ਲੁਧਿਆਣਾ – ਪੰਜਾਬੀ ਬੋਲੀ ਦੇ ਖ਼ਿਲਾਫ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਅਤੇ ਇਸ ਸੰਬੰਧੀ ਪੰਜਾਬ ਸਰਕਾਰ ਦੇ ਅਵੇਸਲੇਪਣ ਦੀ ਅਗਲੀ ਕੜੀ ਵਜੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪੰਜਾਬੀ ਫੈਕਲਿਟੀ ਘੱਟ ਹੋਣ ਕਰਕੇ ਜਿੱਥੇ ਪੰਜਾਬੀ ਐਮ. ਫਿਲ. ਦੀਆਂ ਦਾਖਲਾ ਸੀਟਾਂ 50 ਤੋਂ ਘਟਾ ਕੇ 25 ਕਰ ਦਿੱਤੀਆਂ ਗਈਆਂ ਹਨ, ਅੁੱਥੇ ਪੰਜਾਬੀ ਦੀ ਪੀ. ਐੱਚ. ਡੀ ਦੇ ਲਈ ਦਾਖਲਾ ਹੀ ਨਹੀਂ ਲਿਆ ਜਾ ਰਿਹਾ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੇਰੀ ਮਾਂ-ਬੋਲੀ ਪੰਜਾਬੀ ਸਭਾ (ਰਜਿ:) ਦੇ ਸਰਪ੍ਰਸਤ ਸ. ਮਹਿੰਦਰ ਸਿੰਘ ਸੇਖੋਂ ਨੇ ਕਿਹਾ ਇਹ ਪੰਜਾਬ ਦੀ ਰਾਜ ਭਾਸ਼ਾ ਨਾਲ ਘੋਰ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਮੇਰੀ ਮਾਂ-ਬੋਲੀ ਪੰਜਾਬੀ ਸਭਾ (ਰਜਿ:) ਇਸਦਾ ਸਖਤ ਨੋਟਿਸ ਲੈਂਦੀ ਹੈ ਅਤੇ ਇਸ ਦੇ ਖ਼ਿਲਾਫ, ਪੰਜਾਬ ਦੀਆਂ ਸਮੂਹ ਸਾਹਿਤਕ ਜੱਥੇਬੰਦੀਆਂ, ਸਾਹਿਤਕ ਸਭਾਵਾਂ, ਸਾਹਿਤਕ ਅਕਾਦਮੀਆਂ, ਲਿਖਾਰੀਆਂ, ਬੁੱਧੀਜੀਵੀਆਂ, ਧਾਰਮਿਕ ਸੰਸਥਾਵਾਂ ਅਤੇ ਸਾਰੇ ਪੰਜਾਬੀਆਂ ਨੂੰ ਇੱਕਜੁਟ ਹੋਕੇ ਪੁਰਜ਼ੋਰ ਵਿਰੋਧ ਕਰਨ ਦੀ ਅਪੀਲ ਕਰਦੀ ਹੈ।
ਇਸਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੇ ਭਾਸ਼ਾ ਵਿਭਾਗ ਦੀ ਨੀਤੀ ਨੂੰ ਰਾਜ ਭਾਸ਼ਾ ਪੰਜਾਬੀ ਦੇ ਹਿੱਤਾਂ ਲਈ ਵਰਤਦੇ ਹੋਏ, ਵਾਜਬ ਗਰਾਂਟਾਂ ਦਾ ਆਦਾਨ-ਪ੍ਰਦਾਨ ਕਰਦੇ ਹੋੲੇ, ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫ੍ਰੈਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰਾਉਣ ਦਾ ਉਪਰਾਲਾ ਕਰੇ ਅਤੇ ਪੰਜਾਬੀ ਐਮ. ਫਿਲ. ਲਈ ਪੂਰੀਆਂ ੫੦ ਸੀਟਾਂ ਤੇ ਦਾਖਲਾ ਲੈਣ ਦੇ ਨਾਲ-ਨਾਲ ਪੰਜਾਬੀ ਦੀ ਪੀ. ਐਚ. ਡੀ. ਲਈ ਵੀ ਦਾਖਲਾ ਚਾਲੂ ਰੱਖਣ ਦੇ ਪ੍ਰਤੀ ਹਰ ਸੰਭਵ ਕੋਸ਼ਿਸ਼ ਕਰੇ।
ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਪਸੰਦ ਦੀ ਸਿੱਖਿਆ ਹਾਸਿਲ ਕਰਨ ਦਾ ਮੌਕਾ ਮਿਲੇ ਅਤੇ ਚਿਰਾਂ ਤੋਂ ਚੱਲੀ ਆ ਰਹੀ ਪੰਜਾਬੀ-ਭਾਸ਼ਾ-ਮਾਰੂ ਨੀਤੀ ਦਾ ਖਾਤਮਾ ਹੋਵੇ।