ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਨਵੀਂ ਪਾਰੀ ਦੇ ਟੀਚੇਆਂ ਨੂੰ ਕਾਫ਼ੀ ਹਦ ਤਕ ਸਾਫ਼ ਕਰ ਦਿੱਤਾ ਹੈ। ਹੋਲੇ ਮਹੱਲੇ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਜੀ.ਕੇ. ਨੇ ਅਗਲੇ 4 ਸਾਲਾ ਦੌਰਾਨ ਕੀਤੇ ਜਾਣ ਵਾਲੇ ਮੁਖ ਕਾਰਜਾਂ ਦਾ ਰੋਡਮੈਪ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਪੇਸ਼ ਕੀਤਾ।
ਜੀ.ਕੇ. ਨੇ ਹੋਲੇ ਮਹੱਲੇ ਦੇ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਸਕੂਲਾਂ ਵਿਚ ਛੇਤੀ ਹੀ ਗੱਤਕਾ ਸਿੱਖਲਾਈ ਸ਼ੁਰੂ ਕਰਨ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਨੂੰ ਸ਼ਸਤ੍ਰ ਵਿਦਿਆ ਰੂਪੀ ਦਿੱਤੀ ਗਈ ਨਿਵੇਕਲੀ ਦਾਤ ਦੀ ਰਾਖੀ ਕਰਨ ਲਈ ਬੱਚਿਆਂ ਨੂੰ ਗੱਤਕੇ ਨਾਲ ਜੋੜਨਾ ਮਾਨਸਿਕ ਅਤੇ ਸ਼ਰੀਰਿਕ ਨਿਪੁੰਨਤਾ ਵਾਸਤੇ ਜਰੂਰੀ ਹੈ।
2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸੰਸਾਰਭਰ ਵਿਖੇ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਉਣ ਦੀ ਤਿਆਰੀਆਂ ਕਮੇਟੀ ਵੱਲੋਂ ਸ਼ੁਰੂ ਕਰਨ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਗੁਰੂ ਸਾਹਿਬ ਜੀ ਨਾਲ ਸਬੰਧਿਤ ਵਿਦੇਸ਼ਾ ਵਿਚ ਸਥਾਪਿਤ ਪ੍ਰਮਾਣਿਕ ਤਥਾਂ ਨੂੰ ਸੰਭਾਲਣ ਲਈ ਜਤਨ ਕਰਨ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਅਗਲੇ 4 ਸਾਲਾ ਦੌਰਾਨ ਪਿੱਛਲੀ ਵਾਰ ਤੋਂ ਵੱਧ ਕੰਮ ਕਰਨ ਦਾ ਭਰੋਸਾ ਸੰਗਤ ਨੂੰ ਦਿੰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਤਰਜ ਤੇ ਹਰੀ ਸਿੰਘ ਨਲੂਆ, ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜੀਆ ਦਾ ਬੁੱਤ ਦਿੱਲੀ ਵਿਚ ਲਗਾਉਣ ਦਾ ਐਲਾਨ ਕੀਤਾ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ 25-26 ਮਾਰਚ ਨੂੰ ਦਿੱਲੀ ਫਤਹਿ ਦਿਵਸ ਲਾਲ ਕਿਲੇ ’ਤੇ ਮਨਾਉਣ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਸਿਰਸਾ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਸਾਡੇ ’ਤੇ ਤਰਸ ਕਰਕੇ ਜਿਸ ਤਰੀਕੇ ਨਾਲ ਬੀਤੇ 4 ਸਾਲਾ ਵਿਚ ਸੇਵਾਵਾਂ ਲਈਆਂ ਹਨ ਉਹ ਬੇਮਿਸਾਲ ਹੋਣ ਦੇ ਨਾਲ ਹੀ ਸਿੱਖ ਕੌਮ ਦਾ ਮਾਣ ਵਧਾਉਣ ਵਾਲਿਆਂ ਸਾਬਤ ਹੋਇਆ ਹਨ। ਇਸ ਕਰਕੇ ਸਾਡੇ ਤੋਂ ਸੰਗਤਾਂ ਦੀਆਂ ਉਮੀਦਾ ਕਾਫ਼ੀ ਵੱਧ ਗਈਆਂ ਹਨ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਮੇਟੀ ਵੱਲੋਂ ਉਲੀਕੇ ਜਾ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਕਮੇਟੀ ਮੈਂਬਰ ਚਮਨ ਸਿੰਘ ਵੱਲੋਂ ਨਿਭਾਈ ਗਈ।ਇਸ ਮੌਕੇ ਕਮੇਟੀ ਮੈਂਬਰ ਤਰਵਿੰਦਰ ਸਿੰਘ ਮਾਰਵਾਹ, ਪਰਮਜੀਤ ਸਿੰਘ ਚੰਢੋਕ, ਤਨਵੰਤ ਸਿੰਘ, ਨਿਸ਼ਾਨ ਸਿੰਘ ਮਾਨ, ਸਵਰਣ ਸਿੰਘ ਬਰਾੜ, ਅਕਾਲੀ ਆਗੂ ਹਰਮੀਤ ਸਿੰਘ ਭੋਗਲ, ਹਰਚਰਣ ਸਿੰਘ ਗੁਲਸ਼ਨ, ਹਰਵਿੰਦਰ ਸਿੰਘ ਰਾਜਾ ਤੇ ਬੀਰ ਖਾਲਸਾ ਦੇ ਆਗੂ ਸੁਰਿੰਦਰ ਸਿੰਘ ਬਿੱਲਾ ਮੌਜੂਦ ਸਨ। ਪੰਥ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਇਸ ਮੌਕੇ ਕੀਤੇ ਗਏ ਕੀਰਤਨ ਦੋਰਾਨ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।