ਨਵੀਂ ਦਿੱਲੀ – ਭਾਜਪਾ ਵਿਚ ਪਿੱਛਲੇ ਕੁਝ ਸਮੇਂ ਤੋਂ ਅੰਦਰੂਨੀ ਕਲੇਸ਼ ਅਤੇ ਗੁਟਬਾਜ਼ੀ ਆਪਣੀ ਚਰਮ ਸੀਮਾ ਤੇ ਪਹੁੰਚ ਗਈ ਹੈ। ਸੰਘ ਨੇ ਇਸ ਜਦੋਜਹਿਦ ਨੂੰ ਖਤਮ ਕਰਨ ਲਈ ਉਚਕੋਟੀ ਦੇ ਨੇਤਰਵ ਵਿਚ ਬਦਲਾਅ ਲਿਆਉਣ ਦਾ ਫੈਸਲਾ ਕੀਤਾ ਹੈ। ਸੰਘ ਦਾ ਕਹਿਣਾ ਹੈ ਕਿ ਸਤਾ ਦੇ ਲਾਲਚ ਕਰਕੇ ਪਾਰਟੀ ਵਿਚ ਆਏ ਵਿਚਾਰਕ ਮੱਤਭੇਦਾਂ ਨੂੰ ਦੂਰ ਕੀਤਾ ਜਾਵੇਗਾ।
ਭਾਜਪਾ ਦੇ ਪਰਮੁੱਖ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਕੇਸ਼ਵ ਕੁੰਜ ਵਿਚ ਸੰਘ ਚਾਲਕ ਮੋਹਨ ਭਗਵਤ ਨਾਲ ਹੋਈ ਗੱਲਬਾਤ ਤੋਂ ਬਾਅਦ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਰਮੁੱਖ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਪਾਰਟੀ ਪ੍ਰਧਾਨ ਰਾਜਨਾਥ ਸਿੰਘ ਅਤੇ ਰਾਸ਼ਟਰੀ ਪੱਧਰ ਦੇ ਕੁਝ ਹੋਰ ਨੇਤਾਵਾਂ ਨੂੰ ਆਪਣੇ ਅਹੁਦਿਆਂ ਤੋਂ ਹਟਣਾ ਪੈ ਸਕਦਾ ਹੈ। ਸੰਘ ਦੇ ਹੀ ਇਕ ਹੋਰ ਖਾਸ ਅਹੁਦੇਦਾਰ ਦਾ ਕਹਿਣਾ ਹੈ ਕਿ “ ਅਡਵਾਨੀ ਨੂੰ ਤਾਂ ਜਾਣਾ ਹੀ ਪਵੇਗਾ, ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ, ਇਹ ਅਜੇ ਤੈਅ ਨਹੀਂ ਹੈ। ਇਹ ਸੂਚਨਾ ਦੇ ਦਿਤੀ ਗਈ ਹੈ। ਹੁਣ ਇਹ ਅਡਵਾਨੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਨੇ ਤੈਅ ਕਰਨਾ ਹੈ ਕਿ ਉਹ ਕਦੋਂ ਆਪਣਾ ਪਦਵੀ ਛਡ ਰਹੇ ਹਨ।
ਬੀਜੇਪੀ ਵਿਚ ਜਿਆਦਾਤਰ ਮੈਂਬਰ ਰਾਜਨਾਥ ਸਿੰਘ ਦੇ ਕੰਮਕਾਰ ਦੇ ਢੰਗ ਤੋਂ ਵੀ ਖੁਸ਼ ਨਹੀਂ ਹਨ। ਜਿਸ ਕਰਕੇ ਪਾਰਟੀ ਅੰਦਰ ਕਾਫੀ ਤਨਾਅ ਚਲ ਰਿਹਾ ਹੈ। ਚਰਚਾ ਇਹੀ ਚਲ ਰਹੀ ਹੈ ਕਿ ਅਡਵਾਨੀ ਤੋਂ ਬਾਅਦ ਰਾਜਨਾਥ ਸਿੰਘ ਦਾ ਨੰਬਰ ਲਗ ਸਕਦਾ ਹੈ। ਸਾਲ ਦੇ ਅੰਤ ਵਿਚ ਵੈਸੇ ਵੀ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ। ਸੰਘ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵਿਚ ਪਰੀਵਰਤਨ ਤਾਂ ਹੋਣਾ ਹੀ ਹੈ। ਪਾਰਟੀ ਦੇ ਵਰਤਮਾਨ ਆਗੂਆਂ ਨੂੰ ਇਸ ਦੀ ਜਾਣਕਾਰੀ ਦੇ ਦਿਤੀ ਗਈ ਹੈ। ਇਸ ਨੂੰ ਜਿੰਨੀ ਜਲਦੀ ਅਮਲ ਵਿਚ ਲਿਆਂਦਾ ਜਾਵੇਗਾ ਓਨਾ ਹੀ ਚੰਗਾ ਹੋਵੇਗਾ।