ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਅਖ਼ਬਾਰਾਂ ਵਿਚ ਇਹ ਬਿਆਨ ਆਇਆ ਹੈ ਕਿ ਕੈਪਟਨ ਦੀ ਹਕੂਮਤ ਸਾਡੇ ਨਾਲ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ । ਜਦੋਂ ਸ਼ ਬਾਦਲ ਖੁੱਦ ਹਕੂਮਤ ਵਿਚ ਸਨ ਤਾਂ ਅਸੀਂ ਮਰਹੂਮ ਬੇਅੰਤ ਸਿੰਘ ਦੇ ਬੁੱਤ ਦੇ ਗਲ ਵਿਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਲਟਕਾਈ ਸੀ ਤਾਂ ਬਾਦਲ ਨੇ ਸਾਨੂੰ ਸਿਆਸੀ ਮੰਦਭਾਵਨਾ ਅਧੀਨ ਗ੍ਰਿਫ਼ਤਾਰ ਕਰਕੇ ਲੰਮਾਂ ਸਮਾਂ ਲੁਧਿਆਣਾ ਜੇਲ੍ਹ ਵਿਚ ਅੱਤ ਦੀ ਗਰਮੀ ਵਿਚ ਰੱਖਿਆ। ਰਾਤ ਨੂੰ ਜਾਣ-ਬੁੱਝ ਕੇ ਲਾਈਟ ਬੰਦ ਕਰ ਦਿੱਤੀ ਜਾਂਦੀ ਸੀ ਅਤੇ ਮੱਛਰ ਵੱਢ-ਵੱਢ ਕੇ ਖਾਂਦਾ ਸੀ। ਫਿਰ ਟੁੱਟੀਆਂ, ਫੁੱਟੀਆਂ ਬੱਸਾਂ ਵਿਚ ਜਲੰਧਰ ਵਿਖੇ ਪੇਸ਼ੀ ਤੇ ਲਿਜਾਦੇ ਰਹੇ ਹਨ ਅਤੇ ਉਥੇ ਜਲੰਧਰ ਦੇ ਤਰੀਕ ਪੈਣ ਤੱਕ ਬਖਸੀਖਾਨੇ ਵਿਚ ਸਾਨੂੰ ਬੰਦੀ ਬਣਾਉਣ ਦੀਆਂ ਸਾਜ਼ਿਸਾਂ ਹੋਈਆ। ਉਹ ਤਾਂ ਅਸੀਂ ਦ੍ਰਿੜ ਰਹੇ ਅਸੀਂ ਬਖਸੀਖਾਨੇ ਵਿਚ ਨਹੀਂ ਗਏ। ਫਿਰ 11 ਨਵੰਬਰ 2015 ਨੂੰ ਸਰਬੱਤ ਖ਼ਾਲਸੇ ਤੋਂ ਬਾਅਦ ਮੇਰੇ ਅੰਮ੍ਰਿਤਸਰ ਦੇ ਫਲਾਈਟ ਵਿਖੇ ਜਦੋਂ ਮੈਂ ਸੌ ਰਿਹਾ ਸੀ ਤਾਂ ਤੜਕੇ 3 ਵਜੇ ਭਾਰੀ ਪੁਲਿਸ ਫੋਰਸ ਨਾਲ ਗੈਰ ਸਮਾਜਿਕ ਢੰਗਾਂ ਰਾਹੀ ਵਿਵਹਾਰ ਕਰਦੇ ਹੋਏ ਸ. ਬਾਦਲ ਦੀ ਪੁਲਿਸ ਚੁੱਕ ਕੇ ਥਾਣੇ ਵਿਚ ਲੈ ਗਈ। ਜਦੋਂਕਿ ਪੁਲਿਸ ਕੋਲ ਨਾ ਤਾਂ ਸਰਚ ਵਾਰੰਟ ਸਨ ਅਤੇ ਨਾ ਹੀ ਗ੍ਰਿਫ਼ਤਾਰੀ ਦੇ ਵਾਰੰਟ ਸਨ। ਹਾਈਕੋਰਟ ਵੱਲੋਂ ਮੈਨੂੰ ਜਰਨਲ ਬੇਲ ਮਿਲੀ ਹੋਈ ਸੀ। ਜਿਸ ਦੀ ਪੁਲਿਸ ਤੇ ਬਾਦਲ ਹਕੂਮਤ ਨੇ ਕੋਈ ਪ੍ਰਵਾਹ ਨਾ ਕੀਤੀ ਅਤੇ ਸਾਡੇ ਉਤੇ ਜਿਆਦਤੀਆ ਢਾਹੁੰਦੇ ਰਹੇ। ਸੂਰਤ ਸਿੰਘ ਨਾਲ ਵੀ ਇਹੋ ਕੁਝ ਬਾਦਲ ਹਕੂਮਤ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਜਸਪਾਲ ਸਿੰਘ ਚੌੜ ਸਿੱਧਵਾ, ਦਰਸ਼ਨ ਸਿੰਘ ਲੋਹਾਰਾ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਬਲਕਾਰ ਸਿੰਘ ਮੁੰਬਈ, ਜਗਜੀਤ ਸਿੰਘ ਜੰਮੂ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਨੂੰ ਬਾਦਲ ਦੀ ਪੁਲਿਸ ਨੇ ਬਿਨ੍ਹਾਂ ਵਜਹ ਨਿਹੱਥਿਆ ਨੂੰ ਸ਼ਹੀਦ ਕੀਤਾ। ਕੀ ਇਹ ਬਾਦਲ ਹਕੂਮਤ ਦੇ ਅਮਲ ਜ਼ਬਰ-ਜੁਲਮ ਅਤੇ ਸਿਆਸੀ ਬਦਲੇ ਦੀ ਭਾਵਨਾ ਵਾਲੇ ਨਹੀਂ ਸਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਦਲੇ ਦੀ ਭਾਵਨਾ ਸੰਬੰਧੀ ਆਏ ਬਿਆਨ ਦੀ ਖਿੱਲੀ ਉਡਾਉਦੇ ਹੋਏ ਤੇ ਹੁਣ ਮਰਦਾਂ ਵਾਂਗੂ ਇਸ ਜ਼ਬਰ-ਜੁਲਮ ਦਾ ਮੁਕਾਬਲਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਸਿੱਖਾਂ ਅਤੇ ਸਾਡੇ ਵਰਗਿਆ ਉਤੇ ਸ. ਬਾਦਲ ਤੇ ਉਸਦੀ ਪੁਲਿਸ ਜ਼ਬਰ-ਜੁਲਮ ਢਾਹੁੰਦੀ ਰਹੀ ਹੈ ਅਤੇ ਸਿੱਖ ਨੌਜ਼ਵਾਨੀ ਦਾ ਕਤਲੇਆਮ ਕਰਵਾਉਦੀ ਰਹੀ ਹੈ, ਉਸ ਸਮੇਂ ਮਨੁੱਖੀ ਤੇ ਇਨਸਾਨੀ ਕਦਰਾਂ-ਕੀਮਤਾਂ ਦੀ ਗੱਲ ਬਾਦਲ ਨੂੰ ਕਿਉਂ ਨਾ ਯਾਦ ਆਈ ? ਅੱਜ ਜਦੋਂ ਉਹੋ ਜਿਹੇ ਦੁਰਵਿਹਾਰ ਵਾਲੇ ਹਾਲਾਤਾਂ ਵਿਚੋ ਸ. ਬਾਦਲ ਨੂੰ ਖੁਦ ਲੰਘਣਾ ਪੈ ਰਿਹਾ ਹੈ, ਹੁਣ ਕੰਮਜੋਰਾਂ ਤੇ ਗੁਲਾਮਾਂ ਦੀ ਤਰ੍ਹਾਂ ਚੀਕ-ਚਿਹਾੜਾ ਕਿਉਂ ਪਾਇਆ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਉਸ ਸਮੇਂ ਸ. ਬਾਦਲ ਆਪਣੇ ਪਤੀ-ਪਤਨੀ ਦੇ ਰਿਸ਼ਤੇ ਵਾਲੇ ਮੁਤੱਸਵੀਆਂ ਨੂੰ ਖੁਸ਼ ਕਰਨ ਲਈ ਅਤੇ ਉਨ੍ਹਾਂ ਨੂੰ ਇਹ ਸਾਬਤ ਕਰਨ ਲਈ ਕਿ ਸਿੱਖ ਕੌਮ ਨੂੰ ਮੈਂ ਹੀ ਕਾਬੂ ਰੱਖ ਸਕਦਾ ਹਾਂ, ਸਿੱਖਾਂ ਉਤੇ ਅਤੇ ਸਾਡੇ ਉਤੇ ਜ਼ਬਰ-ਜੁਲਮ ਢਾਹੁੰਦੇ ਰਹੇ। ਅੱਜ ਉਹੋ ਜਿਹਾ ਜ਼ਬਰ-ਜੁਲਮ ਜਦੋਂ ਖੁਦ ਤੇ ਹੋਇਆ ਤਾਂ ਇਨਸਾਫ਼ ਦੀ ਗੱਲ ਅਤੇ ਬਦਲੇ ਦੀ ਭਾਵਨਾ ਦੀ ਗੱਲ ਕਿਸ ਦਲੀਲ ਅਧੀਨ ਕਰ ਰਹੇ ਹਨ ? ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸ. ਬਾਦਲ ਦਾ ਕੋਈ ਨੁਕਸਾਨ ਨਹੀਂ ਕੀਤਾ ਬਲਕਿ ਉਹ ਤਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਪੇਸ਼ਕਸਾਂ ਕਰ ਰਹੇ ਹਨ ਅਤੇ ਉਨ੍ਹਾਂ ਦੀ ਹਰ ਮੰਗ ਨੂੰ ਪੂਰਨ ਕਰਨ ਨੂੰ ਤਿਆਰ ਹਨ ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਗੈਰ-ਧਾਰਮਿਕ ਤੇ ਗੈਰ-ਇਖ਼ਲਾਕੀ ਢੰਗਾਂ ਰਾਹੀ ਜਿਸ ਸ. ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜ਼ਬਰੀ ਆਪਣੇ ਆਪ ਨੂੰ ‘ਖ਼ਰ-ਏ-ਕੌਮ’ ਖਿਤਾਬ ਦਾ ਐਲਾਨ ਕਰਵਾਇਆ, ਜਦੋਂਕਿ ਸ. ਬਾਦਲ ਨੇ ਫਖ਼ਰ ਏ ਕੌਮ ਵਾਲਾ ਕੋਈ ਅਮਲ ਨਹੀਂ ਕੀਤਾ, ਹੁਣ ਫਖ਼ਰ ਏ ਕੌਮ ਕੁਹਾਕੇ ‘ਡਰਾਕਲ‘ ਕਿਉਂ ਬਣਦੇ ਜਾ ਰਹੇ ਹਨ ? ਹੁਣ ਉਸਦਾ ਮੁਕਾਬਲਾ ਕਰਨ। ਸ. ਮਾਨ ਨੇ ਸ. ਬਾਦਲ ਨੂੰ ਯਾਦ ਕਰਵਾਉਦੇ ਹੋਏ ਕਿਹਾ ਕਿ ਜਿਨ੍ਹਾਂ ਮੁਤੱਸਵੀ ਬੀਜੇਪੀ ਦੇ ਆਗੂਆਂ ਸ੍ਰੀ ਅਡਵਾਨੀ ਅਤੇ ਹੋਰਨਾਂ ਨੇ ਅਯੋਧਿਆ ਵਿਚ ਗੈਰ-ਕਾਨੂੰਨੀ ਤੇ ਗੈਰ-ਧਾਰਮਿਕ ਅਮਲ ਕੀਤੇ ਹਨ, ਉਨ੍ਹਾਂ ਦੇ ਕੇਸ ਦੁਬਾਰਾ ਖੁੱਲ੍ਹ ਰਹੇ ਹਨ। ਦੁੱਧ ਤੇ ਦੁੱਧ ਅਤੇ ਪਾਣੀ ਦਾ ਪਾਣੀ ਹੋਣ ਜਾ ਰਿਹਾ ਹੈ। ਇਸ ਲਈ ਸ. ਬਾਦਲ ਵੀ ਯਾਦ ਰੱਖਣ ਕਿ ਜੋ ਉਨ੍ਹਾਂ ਨੇ ਆਪਣੀ ਪੁਲਿਸ ਕੋਲੋ ਉਪਰੋਕਤ ਨੌਜਵਾਨੀ ਦਾ ਕਤਲੇਆਮ ਕਰਵਾਇਆ, ਸਿੱਖਾਂ ਉਤੇ ਜ਼ਬਰ-ਜੁਲਮ ਕਰਵਾਏ ਅਤੇ ਸਾਡੇ ਨਾਲ ਗੈਰ-ਕਾਨੂੰਨੀ ਤਰੀਕੇ ਬੀਤੇ ਸਮੇਂ ਵਿਚ ਪੇਸ਼ ਆਉਦੇ ਰਹੇ ਹਨ ਅਤੇ ਜ਼ਬਰ-ਜੁਲਮ ਕਰਦੇ ਰਹੇ ਹਨ, ਉਨ੍ਹਾਂ ਨੂੰ ਵੀ ਅਡਵਾਨੀ ਤੇ ਹੋਰਨਾਂ ਮੁਤੱਸਵੀ ਆਗੂਆਂ ਦੀ ਤਰ੍ਹਾਂ ਆਪਣੇ ਕੀਤੇ ਕੁਕਰਮਾਂ ਦੀ ਸਜ਼ਾ ਅਵੱਸ਼ ਮਿਲੇਗੀ ।