ਲੁਧਿਆਣਾ – ਯਜ਼ਿਨ ਐਗਰੀਕਲਚਰਲ ਯੂਨੀਵਰਸਿਟੀ, ਮਿਆਂਮਾਰ ਦੇ ਖੇਤੀ-ਮਾਹਿਰਾਂ ਨੇ ਖੇਤੀਬਾੜੀ ਵਿਕਾਸ ਸੰਬੰਧੀ ਹੋਏ ਸਮਝੌਤੇ ਤਹਿਤ ਪੀਏਯੂ ਦੇ ਖੇਤੀ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਮਿਤੀ 15 ਅਪ੍ਰੈਲ, 2017 ਨੂੰ ਰੈਕਟਰ ਡਾ. ਮਿਯੋ ਕੀਵੂਈ ਅਤੇ ਪਰੋ ਰੈਕਟਰ ਡਾ. ਸੋਏ ਸੋਏ ਥੀਨ ਦੀ ਰਹਿਨੁਮਾਈ ਹੇਠ ਪੀਏਯੂ ਦਾ ਦੌਰਾ ਕੀਤਾ । ਦੌਰੇ ਦਾ ਸੰਚਾਲਨ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਆਈ ਸੀ ਏ ਆਰ ਦੇ ਸੀਨੀਅਰ ਵਿਗਿਆਨੀ ਡਾ. ਐਸ ਐਲ ਮਹਿਤਾ ਦੁਅਰਾ ਕੀਤਾ ਗਿਆ ਸੀ । ਡਾ. ਮਹਿਤਾ ਨੇ ਮਿਆਂਮਾਰ ਵਿਚ ਖੇਤੀਬਾੜੀ ਦੇ ਡਿੱਗ ਰਹੇ ਪੱਧਰ ਉਪਰ ਚਿੰਤਾ ਪ੍ਰਗਟ ਕਰਦਿਆਂ ਖੇਤੀਬਾੜੀ ਤਕਨਾਲੋਜੀ, ਨਦੀਨ-ਨਾਸ਼ਕਾਂ ਦਾ ਅੰਨ੍ਹੇਵਾਹ ਪ੍ਰਯੋਗ ਅਤੇ ਉਚੀਆਂ ਖੇਤੀ-ਲਾਗਤਾਂ ਦੀ ਗੱਲ ਕੀਤੀ ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮਿਆਂਮਾਰ ਮੁਲਕ ਵੱਲੋਂ ਚਲਾਏ ਜਾ ਰਹੇ ਕਟਾਈ ਉਪਰੰਤ ਪ੍ਰਬੰਧਨ ਦੇ ਉਪਰਾਲੇ, ਸੂਚਨਾ ਦੇ ਚੰਗੇਰੇ ਪ੍ਰਬੰਧ ਅਤੇ ਚੰਗੀਆਂ ਸਿਖਲਾਈਆਂ ਸੰਬੰਧੀ ਸਹਿਯੋਗ ਦਿੱਤਾ ਜਾਵੇਗਾ । ਡਾ. ਮਹਿਤਾ ਨੇ ਭਾਰਤ ਵੱਲੋਂ ਮਸ਼ੀਨਰੀ ਅਤੇ ਚਾਰ ਹਜ਼ਾਰ ਦੇ ਕਰੀਬ ਟਰੈਕਟਰ ਇਸ ਮੁਲਕ ਨੂੰ ਤਿਆਰ ਕਰਨ ਲਈ ਸਹਿਯੋਗ ਜਾ ਚੁੱਕਿਆ ਹੈ । ਉਹਨਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਤੁਪਕਾ ਸਿੰਚਾਈ, ਬੀਜ ਉਤਪਾਦਨ ਅਤੇ ਬਲਦਾਂ ਰਾਹੀਂ ਮਸ਼ੀਨਰੀ ਦੀ ਵਰਤੋਂ ਅਤੇ ਕਈ ਉਪਰਾਲੇ ਅਰੰਭ ਕੀਤੇ ਜਾ ਸਕਦੇ ਹਨ ।
ਮਿਆਂਮਾਰ ਯੂਨੀਵਰਸਿਟੀ ਦੇ ਰੈਕਟਰ ਡਾ. ਡਾ. ਮਿਯੋ ਕੀਵੂਈ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਖੋਜ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਿਆਂਮਾਰ ਵਿੱਚ ਸੈਨਾ ਦੇ ਚੱਲੇ ਅੰਦੋਲਨ ਕਰਕੇ ਖੇਤੀਬਾੜੀ ਵਿਕਾਸ ਵਿੱਚ ਗਿਰਾਵਟ ਆਈ । ਉਹਨਾਂ ਨੇ ਯੂਨੀਵਰਸਿਟੀ ਦੇ ਮਾਹਿਰ ਵਿਗਿਆਨੀਆਂ ਨੂੰ ਖੇਤੀਬਾੜੀ ਇੰਜਨੀਅਰਿੰਗ, ਖੋਜ ਅਤੇ ਪਸਾਰ ਪ੍ਰੋਗਰਾਮਾਂ ਦੇ ਆਦਾਨ-ਪ੍ਰਦਾਨ ਲਈ ਮਿਆਂਮਾਰ ਦਾ ਦੌਰਾ ਕਰਨ ਲਈ ਸੱਦਾ ਦਿੱਤਾ ।
ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਦੋਵਾਂ ਯੂਨੀਵਰਸਿਟੀਆਂ ਦੇ ਆਪਸੀ ਖੋਜ ਸਹਿਯੋਗ ਉਪਰ ਜ਼ੋਰ ਪਾਉਦਿਆਂ ਕਿਹਾ ਕਿ ਝੋਨਾ ਅਤੇ ਤਰਬੂਜ਼ ਦੀਆਂ ਮਿਆਂਮਾਰ ਵਿੱਚ ਚਲਦੀਆਂ ਖੇਤੀ ਤਕਨੀਕਾਂ ਨੂੰ ਸਿੱਖਣਾ ਸਾਡੇ ਲਈ ਇੱਕ ਸਿੱਖਿਆਦਾਇਕ ਤਜ਼ਰਬਾ ਸਾਬਿਤ ਹੋ ਸਕਦਾ ਹੈ ।ਇਸ ਤੋਂ ਇਲਾਵਾ ਡਾ. ਢਿੱਲੋਂ ਨੇ ਪੀਏਯੂ ਦੀਆਂ ਪ੍ਰਾਪਤੀਆਂ ਉਪਰ ਚਾਨਣਾ ਪਾਇਆ ਅਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਲਈ ਬਣਾਏ ਪਸਾਰ ਸਿਸਟਮ ਅਤੇ ਸੈਲਫ ਹੈਲਪ ਗਰੁੱਪ ਬਾਰੇ ਦੱਸਿਆ ।
ਦੁਪਹਿਰ ਨੂੰ ਮਿਆਂਮਾਰ ਤੋਂ ਆਏ ਵਿਗਿਆਨੀਆਂ ਨੂੰ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਭੋਜਨ ਉਦਯੋਗ ਕੇਂਦਰ, ਮਧੂ ਮੱਖੀ ਵਿਕਾਸ ਕੇਂਦਰ ਦਾ ਦੌਰਾ ਵੀ ਕਰਵਾਇਆ ਗਿਆ। ਪੀਏਯੂ ਰਜਿਸਟਰਾਰ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਮਹਿਮਾਨਾਂ ਦਾ ਸਵਾਗਤ ਕੀਤਾ । ਖੇਤੀਬਾੜੀ ਕਾਲਜ ਦੇ ਡੀਨ ਡਾ. ਐਚ ਐਸ ਧਾਲੀਵਾਲ ਨੇ ਕਾਲਜ ਦੇ ਅੰਡਰ-ਗ੍ਰੈਜੂਏਟ ਲਈ ਚਲਾਏ ਜਾਂਦੇ ਪਾਠਕ੍ਰਮ ਬਾਰੇ ਜਾਣਕਾਰੀ ਦਿੱਤੀ। ਗਡਵਾਸੂ ਦੇ ਐਨੀਮਲ ਜੈਨੇਟਿਕਸ ਅਤੇ ਬਰੀਡਿੰਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਬੀ ਕੇ ਬਾਂਸਲ ਨੇ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਯੂਨੀਵਰਸਿਟੀ ਦੇ ਕਾਲਜਾਂ ਦੇ ਡੀਨ, ਨਿਰਦੇਸ਼ਕ, ਅਪਰ ਨਿਰਦੇਸ਼ਕ ਅਤੇ ਵਿਭਾਗਾਂ ਦੇ ਮੁੱਖੀ ਵੀ ਹਾਜ਼ਰ ਸਨ ।