਪਾਰਲੀਮੈਂਟ ਪੱਛਮੀ ਜ਼ਿਲਾ, ਸ੍ਰ. ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਵਿਧਾਇਕ ਰਾਜੌਰੀ ਗਾਰਡਨ, ਐਸ ਸੀ ਪ੍ਰਧਾਨ ਦਿੱਲੀ ਸਟੇਟ ਮੋਹਨ ਲਾਲ ਗੇਰਾ, ਸ੍ਰੀਮਤੀ ਸਤਵਿੰਦਰ ਕੌਰ ਸਿਰਸਾ ਐਮ ਸੀ ਪੰਜਾਬੀ ਬਾਗ, ਵੈਸਟ ਡਿਸਟ੍ਰਿਕਟ ਭਾਜਪਾ ਪ੍ਰਧਾਨ ਰਮੇਸ਼ ਖੰਨਾ, ਵੈਸਟ ਡਿਸਟ੍ਰਿਕਟ ਭਾਜਪਾ ਮੀਤ ਪ੍ਰਧਾਨ ਮਹੇਸ਼ ਯਾਦਵ, ਕੈਲਾਸ਼ ਸੰਕਲਾ, ਭਾਜਪਾ ਪ੍ਰਧਾਨ ਪੰਜਾਬੀ ਬਾਗ ਰਮੇਸ਼ ਯਾਦਵ, ਗੁਲਸ਼ਨ ਖਰਬੰਦਾ, ਦਵਿੰਦਰ ਯਾਦਵ, ਰਮੇਸ਼ ਯਾਦਵ, ਸੁੰਦਰ ਨਿਗਮ ਵਾਰਡ ਨੰ. 104 ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।
ਇਸ ਸਮਾਗਮ ਨੂੰ ਸੰਬੋਧਨ ਕਰਦਆਿਂ ਸ੍ਰੀ ਮਨੋਜ ਤਿਵਾੜੀ ਤੇ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਮੇਅਰ ਸ੍ਰੀ ਸ਼ਿਆਮ ਸ਼ਰਮਾ ਤੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਟੇਡੀਅਮ ਦਾ ਕੰਮ ਨਿਰਧਾਰਿਤ ਸਮੇਂ ਵਿਚ ਪੂਰਾ ਕਰਵਾਉਣ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦੀ ਟੀਮ ਇਲਾਕੇ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਦਿੱਲੀ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਉਪਲਬਧ ਕਰਵਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਮਾਦੀਪੁਰ ਦੇ ਲੋਕ ਉਹਨਾਂ ਦੇ ਬਹੁਤ ਨਜ਼ਦੀਕੀ ਹਨ ਜਿਹਨਾਂ ਨੇ ਨਗਰ ਨਿਗਮ ਦੀਆਂ ਚੋਣਾਂ ਵਿਚ ਸ੍ਰੀਮਤੀ ਸਤਵਿੰਦਰ ਕੌਰ ਸਿਰਸਾ ਦੀ ਡਟਵੀਂ ਤੇ ਦਿਲੋਂ ਹਮਾਇਤ ਕੀਤੀ ਜਿਸਦੀ ਬਦੌਲਤ ਉਹ ਨਗਰ ਨਿਗਮ ਵਿਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਕੌਂਸਲਰ ਬਣੇ।
ਸ੍ਰ. ਸਿਰਸਾ ਨੇ ਕਿਹਾ ਕਿ ਉਹ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕੀਤੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਨ ਤੇ ਮਾਦੀਪੁਰ ਵਿਚ ਸਟੇਡੀਅਮ ਦਾ ਨਿਰਮਾਣ ਇਹਨਾਂ ਵਾਅਦਿਆਂ ਵਿਚੋਂ ਇਕ ਸੀ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਉਹ ਆਪਣੀ ਇਕਰਾਰ ਅਨੁਸਾਰ ਇਲਾਕੇ ਦੇ ਵਿਕਾਸ ਕਾਰਜ ਜਾਰੀ ਰੱਖਣਗੇ।