ਮੁੰਬਈ-ਮਸ਼ਹੂਰ ਅਭਿਨੇਤਾ ਅਤੇ ਐਮਪੀ ਵਿਨੋਦ ਖੰਨਾ ਦਾ ਅੰਤਮ ਸੰਸਕਾਰ ਵਰਲੀ ਸ਼ਮਸ਼ਾਨ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਛੋਟੇ ਬੇਟੇ ਸਾਕਸ਼ੀ ਖੰਨਾ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਫ਼ਿਲਮੀ ਹਸਤੀਆਂ ਉਥੇ ਮੌਜੂਦ ਸਨ। ਇਨ੍ਹਾਂ ‘ਚੋਂ ਅਭਿਤਾਬ ਬੱਚਨ, ਰਿਸ਼ੀ ਕਪੂਰ, ਗੁਲਜ਼ਾਰ, ਕਬੀਰ ਬੇਦੀ, ਅਕਸ਼ੇ ਖੰਨਾ, ਰਣਧੀਰ ਕਪੂਰ, ਰਣਦੀਪ ਹੁੱਡਾ, ਰਣਜੀਤ, ਸੁਭਾਸ਼ ਘਈ, ਅਭਿਸ਼ੇਕ ਬੱਚਨ ਦੇ ਨਾਮ ਜ਼ਿਕਰਯੋਗ ਹਨ।
ਉਨ੍ਹਾਂ ਦੀਆਂ ਦੋਵੇਂ ਪਤਨੀਆਂ ਗੀਤਾਂਜਲੀ ਅਤੇ ਕਵਿਤਾ ਵੀ ਉਥੇ ਮੌਜੂਦ ਸਨ। ਉਨ੍ਹਾਂ ਦੇ ਤਿੰਨ ਬੇਟੇ ਅਤੇ ਇਕ ਬੇਟੀ ਹੈ। ਅਕਸ਼ੇ ਖੰਨਾ ਅਤੇ ਰਾਹੁਲ ਖੰਨਾ ਦੀ ਮਾਂ ਗੀਤਾਂਜਲੀ ਅਤੇ ਸਾਕਸ਼ੀ ਖੰਨਾ ਅਤੇ ਸ਼ਰਧਾ ਖੰਨਾ (ਬੇਟੀ) ਦੀ ਮਾਂ ਕਵਿਤਾ ਹੈ।
ਹਸਪਤਾਲ ਦੇ ਡਾਕਟਰਾਂ ਮੁਤਾਬਕ ਉਨ੍ਹਾਂ ਦੀ ਮੌਤ ਵੀਰਵਾਰ ਨੂੰ ਸਵੇਰੇ 11:20 ਵਜੇ ਹੋਈ। ਉਨ੍ਹਾਂ ਨੂੰ ਗਾਲ ਬਲੈਡਰ ਕੈਂਸਰ ਸੀ। ਉਨ੍ਹਾਂ ਦੀ ਉਮਰ 70 ਸਾਲ ਸੀ। ਵਿਨੋਦ ਖੰਨਾ ਦਾ ਜਨਮ 1946 ਵਿਚ ਪੇਸ਼ਾਵਰ ਵਿਖੇ ਹੋਇਆ। ਉਨ੍ਹਾਂ ਨੇ ਆਪਣਾ ਫਿਲਮੀ ਕੈਰੀਅਰ 1968 ਵਿਚ ਮਨ ਕਾ ਮੀਤ ਫਿ਼ਲਮ ਤੋਂ ਕੀਤਾ ਅਤੇ ਕੁਲ 146 ਦੇ ਕਰੀਬ ਫ਼ਿਲਮਾਂ ਕੀਤੀਆਂ। 1997 ਵਿਚ ਵਿਨੋਦ ਖੰਨਾ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ 1998, 1999, 2004 ਅਤੇ 2014 ਵਿਚ ਗੁਰਦਾਸਪੁਰ ਤੋਂ ਸਾਂਸਦ ਚੁਣੇ ਗਏ।
ਅਟਲ ਬਿਹਾਰੀ ਵਾਜਪਈ ਦੀ ਸਰਕਾਰ ਵਿਚ ਉਨ੍ਹਾਂ ਨੂੰ ਸੈਰ ਸਪਾਟਾ ਮੰਤਰੀ ਅਤੇ ਸੰਸਕ੍ਰਿਤੀ ਮੰਤਰੀ ਬਣਾਇਆ ਗਿਆ। ਬਾਦ ਵਿਚ ਉਨ੍ਹਾਂ ਨੂੰ ਵਿਦੇਸ਼ ਰਾਜ ਮੰਤਰੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ।
ਨਰੇਂਦਰ ਮੋਦੀ, ਸੋਨੀਆ ਗਾਂਧੀ, ਰਾਜਨਾਥ ਸਿੰਘ, ਲਤਾ ਮੰਗੇਸ਼ਕਰ, ਸ਼ਤਰੂਘਨ ਸਿਨਹਾ, ਆਸ਼ਾ ਭੋਂਸਲੇ ਅਤੇ ਰਿਸ਼ੀ ਕਪੂਰ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।