ਵਾਸ਼ਿੰਗਟਨ – ਸੀਰੀਆ ਦੇ ਮੁੱਦੇ ਤੇ ਰੂਸ ਅਤੇ ਅਮਰੀਕਾ ਆਹਮਣੇ – ਸਾਹਮਣੇ ਆ ਗਏ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਹੁਤ ਵੱਡਾ ਰਣਨੀਤਕ ਫੈਂਸਲਾ ਲੈਂਦੇ ਹੋਏ ਸ਼ੁਕਰਵਾਰ ਸਵੇਰੇ ਸੀਰੀਆ ਸਰਕਾਰ ਦੇ ਕੰਟਰੋਲ ਵਾਲੇ ਸੈਨਿਕ ਹਵਾਈ ਬੇਸ ਤੇ ਕਰੂਜ਼ ਮਿਸਾਈਲਾਂ ਨਾਲ ਹਮਲਾ ਕਰਵਾਇਆ ਹੈ। ਰੂਸ ਅਤੇ ਈਰਾਨ ਨੇ ਇਸ ਅਮਰੀਕੀ ਅਟੈਕ ਤੇ ਸਖਤ ਰੋਸ ਜਾਹਿਰ ਕੀਤਾ ਹੈ।
ਇਸ ਮਿਸਾਈਲ ਹਮਲੇ ਵਿੱਚ 6 ਸੀਰੀਆਈ ਸੈਨਿਕ ਅਤੇ 9 ਨਾਗਰਿਕ ਮਾਰੇ ਗਏ ਹਨ ਅਤੇ 9 ਲੜਾਕੂ ਜਹਾਜ਼ ਨਸ਼ਟ ਹੋ ਗਏ ਹਨ। ਏਅਰ ਬੇਸ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਭੂਮੱਧ ਸਾਗਰ ਵਿੱਚ ਤੈਨਾਤ ਦੋ ਅਮਰੀਕੀ ਜੰਗੀ ਬੇੜਿਆਂ ਤੋਂ 60 ਟਾਮਹਾਕ ਕਰੂਜ਼ ਮਿਸਾਈਲਾਂ ਛੱਡੀਆਂ ਗਈਆਂ। ਇਸ ਹਮਲੇ ਨੂੰ ਸੀਰੀਆ ਵਿੱਚ ਵਿਦਰੋਹੀਆਂ ਤੇ ਹੋਏ ਰਸਾਇਣਕ ਹਮਲੇ ਦਾ ਜਵਾਬ ਮੰਨਿਆ ਜਾ ਰਿਹਾ ਹੈ, ਜਿਸ ਵਿੱਚ 100 ਲੋਕ ਮਾਰੇ ਗਏ ਸਨ। ਰੂਸ ਨੇ ਇਸ ਨੂੰ ਸੀਰੀਆ ਤੇ ਅਮਰੀਕੀ ਹਮਲਾ ਦੱਸਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਬੁਲਾਈ ਹੈ।
ਵਰਨਣਯੋਗ ਹੈ ਕਿ ਅਮਰੀਕਾ ਵੱਲੋਂ ਸੀਰੀਆ ਵਿੱਚ ਹੋਏ ਰਸਾਇਣਕ ਹਮਲੇ ਦੇ ਲਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ ਅਤੇ ਇਸ ਪ੍ਰਤੀਕਿਰਿਆ ਦੇ ਤਹਿਤ ਸੀਰੀਆ ਦੇ ਖਿਲਾਫ਼ ਹਵਾਈ ਹਮਲੇ ਕੀਤੇ ਗਏ ਹਨ।