ਅੰਮ੍ਰਿਤਸਰ -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਸਥਾ ਦੇ ਨਵ-ਨਿਰਮਾਣਤ ਪ੍ਰਸ਼ਾਸ਼ਕੀ ਬਲਾਕ ਵਿਖੇ ਆਯੋਜਿਤ ਇਕ ਵਿਸ਼ੇਸ਼ ਸੰਖੇਪ ਸਮਾਗਮ ਸਮੇਂ ’50 ਸਾਲਾ ਇਤਿਹਾਸ ਗੁਰਮਤਿ ਪ੍ਰਕਾਸ਼’ ਸਿਰਲੇਖ ਵਾਲੀ ਮਹੱਤਵਪੂਰਨ ਸੰਦਰਭ-ਪੁਸਤਕ ਨੂੰ ਰਿਲੀਜ਼ ਕੀਤਾ। ਇਸ ਅਵਸਰ ’ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜਸਵਿੰਦਰ ਸਿੰਘ ਐਡਵੋਕੇਟ, ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ, ਧਰਮ ਪ੍ਰਚਾਰ ਕਮੇਟੀ ਦੇ ਐਡੀ: ਸਕੱਤਰ ਸ. ਹਰਜੀਤ ਸਿੰਘ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ ਤੇ ਸ. ਬਲਵਿੰਦਰ ਸਿੰਘ, ਗੁਰਮਤਿ ਪ੍ਰਕਾਸ਼/ ਗੁਰਮਤਿ ਗਿਆਨ ਦੇ ਸੰਪਾਦਕ ਸ. ਸਿਮਰਜੀਤ ਸਿੰਘ, ਸੈਕਸ਼ਨ 85 ਦੇ ਇੰਚਾਰਜ ਸ. ਸੁਖਦੇਵ ਸਿੰਘ ਭੂਰਾ ਅਤੇ ਗੁਰਮਤਿ ਗਿਆਨ ਦੇ ਪਰੂਫ ਰੀਡਰ ਸ. ਜਗਜੀਤ ਸਿੰਘ ਹਾਜ਼ਰ ਸਨ।
‘ਗੁਰਮਤਿ ਪ੍ਰਕਾਸ਼’ ਪੰਜ ਦਹਾਕਿਆਂ ਦੇ ਵੱਧ ਸਮੇਂ ਤੋਂ ਚੱਲ ਰਿਹਾ ਸਿੱਖ-ਪੰਥ ਅਤੇ ਪੰਜਾਬੀ ਪਾਠਕਾਂ ’ਚ ਬਹੁਤ ਮਕਬੂਲ ਮਾਸਕ ਪੱਤਰ ਹੈ ਜਿਸ ਵਿਚ ਸਿੱਖ ਵਿਦਵਾਨਾਂ ਤੇ ਲੇਖਕਾਂ ਦੇ ਮਿਆਰੀ ਲੇਖ ਪ੍ਰਕਾਸ਼ਤ ਕੀਤੇ ਜਾਂਦੇ ਹਨ। ਇਹ ਪੱਤਰ ਗੁਰਮਤਿ ਵਿਚਾਰਧਾਰਾ, ਗੁਰ-ਇਤਿਹਾਸ, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ ਸਬੰਧੀ ਪ੍ਰਮਾਣਿਕ ਜਾਣਕਾਰੀ ਦੇਣ ਵਾਸਤੇ ਸਮਰਪਿਤ ਤੇ ਵਚਨਬੱਧ ਹੈ। ਇਸ ਨੂੰ ਹੁਣ ਤਕ ਕਈ ਨਾਮਵਰ ਸਿੱਖ ਵਿਦਵਾਨ ਸੰਪਾਦਕਾਂ ਦੀ ਅਤਿਅੰਤ ਕੁਸ਼ਲ ਸੰਪਾਦਨਾ ਹਾਸਲ ਹੋ ਚੁੱਕੀ ਹੈ ਜਿਨ੍ਹਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਇਸ ਸੰਦਰਭ ਪੁਸਤਕ ਵਿਚ ਸ਼ਾਮਲ ਹੈ। ‘ਗੁਰਮਤਿ ਪ੍ਰਕਾਸ਼’ ਦਾ ਇਕ ਲੇਖ ਤਤਕਰਾ ਗੁਰਮਤਿ ਪ੍ਰਕਾਸ਼ (ਲੇਖਕ-ਕ੍ਰਮ ਅਨੁਸਾਰ) ਜੂਨ 1994 ਵਿਚ ਪ੍ਰਕਾਸ਼ਤ ਕੀਤਾ ਗਿਆ ਸੀ ਪਰ ਹੁਣ ਤਕ ਹੋਰ ਬਹੁਤ ਸਮਾਂ ਲੰਘ ਜਾਣ ਕਰਕੇ ਲੇਖਕਾਂ ਤੇ ਉਨ੍ਹਾਂ ਦੇ ਲੇਖਾਂ ਦਾ ਇੰਦਰਾਜ ਕਰਨਾ ਬਹੁਤ ਜ਼ਰੂਰੀ ਸੀ। ਇਸ ਤੋਂ ਵੀ ਵੱਧ ਇਸ ਨਵ-ਪ੍ਰਕਾਸ਼ਤ ਤਤਕਰੇ ਦਾ ਇਕ ਹੋਰ ਖਾਸ ਵਾਧਾ ਇਹ ਹੈ ਕਿ ਇਹ ਲੇਖਕ-ਕ੍ਰਮ ਅਤੇ ਵਿਸ਼ੇ-ਕ੍ਰਮ ਦੋਨਾਂ ਕ੍ਰਮਾਂ ਅਨੁਸਾਰ ਖਾਸ ਮਿਹਨਤ ਕਰਕੇ ਤਿਆਰ ਕੀਤਾ ਗਿਆ ਹੈ ਜੋ ਵਿਦਵਾਨ, ਖੋਜੀਆਂ-ਖੋਜਰਥੀਆਂ ਵਾਸਤੇ ਬੇਹੱਦ ਉਪਯੋਗੀ ਸਾਬਿਤ ਹੋਵੇਗਾ। ਇਸ ਵਿਚ ਪੱਤਰ ਦੇ ਵਿਸ਼ੇਸ਼ ਅੰਕਾਂ ਸਬੰਧੀ ਅਲੱਗ ਜਾਣਕਾਰੀ ਸ਼ਾਮਲ ਹੈ। ਇਹ ਸੰਦਰਭ ਪੁਸਤਕ ਪ੍ਰੋ: ਬਲਵਿੰਦਰ ਸਿੰਘ ਜੋੜਾ ਸਿੰਘ ਅਤੇ ਸ. ਸਿਮਰਜੀਤ ਸਿੰਘ ਦੀ ਅਥਾਹ ਘਾਲਣਾ, ਮਿਹਤਨ, ਲਗਨ ਤੇ ਸਿਰੜ ਦਾ ਮੂੰਹ ਬੋਲਦਾ ਸਬੂਤ ਹੈ।
waheguru ji ka khalsa waheguru ji ki fateh