ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੁਆਰਾ ਪ੍ਰਤੀਨਿਧੀ ਸਭਾ ਵਿੱਚ ਓਬਾਮਾ ਕੇਅਰ ਦੇ ਸਥਾਨ ਤੇ ਨਵਾਂ ਹੈਲਥ ਕੇਅਰ ਬਿੱਲ ਪਾਸ ਕਰਵਾਉਣ ਦੇ ਯਤਨਾਂ ਨੂੰ ਵੱਡਾ ਝੱਟਕਾ ਲਗਾ ਹੈ। ਅਮਰੀਕਾ ਦੇ ਹਾਊਸ ਆਫ਼ ਰੀਪ੍ਰਜੈਂਟਿਵ ਦੇ ਸਪੀਕਰ ਪਾਲ ਰੇਅਨ ਅਨੁਸਾਰ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਬਿੱਲ ਦੇ ਪੱਖ ਵਿੱਚ ਰੀਪਬਲੀਕਨ ਪ੍ਰਤੀਨਿਧੀਆਂ ਦੇ ਜਰੂਰੀ 216 ਵੋਟ ਪ੍ਰਾਪਤ ਨਹੀਂ ਹੋਣਗੇ ਤਾਂ ਮੇਰੇ ਅਤੇ ਟਰੰਪ ਦੁਆਰਾ ਵੋਟਿੰਗ ਨਾ ਕਰਵਾਉਣ ਦਾ ਨਿਰਣਾ ਲਿਆ ਗਿਆ।
ਟਰੰਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪੁਰਾਣੇ ਕਾਨੂੰਨ ‘ਓਬਾਮਾ ਕੇਅਰ’ ਨੂੰ ਬਦਲ ਕੇ ਨਵਾਂ ‘ਹੈਲਥ ਕੇਅਰ’ ਕਾਨੂੰਨ ਬਣਾਉਣਾ ਚਾਹੁੰਦੇ ਹਨ। ਇਹ ਉਨ੍ਹਾਂ ਦੇ ਚੋਣ ਵਾਅਦਿਆਂ ਦੌਰਾਨ ਕੀਤਾ ਗਿਆ ਇੱਕ ਮੁੱਖ ਮੁੱਦਾ ਸੀ। ਖ਼ਬਰਾਂ ਅਨੁਸਾਰ 28 ਤੋਂ 35 ਰੀਪਬਲੀਕਨ ਨੇਤਾਵਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਸੀ।ਸਪੀਕਰ ਪਾਲ ਰੇਅਨ ਨੇ ਕਿਹਾ, ‘ ਅਸੀਂ ਕਾਫ਼ੀ ਕਰੀਬ ਪਹੁੰਚ ਗਏ ਸੀ, ਪਰ ਅਸੀਂ ਜਰੂਰੀ ਸਮੱਰਥਣ ਨਹੀਂ ਜੁਟਾ ਸਕੇ। ਸਾਨੂੰ ਨਿਕਟ ਭਵਿੱਖ ਵਿੱਚ ਓਬਾਮਾ ਕੇਅਰ ਦੇ ਨਾਲ ਹੀ ਰਹਿਣਾ ਪਵੇਗਾ।’
ਟਰੰਪ ਨੇ ਕਿਹਾ ਕਿ ਉਹ ਇਸ ਤੇ ਬਹੁਤ ਨਾਰਾਜ਼ ਹਨ। ਸਪੀਕਰ ਰੇਅਨ ਨੇ ਕਿਹਾ ਕਿ ਇਹ ਕਹਾਣੀ ਦਾ ਅੰਤ ਨਹੀਂ ਹੈ। ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੈਨਸੀ ਪਲੋਸੀ ਨੇ ਇਸ ਨੂੰ ਅਮਰੀਕੀ ਲੋਕਾਂ ਦੀ ਜਿੱਤ ਕਰਾਰ ਦਿੱਤਾ।