ਫ਼ਤਹਿਗੜ੍ਹ ਸਾਹਿਬ – “ਜੋ ਬੀਤੇ ਕੁਝ ਦਿਨ ਪਹਿਲੇ ਹਰਿਆਣਾ ਦੇ ਪਿੰਡ ਸਗਾ ਵਿਚ ਇਕ ਰੰਘਰੇਟੇ ਪਰਿਵਾਰ ਦੇ ਲੜਕੇ ਦੀ ਵਿਆਹ ਦੀ ਖੁਸ਼ੀ ਵਿਚ ਘੋੜੀ ਚੜ੍ਹਨ ਸਮੇਂ ਦੀ ਰਸਮ ਮੌਕੇ ਉਥੋ ਦੀ ਬਹੁਗਿਣਤੀ ਬਿਸਨੋਈ ਜਾਟਾਂ ਨੇ ਰੰਘਰੇਟੇ ਪਰਿਵਾਰ ਨੂੰ ਘੋੜੀ ਚੜ੍ਹਨ ਤੋਂ ਰੋਕ ਕੇ ਜੋ ਤਾਨਾਸ਼ਾਹੀ ਅਤੇ ਖੁਸ਼ੀ ਵਿਚ ਰੁਕਾਵਟ ਪਾਉਣ ਦੇ ਅਮਲ ਕੀਤੇ ਹਨ, ਉਹ ਅਤਿ ਦੁੱਖਦਾਇਕ ਅਤੇ ਬਰਦਾਸ਼ਤ ਕਰਨ ਯੋਗ ਨਹੀਂ ਹਨ। ਇਹ ਕੱਟੜਵਾਦੀ ਹਿੰਦੂਤਵ ਸੋਚ ਵਾਲਿਆਂ ਦੀ ਰੰਘਰੇਟਿਆਂ ਅਤੇ ਲਤਾੜੇ ਵਰਗਾਂ ਉਤੇ ਕੀਤੇ ਜਾਣ ਵਾਲੇ ਜ਼ਬਰ-ਜੁਲਮ ਦੀ ਮੂੰਹ ਬੋਲਦਾ ਪ੍ਰਤੱਖ ਪ੍ਰਮਾਣ ਹੈ। ਇਸ ਹੋਏ ਅਣਮਨੁੱਖੀ ਅਤੇ ਗੈਰ-ਸਮਾਜਿਕ ਵਰਤਾਰੇ ਨੂੰ ਦੇਖਕੇ ਕੋਈ ਵੀ ਸੂਝਵਾਨ, ਇਨਸਾਫ਼ ਪਸੰਦ ਅਤੇ ਸੱਚ ਉਤੇ ਪਹਿਰਾ ਦੇਣ ਵਾਲਾ ਧਰਮੀ ਵਿਅਕਤੀ ਜਾਂ ਨਾਗਰਿਕ ਇਥੋਂ ਦੇ ਰਾਜ ਪ੍ਰਬੰਧ ਨੂੰ ਨਿੰਦਣ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ। ਬੇਸ਼ੱਕ ਭਾਰਤ ਦਾ ਵਿਧਾਨ ਧਾਰਾ 14, 19 ਅਤੇ 21 ਰਾਹੀ ਇਥੋਂ ਦੇ ਸੱਭ ਬਸਿੰਦਿਆਂ ਤੇ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ, ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਹਰ ਨਾਗਰਿਕ ਦੇ ਜਾਨ-ਮਾਲ ਦੀ ਰੱਖਿਆ ਦੇ ਹੱਕ ਪ੍ਰਦਾਨ ਕਰਦਾ ਹੈ। ਪਰ ਇਥੋਂ ਦੇ ਹੁਕਮਰਾਨ, ਹਿੰਦੂਤਵ ਜਮਾਤਾਂ ਅਤੇ ਆਗੂਆਂ ਦੇ ਅਮਲ ਗੈਰ-ਇਨਸਾਨੀ ਅਤੇ ਗੈਰ-ਵਿਧਾਨਿਕ ਹਨ। ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਨ ਦੇ ਨਾਲ-ਨਾਲ ਹਰਿਆਣੇ ਦੇ ਸਗਾ ਪਿੰਡ ਦੇ ਸੰਬੰਧਤ ਕਾਂਡ ਨਾਲ ਦੋਸ਼ੀ ਬਿਸ਼ਨੋਈ ਜਾਟਾਂ ਨੂੰ ਤੁਰੰਤ ਕਾਨੂੰਨ ਦੇ ਹਵਾਲੇ ਕਰਕੇ ਅਗਲੇਰੀ ਕਾਰਵਾਈ ਕਰਨ ਦੀ ਮੰਗ ਕਰਦਾ ਹੈ। ਕਿਉਂਕਿ ਭਾਰਤ ਵਰਗੇ ਜਮਹੂਰੀ ਮੁਲਕ ਵਿਚ ਬਹੁਗਿਣਤੀ ਵੱਲੋਂ ਰੰਘਰੇਟਿਆਂ ਅਤੇ ਘੱਟ ਗਿਣਤੀ ਕੌਮਾਂ ਨਾਲ ਅਜਿਹਾ ਅਣਮਨੁੱਖੀ ਵਰਤਾਰਾ ਬਿਲਕੁਲ ਬਰਦਾਸ਼ਤ ਕਰਨ ਯੋਗ ਨਹੀਂ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਗਾ ਪਿੰਡ ਵਿਚ ਇਕ ਰੰਘਰੇਟੇ ਪਰਿਵਾਰ ਦੇ ਲੜਕੇ ਵੱਲੋਂ ਘੋੜੀ ਚੜ੍ਹਨ ਸਮੇਂ ਬਹੁਗਿਣਤੀ ਨਾਲ ਸੰਬੰਧਤ ਬਿਸਨੋਈ ਜਾਟਾਂ ਵੱਲੋਂ ਘੋੜੀ ਨਾ ਚੜ੍ਹਨ ਦੇਣ ਦੇ ਗੈਰ-ਇਨਸਾਨੀ ਅਤੇ ਗੈਰ-ਵਿਧਾਨਿਕ ਕੀਤੇ ਗਏ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਦੇ ਹਵਾਲੇ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਜਦੋਂ ਹਰਿਆਣੇ ਵਿਚ ਜਾਟ ਅੰਦੋਲਨ ਹੋਇਆ ਤਾਂ ਉਸ ਅੰਦੋਲਨ ਦੀ ਆੜ ਵਿਚ ਹਿੰਦੂ ਕੱਟੜਵਾਦੀ ਜਮਾਤਾਂ ਨੇ ਕੇਵਲ ਸਰਕਾਰੀ ਤੇ ਪ੍ਰਾਈਵੇਟ ਜਾਇਦਾਦਾਂ ਦਾ ਹੀ ਕਰੋੜਾਂ-ਅਰਬਾਂ ਦਾ ਨੁਕਸਾਨ ਹੀ ਨਹੀਂ ਕੀਤਾ, ਬਲਕਿ ਪੰਜਾਬੀ ਧੀਆਂ-ਭੈਣਾਂ ਨਾਲ ਬਲਾਤਕਾਰ ਕਰਕੇ ਅਤੇ ਇਨਸਾਨੀ ਜਿੰਦਗੀਆਂ ਨੂੰ ਖ਼ਤਮ ਕਰਕੇ ਇਥੋਂ ਦੇ ਇਖ਼ਲਾਕ ਦਾ ਤੇ ਇਨਸਾਨੀ ਕਦਰਾਂ-ਕੀਮਤਾ ਦਾ ਜਨਾਜਾਂ ਹੀ ਕੱਢਿਆ ਸੀ । ਅਜਿਹੀ ਸਾਜ਼ਿਸ ਇਸ ਲਈ ਕੀਤੀ ਗਈ ਤਾਂ ਕਿ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਅਤੇ ਰੰਘਰੇਟੇ ਪਰਿਵਾਰਾਂ ਵਿਚ ਬਹੁਗਿਣਤੀਆਂ ਦੀ ਦਹਿਸ਼ਤ ਪੈਦਾ ਕੀਤੀ ਜਾ ਸਕੇ। ਇਸੇ ਤਰ੍ਹਾਂ 2002 ਵਿਚ ਗੁਜਰਾਤ ਵਿਚ ਜਦੋਂ ਮੋਦੀ ਦੀ ਹਕੂਮਤ ਸੀ, ਉਥੇ ਵੀ ਸਾਜ਼ਸੀ ਢੰਗ ਨਾਲ 2 ਹਜ਼ਾਰ ਦੇ ਕਰੀਬ ਮੁਸਲਮਾਨਾਂ ਨੂੰ ਮੌਤ ਦੀ ਘਾਟਾ ਉਤਾਰ ਦਿੱਤਾ ਗਿਆ ਸੀ ਅਤੇ 2013 ਵਿਚ ਗੁਜਰਾਤ ਵਿਚ ਬੀਤੇ 50-50, 60-60 ਸਾਲਾ ਤੋਂ ਪੱਕੇ ਤੌਰ ਤੇ ਵੱਸੇ ਅਤੇ ਆਪਣੀਆਂ ਜਮੀਨਾਂ ਦੇ ਮਾਲਕੀ ਦਾ ਹੱਕ ਰੱਖਣ ਵਾਲੇ 60 ਹਜ਼ਾਰ ਦੇ ਕਰੀਬ ਸਿੱਖ ਜਿੰਮੀਦਾਰਾਂ ਨੂੰ ਇਸ ਹਿੰਦੂਤਵ ਸੋਚ ਅਧੀਨ ਉਨ੍ਹਾਂ ਦੀਆਂ ਜਮੀਨਾਂ ਅਤੇ ਘਰਾਂ ਤੋਂ ਜ਼ਬਰੀ ਉਜਾੜ ਦਿੱਤਾ ਗਿਆ ਸੀ। ਇਹ ਵੀ ਹਿੰਦੂਤਵ ਜਮਾਤਾਂ ਦੀ ਘੱਟ ਗਿਣਤੀਆਂ ਉਤੇ ਜ਼ਬਰ-ਜੁਲਮ ਦੀ ਪ੍ਰਤੱਖ ਮੂੰਹ ਬੋਲਦੀ ਤਸਵੀਰ ਹੈ। 2000 ਵਿਚ ਜੰਮੂ ਕਸ਼ਮੀਰ ਵਿਚ ਵੱਸਣ ਵਾਲੇ 43 ਦੇ ਕਰੀਬ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਗੋਲੀ ਦਾ ਨਿਸ਼ਾਨਾਂ ਬਣਾ ਦਿੱਤਾ ਗਿਆ ਸੀ। ਉੜੀਸਾ ਵਿਚ ਇਕ ਆਸਟ੍ਰੇਲੀਅਨ ਪ੍ਰਚਾਰਕ ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਨਿਰਦੋਸ਼ ਬੱਚਿਆਂ ਨੂੰ ਇਕ ਬੈਨ ਵਿਚ ਸਫ਼ਰ ਕਰਦੇ ਹੋਏ ਇਨ੍ਹਾਂ ਕੱਟੜਵਾਦੀਆਂ ਨੇ ਅੱਗ ਲਗਾਕੇ ਜਿਊਦੇ ਸਾੜ ਦਿੱਤੇ ਸਨ। ਨਨਜ਼ਾਂ ਨਾਲ ਬਲਾਤਕਾਰ ਕੀਤੇ ਗਏ, ਇਸਾਈਆਂ ਦੇ ਚਰਚਾਂ ਉਤੇ ਹਮਲੇ ਕੀਤੇ ਗਏ, ਉਨ੍ਹਾਂ ਵਿਚ ਦਹਿਸ਼ਤ ਪਾਈ ਗਈ। ਲੰਮੇ ਸਮੇਂ ਤੋਂ ਇਹ ਹੁਕਮਰਾਨ ਘੱਟ ਗਿਣਤੀ ਕੌਮਾਂ ਅਤੇ ਰੰਘਰੇਟਿਆਂ ਉਤੇ ਵਿਧਾਨ ਦੀਆਂ ਧਰਾਵਾਂ 14, 19 ਅਤੇ 21 ਦਾ ਘੋਰ ਉਲੰਘਣ ਕਰਕੇ ਨਿਰੰਤਰ ਬੇਇਨਸਾਫ਼ੀਆਂ, ਵਿਤਕਰੇ ਅਤੇ ਜ਼ਬਰ-ਜੁਲਮ ਕਰਦੇ ਆ ਰਹੇ ਹਨ । ਇਹ ਹੋਰ ਵੀ ਦੁੱਖ ਤੇ ਅਫ਼ੋਸਸ ਵਾਲੇ ਅਮਲ ਹਨ ਕਿ ਅਜਿਹਾ ਕੁਝ ਇੱਕ ਸੋਚੀ ਸਮਝੀ ਸਾਜ਼ਿਸ ਅਧੀਨ ਘੱਟ ਗਿਣਤੀ ਕੌਮਾਂ ਨੂੰ ਅਤੇ ਰੰਘਰੇਟੇ ਵਰਗਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾਉਣ ਲਈ ਕੀਤਾ ਜਾਂਦਾ ਆ ਰਿਹਾ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ, ਮੁਸਲਿਮ, ਇਸਾਈ ਕੌਮਾਂ ਅਤੇ ਰੰਘਰੇਟੇ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ।
ਸ. ਮਾਨ ਨੇ ਮੋਦੀ ਹਕੂਮਤ, ਆਰ. ਐਸ. ਐਸ, ਬੀਜੇਪੀ, ਸਿਵ ਸੈਨਾ, ਹਿੰਦੂ ਸੁਰੱਖਿਆ ਸਮਿਤੀ, ਬਜਰੰਗ ਦਲ ਆਦਿ ਕੱਟੜਵਾਦੀ ਜਮਾਤਾਂ, ਆਗੂਆਂ ਨੂੰ ਇਸ ਅਤਿ ਗੰਭੀਰ ਵਿਸ਼ੇ ਉਤੇ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਮੋਦੀ ਹਕੂਮਤ ਨੇ ਇਸ ਦਿਸ਼ਾ ਵੱਲ ਅਮਲੀ ਰੂਪ ਵਿਚ ਸੁਧਾਰ ਨਾ ਕੀਤਾ ਅਤੇ ਬਹੁਗਿਣਤੀ ਹੁਕਮਰਾਨਾਂ ਅਤੇ ਜਮਾਤਾਂ ਨੂੰ ਸਹਿਣਸ਼ੀਲਤਾ ਦਾ ਅਮਲੀ ਰੂਪ ਵਿਚ ਪਾਠ ਨਾ ਪੜ੍ਹਾਇਆ ਤਾਂ ਆਉਣ ਵਾਲੇ ਸਮੇਂ ਵਿਚ ਅਜਿਹੇ ਵਿਤਕਰੇ ਭਰੇ ਅਮਲਾਂ ਦੀ ਬਦੌਲਤ ਘੱਟ ਗਿਣਤੀ ਕੌਮਾਂ ਅਤੇ ਰੰਘਰੇਟਿਆਂ ਵੱਲੋਂ ਉਤਪੰਨ ਹੁੰਦੇ ਜਾ ਰਹੇ ਵੱਡੇ ਰੋਹ ਅਤੇ ਜ਼ਲਾਲਤ ਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਮੋਦੀ ਹਕੂਮਤ ਤੇ ਕੱਟੜਵਾਦੀ ਜਮਾਤਾਂ ਜਿੰਮੇਵਾਰ ਹੋਣਗੀਆਂ। ਇਸ ਲਈ ਸਾਡੀ ਇਨ੍ਹਾਂ ਹੁਕਮਰਾਨਾਂ ਅਤੇ ਬਹੁਗਿਣਤੀ ਕੱਟੜਵਾਦੀ ਸੰਗਠਨਾਂ ਨੂੰ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਇਹ ਰਾਏ ਹੈ ਕਿ ਉਹ ਵਿਧਾਨਿਕ ਨਿਯਮਾਂ ਤੇ ਹੱਕਾਂ ਦਾ ਉਲੰਘਣ ਕਰਕੇ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾਣ ਵਾਲੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਨੂੰ ਤੁਰੰਤ ਬੰਦ ਕਰ ਦੇਣ ਤਾਂ ਇਹ ਇਥੋਂ ਦੇ ਅਮਨ-ਚੈਨ ਤੇ ਜਮਹੂਰੀਅਤ ਲਈ ਬਿਹਤਰ ਹੋਵੇਗਾ ।