ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦਾ ਸਾਲਾਨਾ ਸਮਾਗਮ ਰੌਣਕਾਂ ਅਤੇ ਮਨੋਰੰਜਨ ਭਰਪੂਰ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋ ਗਿਆ । ਇਸ ਦੌਰਾਨ ਜਿੱਥੇ ਪੰਜਾਬ ਦੇ ਸਭਿਆਚਾਰ ਗਿੱਧਾ ਤੇ ਭੰਗੜਾ ਨੇ ਰੌਣਕਾਂ ਲਾਈਆਂ ਉੱਥੇ ਹੀ ਵੱਖ-ਵੱਖ ਫੁੱਲਾਂ ਦੇ ਗੁਲਦਸਤੇ ਵਾਂਗ ਹੋਰਨਾਂ ਪ੍ਰਦੇਸ਼ਾਂ ਤੋਂ ਪੜਨ ਆਏ ਵਿਦਿਆਰਥੀਆਂ ਨੇ ਆਪਣੇ ਪ੍ਰਦੇਸ਼ਾਂ ਦੇ ਨ੍ਰਿਤ ਪੇਸ਼ ਕਰਕੇ ਦਰਸ਼ਕਾਂ ਨੂੰ ਖੂਬ ਰੁਮਾਂਚਿਤ ਕੀਤਾ । ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਚੇਅਰਮੈਨ ਵਿਜੇ ਗੁਪਤਾ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ। ਜਿਸ ਤੋਂ ਬਾਅਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਿਤਾ ਪਰਮੇਸ਼ਰ ਦੀ ਉਸਤਤ ‘ਚ ਸ਼ਬਦ ਗਾਇਨ ਕਰਕੇ ਪ੍ਰੋਗਰਾਮ ਨੂੰ ਅੱਗੇ ਵਧਾਇਆ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕਈ ਹਾਸ-ਰਸ ਸਕਿੱਟਾਂ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ। ਇਸ ਦੇ ਨਾਲ ਵਿਦਿਆਰਥੀਆਂ ਵੱਲੋਂ ਫ਼ੈਸ਼ਨ ਸ਼ੋ ਅਤੇ ਰਾਂਕ ਬੈਂਡ ਦੀ ਪੇਸ਼ਕਸ਼ ਆਪਣੀ ਅਲੱਗ ਛਾਪ ਛੱਡਦੀ ਨਜ਼ਰ ਆਈ। ਪੰਜਾਬ ਦੀ ਸ਼ਾਨ ਗਿੱਧਾ ਤੇ ਭੰਗੜੇ ਦੇ ਤਾਲ ਤੇ ਵਿਦਿਆਰਥੀ ਸੀਟਾਂ ਤੇ ਉੱਠ ਕੇ ਤਾੜੀਆਂ ਅਤੇ ਸੀਟੀਆਂ ਮਾਰਦੇ ਨਜ਼ਰ ਆਏ।
ਇਸ ਮੌਕੇ ਤੇ ਚੇਅਰਮੈਨ ਗੁਪਤਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਸਿੱਖਿਆਂ ਵਿਦਿਆਰਥੀਆਂ ਨੂੰ ਸਫਲਤਾ ਦੀ ਉਚਾਈ ਤੇ ਲੈ ਕੇ ਜਾਂਦੀ ਹੈ ਪਰ ਅਸਲ ਕਾਮਯਾਬੀ ਉਹੀ ਹਾਸਿਲ ਕਰਦੇ ਹਨ ਜੋ ਸਖ਼ਤ ਮਿਹਨਤ,ਅਨੁਸ਼ਾਸਨ ਅਤੇ ਅਸੂਲਾਂ ਤੇ ਚਲਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਟੇਜ ਤੇ ਵੱਖ ਵੱਖ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਦੇ ਪੇਸ਼ਕਾਰੀ ਨੂੰ ਸਲਾਹੁੰਦੇ ਹੋਏ ਵਿਦਿਆਰਥੀਆਂ ਨੂੰ ਇਸ ਗੱਲ ਦੀ ਵਧਾਈ ਦਿਤੀ ਕਿ ਉਹ ਐਲ ਸੀ ਈ ਟੀ ‘ਚ ਆਪਣੀ ਪੜਾਈ ਦੌਰਾਨ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੜਨ ਆਏ ਨਵੇਂ ਦੋਸਤ ਬਣਾ ਰਹੇ ਹਨ । ਇਸ ਖ਼ੂਬਸੂਰਤ ਸਮਾਰੋਹ ਦੀ ਸਮਾਪਤੀ ਪ੍ਰੋ ਪ੍ਰਤੀਕ ਕਾਲੀਆ ਵੱਲੋਂ ਸਾਰਿਆ ਦੇ ਧੰਨਵਾਦ ਨਾਲ ਕੀਤੀ ਗਈ ।