ਬਰਲਿਨ (ਢਿੱਲੋਂ) ਪੰਜਾਬੀ ਲੇਖਕ ਅਮਨਦੀਪ ਕਾਲਕਟ 21 ਨਵੰਬਰ ਨੂੰ ਇਕ ਕਾਰ ਹਾਦਸੇ ਵਿਚ ਸਖ਼ਤ ਜ਼ਖ਼ਮੀਂ ਹੋ ਗਏ। ਉਹ ਆਪਣੀ ਕਾਰ ਵਿਚ ਕੰਮ ‘ਤੇ ਜਾ ਰਹੇ ਸਨ ਅਤੇ ਅੱਗੜ-ਪਿੱਛੜ ਜਾ ਰਹੀਆਂ ਪੰਜਾ ਕਾਰਾਂ ਦਾ ਆਪਸ ਵਿਚ ਟਕਰਾਅ ਹੋ ਗਿਆ। ਪੰਜ ਬੰਦੇ ਸਖ਼ਤ ਜ਼ਖ਼ਮੀਂ ਹੋਏ ਅਤੇ ਉਹਨਾਂ ਨੂੰ ਨੇੜਲੇ ਹਸਪਾਤਲ ਵਿਚ ਦਾਖ਼ਲ ਕਰਵਾਇਆ ਗਿਆ। ਅਮਨਦੀਪ ਦੀ ਕਾਰ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਈ ਅਤੇ ਉਸ ਦੀ ਬਾਂਹ, ਮੋਢੇ ਅਤੇ ਗਰਦਨ ‘ਤੇ ਗੰਭੀਰ ਸੱਟਾਂ ਲੱਗੀਆਂ। ਪੰਜ ਦਿਨ ਹਸਪਤਾਲ ਰੱਖ ਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ। ਪਰ ਅਜੇ ਉਹ ਕੰਮ ਕਾਰ ਕਰਨ ਦੇ ਸਮਰੱਥ ਨਹੀਂ ਹੋਏ! ‘ਮੀਡੀਆ ਪੰਜਾਬ’ ਨਾਲ ਗੱਲ ਕਰਦਿਆਂ ਕਾਲਕਟ ਨੇ ਦੱਸਿਆ ਕਿ ਜਿਸ ਤਰ੍ਹਾਂ ਹਾਦਸਾ ਹੋਇਆ ਸੀ, ਉਸ ਹਿਸਾਬ ਨਾਲ ਬਚਣ ਦੀ ਤਾਂ ਕੋਈ ਉਮੀਦ ਨਹੀਂ ਸੀ। ਪਰ ਅਕਾਲ ਪੁਰਖ਼ ਨੇ ਹੱਥ ਦੇ ਕੇ ਰੱਖ ਲਿਆ ਕਿਉਂਕਿ ਮੈਂ ਵੀ ਗੱਡੀ ਚਲਾਉਂਦਾ ਪਾਠ ਕਰਦਾ ਹੀ ਜਾ ਰਿਹਾ ਸੀ। ਪਤਾ ਚੱਲਦਿਆਂ ਹੀ ਸਾਹਿਤਕ ਹਲਕਿਆਂ ਵਿਚ ਭੂਚਾਲ ਆ ਗਿਆ ਅਤੇ ਉਸ ਦੇ ਨੇੜਲੇ ਮਿੱਤਰਾਂ ਨੇ ਅਮਨਦੀਪ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਰੱਬ ਦਾ ਸ਼ੁਕਰ ਕੀਤਾ ਕਿ ਉਸ ਦੀ ਜਾਨ ਬਚ ਗਈ। ਉਹਨਾਂ ਨਾਲ ਹਮਦਰਦੀ ਪ੍ਰਗਟਾਉਣ ਵਾਲਿਆਂ ਵਿਚ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ, ਮੀਡੀਆ ਪੰਜਾਬ ਦੇ ਸੰਪਾਦਕ ਬਲਦੇਵ ਬਾਜਵਾ, ਆਸਟਰੀਆ ਤੋਂ ਰਾਬਿੰਦਰ ਰੈਂਸੀ, ਕੌਮੀ ਏਕਤਾ ਦੇ ਸੰਪਾਦਕ ਹਰਜੀਤ ਸੰਧੂ, ਅਜੀਤ ਵੀਕਲੀ ਦੇ ਸੰਪਾਦਕ ਡਾ. ਦਰਸ਼ਣ ਸਿੰਘ ਬੈਂਸ ਅਤੇ ਹਮਦਰਦ ਵੀਕਲੀ ਦੇ ਸੰਪਾਦਕ ਅਮਰ ਸਿੰਘ ਭੁੱਲਰ ਸ਼ਾਮਲ ਹਨ। ਅਸੀਂ ਵੀ ਆਪਣੇ ਸਹਿਯੋਗੀ ਲੇਖਕ ਅਮਨਦੀਪ ਕਾਲਕਟ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਵੀਰ ਨੂੰ ਤੱਤੀ ‘ਵਾ ਨਾ ਲੱਗੇ!