ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਸੰਸਾਰ ਵਿਚ ਫ਼ਾਂਸੀ ਦੀ ਸਜ਼ਾ ਦੇ ਵਿਰੁੱਧ ਹੈ। ਕਿਉਂਕਿ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਉਸ ਅਕਾਲ ਪੁਰਖ ਤੋਂ ਇਲਾਵਾ ਕਿਸੇ ਕੋਲ ਨਹੀਂ। ਪਰ ਜਦੋਂ ਹਿੰਦੂਤਵ ਹੁਕਮਰਾਨਾ ਵੱਲੋਂ ਸਿੱਖ ਅਤੇ ਮੁਸਲਿਮ ਕੌਮ ਨਾਲ ਸੰਬੰਧਤ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਸ੍ਰੀ ਮਕਬੂਲ ਭੱਟ, ਸ੍ਰੀ ਅਫ਼ਜਲ ਗੁਰੂ, ਸ੍ਰੀ ਅਜਮਲ ਕਸਾਬ ਨੂੰ ਫ਼ਾਂਸੀਆਂ ਦਿੱਤੀਆਂ ਗਈਆਂ, ਉਸ ਸਮੇਂ ਇਨ੍ਹਾਂ ਹੁਕਮਰਾਨਾਂ ਨੂੰ ਇਨਸਾਨੀ ਕਦਰਾਂ-ਕੀਮਤਾਂ, ਮਨੁੱਖੀ ਅਸੂਲਾਂ ਦੀ ਯਾਦ ਕਿਉਂ ਨਾ ਆਈ, ਉਸ ਸਮੇਂ ਇਨ੍ਹਾਂ ਨੂੰ ਕਿਉਂ ਦੁੱਖ ਨਹੀਂ ਹੋਇਆ ? ਫਿਰ ਜਦੋਂ ਅੱਜ ਪਾਕਿਸਤਾਨ ਹਕੂਮਤ ਵੱਲੋਂ ਭਾਰਤ ਦੇ ਜਾਸੂਸ ਜੋ ਕਿ ਹਿੰਦੂ ਕੌਮ ਨਾਲ ਸੰਬੰਧਤ ਕੁਲਭੂਸ਼ਨ ਜਾਧਵ ਨੂੰ ਫ਼ਾਂਸੀ ਦੇਣ ਦੇ ਹੁਕਮ ਕੀਤੇ ਗਏ ਹਨ, ਤਾਂ ਹਿੰਦੂਤਵ ਹੁਕਮਰਾਨ ਤੇ ਸਾਰੀ ਹਿੰਦੂ ਕੌਮ ਤੜਫ ਉੱਠੀ ਹੈ । ਜਦੋਂਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਵਿਸੇਥਸ਼ ਅਦਾਲਤਾਂ ਕਾਇਮ ਕਰਕੇ ਅਤੇ ਵਿਸੇਥਸ਼ ਜੱਜ ਲਗਾਕੇ ਤੁਰੰਤ ਫ਼ਾਂਸੀ ਦੇ ਫੈਸਲੇ ਕਰਕੇ ਅਜਿਹੇ ਅਣਮਨੁੱਖੀ ਅਤੇ ਗੈਰ-ਇਨਸਾਨੀਅਤ ਅਮਲ ਹੁੰਦੇ ਆ ਰਹੇ ਹਨ । ਜੋ ਕਿ ਇਕੋ ਵਿਧਾਨ, ਇਕੋ ਕਾਨੂੰਨ ਤਹਿਤ ਬਹੁਗਿਣਤੀ ਅਤੇ ਘੱਟ ਗਿਣਤੀ ਕੌਮ ਵਿਚ ਵੱਡਾ ਫ਼ਰਕ ਰੱਖਕੇ ਬੇਇਨਸਾਫ਼ੀ ਵਾਲੇ ਜ਼ਬਰ-ਜੁਲਮ ਹੋ ਰਹੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਸਥਿਤ ਭਾਰਤ ਦੇ ਜਾਸੂਸ ਸ੍ਰੀ ਕੁਲਭੂਸ਼ਨ ਜਾਧਵ ਨੂੰ ਹੋਏ ਫ਼ਾਂਸੀ ਦੇ ਹੁਕਮਾਂ ਉਤੇ ਅਤੇ ਭਾਰਤ ਦੀ ਹਕੂਮਤ ਤੇ ਹਿੰਦੂ ਆਗੂਆਂ ਵੱਲੋਂ ਇਕ ਦਮ ਤਕੜਾ ਵਿਰੋਧ ਕਰਨ ਦੇ ਅਮਲਾਂ ਉਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਓਟਾਰੀਓ ਸੂਬੇ ਦੀ ਅਸੈਂਬਲੀ ਵੱਲੋਂ ਭਾਰਤ ਵਿਚ ਬੀਤੇ ਸਮੇਂ ਵਿਚ ਸਿੱਖ ਕੌਮ ਦੇ ਹੋਏ ਕਤਲੇਆਮ, ਜ਼ਬਰ-ਜੁਲਮ ਨੂੰ ‘ਸਿੱਖ ਨਸ਼ਲਕੁਸੀ’ ਕਰਾਰ ਦਿੰਦੇ ਹੋਏ ਜੋ ਹਿੰਦੂਤਵ ਹਕੂਮਤ ਦੇ ਅਣਮਨੁੱਖੀ ਅਤੇ ਗੈਰ-ਇਨਸਾਨੀ ਅਮਲਾਂ ਨੂੰ ਪ੍ਰਵਾਨ ਕਰਦੇ ਹੋਏ ਮਨੁੱਖਤਾ ਪੱਖੀ ਉਦਮ ਕੀਤਾ ਹੈ, ਉਸ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਹੱਕ ਵਿਚ ਬਣੀ ਲਹਿਰ ਨੂੰ ਬਰਦਾਸ਼ਤ ਨਾ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ, ਹਿੰਦੂ ਪ੍ਰੈਸ ਅਤੇ ਆਗੂਆਂ ਵੱਲੋਂ ਸਿੱਖ ਨਸ਼ਲਕੁਸੀ ਦੇ ਸੱਚ ਦਾ ਵਿਰੋਧ ਕਰਦੇ ਹੋਏ ਪੱਤਰਕਾਰਾਂ ਵੱਲੋਂ ਵੀ ਇਹ ਕਹਿਣਾ ਕਿ ਇਹ ਓਨਟਾਰੀਓ ਸੂਬੇ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਕੀਤਾ ਹੈ ਦਾ ਵਿਰੋਧ ਕਰਕੇ ਜ਼ਾਹਰ ਕਰ ਦਿੱਤਾ ਹੈ ਕਿ ਹਿੰਦੂਤਵ ਹੁਕਮਰਾਨ ਸੱਚ ਨੂੰ ਸੱਚ ਕਹਿਣ ਅਤੇ ਝੂਠ ਨੂੰ ਝੂਠ ਪ੍ਰਵਾਨ ਕਰਨ ਤੋਂ ਭੱਜ ਰਹੇ ਹਨ ਅਤੇ ਕੌਮਾਂਤਰੀ ਪੱਧਰ ਤੇ ਭਾਰਤ ਤੇ ਇਥੋ ਦੇ ਹੁਕਮਰਾਨਾਂ ਦੀ ਹੋਣ ਜਾ ਰਹੀ ਬਦਨਾਮੀ ਤੋ ਬੁਖਲਾਹਟ ਵਿਚ ਹਨ । ਉਨ੍ਹਾਂ ਕਿਹਾ ਕਿ ਜਿਵੇਂ ਜਰਮਨ ਦੀ ਹਕੂਮਤ ਨੇ ਹਿਟਲਰ ਵੱਲੋਂ ਕੀਤੇ ਗਏ ਅਣਮਨੁੱਖੀ ਅਮਲਾਂ ਵਿਰੁੱਧ ਪਾਰਲੀਮੈਂਟ ਵਿਚ ਪਾਸ ਕਰਦੇ ਹੋਏ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਜੰਗੀ ਅਪਰਾਧੀ ਕਰਾਰ ਦਿੰਦੇ ਹੋਏ ਕੌਮਾਂਤਰੀ ਕਾਨੂੰਨਾਂ ਅਧੀਨ ਸਜ਼ਾਵਾਂ ਕੀਤੀਆ ਸਨ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਹਿੰਦੂਤਵ ਹੁਕਮਰਾਨਾਂ ਵੱਲੋਂ ਬੀਤੇ ਸਮੇਂ ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਵੀ ‘ਜੰਗੀ ਅਪਰਾਧੀ‘ ਐਲਾਨਿਆ ਜਾ ਸਕਦਾ ਹੈ ਅਤੇ ਇਹ ਕੌਮਾਂਤਰੀ ਕਾਨੂੰਨ ਤੇ ਨਿਯਮਾਂ ਅਨੁਸਾਰ ਸਜ਼ਾਵਾਂ ਵੀ ਅਵੱਸ਼ ਮਿਲ ਸਕਦੀਆ ਹਨ। ਇਸ ਲਈ ਹਿੰਦੂਤਵ ਹੁਕਮਰਾਨਾਂ ਵੱਲੋਂ ਫ਼ਾਂਸੀ ਦੇ ਮੁੱਦੇ ਉਤੇ ਬਹੁਗਿਣਤੀ ਅਤੇ ਘੱਟ ਗਿਣਤੀ ਕੌਮਾਂ ਨਾਲ ਪੇਸ਼ ਆਉਂਦੇ ਹੋਏ ਵੱਖਰੀ-ਵੱਖਰੀ ਸੋਚ ਅਤੇ ਅਮਲ ਕਰਨ ਦੀਆਂ ਕਾਰਵਾਈਆ ਅਤੇ ਓਨਟਾਰੀਓ ਸੂਬੇ ਵੱਲੋਂ ਸਿੱਖ ਨਸ਼ਲਕੁਸ਼ੀ ਦੇ ਪਾਸ ਕੀਤੇ ਗਏ ਮਤੇ ਉਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਗੈਰ-ਦਲੀਲ ਢੰਗ ਨਾਲ ਵਿਰੋਧ ਕਰਨ ਦੀਆਂ ਕਾਰਵਾਈਆਂ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਕੋਈ ਬਿਪਤਾ ਆਪਣਿਆਂ ਤੇ ਪੈਂਦੀ ਹੈ ਤਾਂ ਇਨ੍ਹਾਂ ਹੁਕਮਰਾਨਾਂ ਨੂੰ ਫ਼ਾਂਸੀਆਂ ਅਤੇ ਕੜੀਆ ਸਜ਼ਾਵਾਂ ਗੈਰ-ਕਾਨੂੰਨੀ ਲੱਗਣ ਲੱਗ ਪੈਂਦੀਆ ਹਨ ਅਤੇ ਜਦੋਂ ਇਸੇ ਹਿੰਦੂਤਵ ਕਾਨੂੰਨ ਦੀ ਉਲੰਘਣਾ ਕਰਕੇ ਕੌਮਾਂਤਰੀ ਮਨੁੱਖੀ ਨਿਯਮਾਂ ਨੂੰ ਤੋੜਕੇ ਇਹ ਘੱਟ ਗਿਣਤੀ ਕੌਮਾਂ ਨੂੰ ਫ਼ਾਂਸੀਆ ਦੇ ਰੱਸੇ ਤੇ ਪਹੁੰਚਾਉਦੇ ਹਨ, ਉਸ ਸਮੇਂ ਇਹ ਹੁਕਮਰਾਨ ਕਾਨੂੰਨ ਦੀ ਜੋਰਦਾਰ ਪੈਰਵੀ ਕਰਦੇ ਹਨ। ਜਦੋਂਕਿ ਫ਼ਾਂਸੀ ਦੇ ਮੁੱਦੇ ਉਤੇ ਕਿਸੇ ਵੀ ਮੁਲਕ ਵਿਚ, ਕਿਸੇ ਵੀ ਅਦਾਲਤ ਵੱਲੋਂਇਨਸਾਨੀ ਜਿੰਦਗੀਆਂ ਨਾਲ ਅਜਿਹੀ ਖਿਲਵਾੜ ਤੇ ਅਣਮਨੁੱਖੀ ਵਰਤਾਰਾ ਨਹੀਂ ਹੋਣਾ ਚਾਹੀਦਾ ਅਤੇ ਸਭ ਲਈ ਕਾਨੂੰਨ ਬਰਾਬਰ ਹੋਣਾ ਚਾਹੀਦਾ ਹੈ ।