ਕੈਲਗਰੀ – 23 ਅਪ੍ਰੈਲ, 2017 ਦੀ ਬਾਅਦ ਦੁਪਹਿਰ, ਕੈਲਗਰੀ ਸ਼ਹਿਰ ਦੇ ਐਕਸ-ਸਰਵਿਸਮੈਨ ਐਸੋਸੀਏਸ਼ਨ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਦੀ ਸਿਰਜਣਾ ਕੀਤੀ ਗਈ। ਜਿਸ ਵਿੱਚ ਪੰਜਾਬੀ ਭਾਸ਼ਾ ਦੀ ਜਾਣੀ ਪਹਿਚਾਣੀ ਲੇਖਿਕਾ ਸ਼੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਦੀਆਂ ਦੋ ਪੁਸਤਕਾਂ- ‘ਸਰਘੀ ਦਾ ਸੁਰਜ’ ਕਾਵਿ- ਸੰਗ੍ਰਹਿ ਅਤੇ ‘ਮੋਹ ਦੀਆਂ ਤੰਦਾਂ’ ਨਿਬੰਧ- ਸੰਗ੍ਰਹਿ ਦਾ ਵਿਧੀਵਤ ਲੋਕ ਅਰਪਣ ਕੀਤਾ ਗਿਆ।
ਸ਼ਮਾਗਮ ਦੀ ਸ਼ੁਰੂਆਤ ਕਰਦੇ ਹੋਏ, ਸੂਝਵਾਨ ਮੰਚ ਸੰਚਾਲਕ ਬੀਬਾ ਨਵਪ੍ਰੀਤ ਰੰਧਾਵਾ ਨੇ, ਸਤਿਕਾਰਤ ਸ਼ਬਦਾਂ ਵਿੱਚ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਕੋ-ਆਰਡੀਨੇਟਰ ਡਾ. ਬਲਵਿੰਦਰ ਕੌਰ ਬਰਾੜ, ਲੇਖਿਕਾ ਸ਼੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ, ਨਾਮਵਰ ਗਜ਼ਲਗੋ ਮਹਿੰਦਰਪਾਲ ਐਸ ਪਾਲ, ਭਾਰਤ ਤੋਂ ਵਿਸ਼ੇਸ਼ ਤੌਰ ਤੇ ਆਏ ਸਾਹਿਤਕਾਰ ਸੁਸ਼ੀਲ ਦੁਸਾਂਝ ਅਤੇ ਮੇਜਰ ਦਲਬੀਰ ਸਿੰਘ ਮੱਲ੍ਹੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਕਰਵਾਇਆ।
ਮੰਚ ਸੰਚਾਲਿਕਾ ਨੇ ਸ਼੍ਰੀ ਮਤੀ ਗੁਰਦੀਸ਼ ਗਰੇਵਾਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹਨਾਂ ਦਾ ਜਨਮ 1950 ਵਿੱਚ, ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ, ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ। ਉੱਚ ਵਿਦਿਆ ਪ੍ਰਾਪਤੀ ਉਪਰੰਤ, ਲੰਬੇ ਸਮੇਂ ਤੱਕ ਪੰਜਾਬ ਸਿਖਿਆ ਵਿਭਾਗ ਵਿੱਚ ਸੇਵਾ ਨਿਭਾਉਣ ਮਗਰੋਂ- ਕੈਨੇਡਾ ਪਰਵਾਸ ਉਪਰੰਤ, ਟੋਰੰਟੋ ਤੇ ਸਰ੍ਹੀ ਵਿੱਚ ਆਪਣੀ ਸਾਹਿਤਕ ਪਛਾਣ ਬਣਾਉਂਦੇ ਹੋਏ, ਕੁੱਝ ਸਮੇਂ ਤੋਂ ਪਰਿਵਾਰ ਸਮੇਤ ਕੈਲਗਰੀ ਆ ਟਿਕੇ ਹਨ। ਭਾਵੇਂ ਲੇਖਿਕਾ ਦੀ ਕਲਮ ਨੇ 1973 ਤੋਂ ਹੀ ਪਰਵਾਜ਼ ਭਰਨੀ ਸ਼ੁਰੂ ਕਰ ਦਿੱਤੀ ਸੀ- ਲੇਕਿਨ 2011 ਵਿੱਚ ‘ਹਰਫ਼ ਯਾਦਾਂ ਦੇ’, 2013 ਵਿੱਚ ‘ਸੋਚਾਂ ਦੇ ਸਿਰਨਾਵੇਂ’ ਅਤੇ 2014 ਵਿੱਚ ‘ਜਿਨੀ ਨਾਮੁ ਧਿਆਇਆ’ ਤੋਂ ਬਾਅਦ ਹੁਣ 2017 ਵਿੱਚ ‘ਸਰਘੀ ਦਾ ਸੁਰਜ’ ਅਤੇ ‘ਮੋਹ ਦੀਆਂ ਤੰਦਾਂ’- ਕੁੱਲ ਪੰਜ ਸੁੱਚੇ ਮੋਤੀ ਪੰਜਾਬੀ ਸਾਹਿਤ ਦੀ ਝੋਲੀ ਪਾ, ਮਾਂ ਬੋਲੀ ਦਾ ਮਾਣ ਵਧਾਇਆ ਹੈ।
ਸੰਸਥਾ ਦੀ ਕੋਆਰਡੀਨੇਟਰ ਡਾ. ਬਲਵਿੰਦਰ ਬਰਾੜ ਨੇ ਸਮੁੱਚੀ ਇਕੱਤਰਤਾ ਨੂੰ ‘ਜੀ ਆਇਆਂ’ ਕਹਿਣ ਉਪਰੰਤ, ਦਰਸ਼ਕਾਂ ਨਾਲ ਆਪਣੇ ਬੋਲਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ- ‘ਪਾਠਕਾਂ ਦਾ ਹੁੰਗ਼ਾਰਾ ਕਿਸੇ ਵੀ ਲੇਖਕ ਲਈ ਲਾਈਫ ਲਾਈਨ ਹੁੰਦਾ ਹੈ’। ਵਾਰਤਕ ਦੀ ਪੁਸਤਕ ‘ਮੋਹ ਦੀਆਂ ਤੰਦਾਂ’ ਬਾਰੇ ਵਿਚਾਰ ਚਰਚਾ ਕਰਦੇ ਹੋਏ ਉਹਨਾਂ ਕਿਹਾ ਕਿ- ਲੇਖਿਕਾ ਨੇ ਲੋਕ ਪੱਧਰ ਤੇ ਜਾ ਕੇ ਉਹ ਵਿਸ਼ੇ ਚੁਣੇ ਹਨ, ਜਿਹਨਾਂ ਰਾਹੀਂ ਮਨੁੱਖ ਨੂੰ ਸੇਧ ਤੇ ਸਿੱਖਿਆ ਦਿੱਤੀ ਜਾ ਸਕੇ।
ਸ. ਜਸਵੰਤ ਸਿੰਘ ਸੇਖੋਂ ਅਤੇ ਅਮਰੀਕ ਸਿੰਘ ਚੀਮਾ ਨੇ-‘ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ’ ਗੁਰਦੀਸ਼ ਗਰੇਵਾਲ ਦੁਆਰਾ ਰਚਿਤ ਗੀਤ ਗਾ ਕੇ ਸ਼ੁਰੂਆਤ ਵਿੱਚ ਸਮਾਗਮ ਨੂੰ ਧਾਰਮਿਕ ਰੰਗਤ ਦੇ ਦਿੱਤੀ। ਕੈਲਗਰੀ ਦੀ ਜਾਣੀ ਪਛਾਣੀ ਲੇਖਿਕਾ ਗੁਰਚਰਨ ਥਿੰਦ ਨੇ ਬਹੁ ਵਿਧਾਵਾਂ ਵਾਲੀ ਕਾਵਿ ਪੁਸਤਕ ‘ਸਰਘੀ ਦਾ ਸੂਰਜ’ ਬਾਰੇ ਸਾਂਝ ਪਾਉਂਦਿਆਂ ਕਿਹਾ ਕਿ ਲੇਖਿਕਾ ਨੇ ਗੀਤ, ਕਵਿਤਾ, ਗਜ਼ਲ ਤੇ ਦੋਹੇ ਆਦਿ ਹਰ ਵਿਧਾ ਤੇ ਕਲਮ ਅਜ਼ਮਾਈ ਕਰਦੇ ਹੋਏ- ਸਮਾਜਿਕ ਬਦਲਾਵਾਂ, ਅੰਦਰੂਨੀ ਟੁੱਟ ਭੱਜ ਅਤੇ ਅਜੋਕੇ ਮਨੁੱਖ ਦੀ ਪਤਾਰਥਵਾਦੀ ਸੋਚ ਦੀ, ਸਫਲਤਾ ਨਾਲ ਪਾਠਕਾਂ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ। ਕੈਲਕਰੀ ਵਸਦੇ ਸੁਰੀਲੇ ਗਾਇਕ ਰਵੀ ਜਨਾਗਲ ਨੇ ਲੇਖਿਕਾ ਦੀ ਗਜ਼ਲ- ‘ਹਉਕੇ ਤੇ ਹਾਵਿਆਂ ਨੂੰ ਨਾ ਦਿੱਲ ‘ਚ ਪਾਲ਼ ਰੱਖਣਾ। ਜੇ ਹੋ ਸਕੇ ਤਾਂ ਸੱਜਣਾ ਹਾਸੇ ਸੰਭਾਲ ਰੱਖਣਾ।’ ਤਰੰਨਮ ਵਿੱਚ ਸੁਣਾ ਕੇ ਸਮੁੱਚੇ ਇਕੱਠ ਨੂੰ ਮੰਤਰ ਮੁਗਧ ਕਰ ਦਿੱਤਾ।
ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਧਾਰੇ ਨਾਮਵਰ ਸਾਹਿਤਕਾਰ ਅਤੇ ‘ਹੁਣ’ ਮੈਗਜ਼ੀਨ ਦੇ ਸੰਪਾਦਕ, ਸ਼੍ਰੀ ਸੁਸ਼ੀਲ ਦੁਸਾਂਝ- ਜੋ ਐਡਮੰਟਨ ਤੋਂ ਆਪਣੇ ਸਾਥੀਆਂ- ‘ਨਵੀਂ ਦੁਨੀਆਂ’ ਦੇ ਸੰਪਾਦਕ ਸ਼੍ਰੀ ਨਵਤੇਜ ਬੈਂਸ ਅਤੇ ਜਸਬੀਰ ਦਿਓਲ ਨਾਲ ਆਏ ਸਨ- ਨੇ ਕਿਹਾ ਕਿ ਸ਼੍ਰੀ ਮਤੀ ਗੁਰਦੀਸ਼ ਗਰੇਵਾਲ ਦੀ ਕਵਿਤਾ ‘ਚੋਂ ਆਸ ਦੀ ਕਿਰਨ ਦਿਖਾਈ ਦਿੰਦੀ ਹੈ। ਦਰਸ਼ਕਾਂ ਦੀ ਜ਼ੋਰਦਾਰ ਮੰਗ ਤੇ ਉਹਨਾਂ ਨੇ ਆਪਣੀਆਂ ਦੋ ਭਾਵਪੂਰਤ ਗਜ਼ਲਾਂ ਨਾਲ ਭਰਵੀਂ ਹਾਜ਼ਰੀ ਲਵਾਈ।
ਉਪਰੰਤ ਕੈਮਰਿਆਂ ਦੀ ਚਮਚਮਾਹਟ, ਕਲਿੱਕ ਕਲਿੱਕ ਅਤੇ ਤਾੜੀਆਂ ਦੀ ਗੜਗੜਾਹਟ ਵਿੱਚ, ਕੈਲਗਰੀ ਸਕਾਈਵਿਊ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਦਰਸ਼ਨ ਕੰਗ, ਪ੍ਰਧਾਨਗੀ ਮੰਡਲ ਅਤੇ ਹੋਰ ਪਤਵੰਤੇ ਸੱਜਣਾ ਵਲੋਂ ਲੇਖਿਕਾ ਦੀਆਂ ਦੋਨੋਂ ਪੁਸਤਕਾਂ- ‘ਸਰਘੀ ਦਾ ਸੂਰਜ’ ਅਤੇ ‘ਮੋਹ ਦੀਆਂ ਤੰਦਾਂ’ ਨੂੰ ਪਾਠਕ ਅਰਪਣ ਕੀਤਾ ਗਿਆ। ਮਾਣਯੋਗ ਦਰਸ਼ਨ ਕੰਗ ਨੇ ਲੇਖਿਕਾ ਨੂੰ ਉਹਨਾਂ ਦੇ ਸਾਹਿਤਕ ਯੋਗਦਾਨ ਲਈ ਸਨਮਾਨ ਪੱਤਰ ਪ੍ਰਦਾਨ ਕੀਤਾ। ਲੇਖਿਕਾ ਨੇ ਮੁੱਖ ਮਹਿਮਾਨ ਸ਼੍ਰੀ ਦਰਸ਼ਨ ਕੰਗ ਅਤੇ ਵਿਸ਼ੇਸ਼ ਮਹਿਮਾਨ ਸੁਸ਼ੀਲ ਦੁਸਾਂਝ ਨੂੰ ਆਪਣੀਆਂ ਪੁਸਤਕਾਂ ਦੇ ਸੈੱਟ ਭੇਟ ਕੀਤੇ। ਸਰੋਤਿਆਂ ਨਾਲ ਸਾਂਝ ਪਾਉਂਦਿਆਂ ਦਰਸ਼ਨ ਕੰਗ ਜੀ ਨੇ ਲੇਖਿਕਾ ਵਲੋਂ ਪਾਏ ਜਾ ਰਹੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ- ਕੈਨੇਡਾ ਵਿੱਚ ਪੰਜਾਬੀ ਤੀਜੀ ਭਾਸ਼ਾ ਵਜੋਂ ਬੋਲੀ ਜਾਂਦੀ ਹੈ ਤੇ ਸਾਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਹਨਾਂ ਪੰਜਾਬੀ ਮੀਡੀਆ ਦੀ ਹਾਜ਼ਰੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਪੰਜਾਬੀ ਭਾਈਚਾਰੇ ਦੇ ਸੂਝਵਾਨ ਗਾਇਕ, ਹਰਜੀਤ ਗਿੱਲ ਨੇ ਲੇਖਿਕਾ ਦਾ ਗੀਤ- ‘ਆ ਪੁੱਤਰਾ ਤੈਂਨੂੰ ਮੈਂ ਤੇਰੇ ਪਿੰਡ ਦਾ ਹਾਲ ਸੁਣਾਵਾਂ, ਜਿਹੜੇ ਪਿੰਡ ਵਿੱਚ ਤੂੰ ਪ੍ਰਦੇਸੋਂ ਭੇਜੇਂ ਨਿੱਤ ਦੁਆਵਾਂ’ ਅਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਸ਼੍ਰੀ ਤਰਲੋਚਨ ਸੈਂਭੀ ਨੇ- ਗੁਰਦੀਸ਼ ਗਰੇਵਾਲ ਲਿਖਿਤ ਦੋਹੇ, ਬੁਲੰਦ ਆਵਾਜ਼ ਵਿੱਚ ਗਾ ਕੇ ਰੰਗ ਬੰਨ੍ਹ ਦਿੱਤਾ। ਸ਼੍ਰੀ ਮਹਿੰਦਰਪਾਲ ਵਲੋਂ ‘ਸਰਘੀ ਦਾ ਸੂਰਜ’ ਅਤੇ ਇਸ ਸ਼ਹਿਰ ਦੀ ਨੌਜਵਾਨ ਸਾਹਿਤਕ ਹਸਤੀ ਅਤੇ ਮੀਡੀਆ ਕਰਮੀ ਸ਼੍ਰੀ ਬਲਜਿੰਦਰ ਸੰਘਾ ਵਲੋਂ ‘ਮੋਹ ਦੀਆਂ ਤੰਦਾਂ’ ਤੇ ਵਿਸ਼ੇਸ਼ ਪੇਪਰ ਪੜ੍ਹੇ ਗਏ। ਸ਼੍ਰੀ ਮਤੀ ਗੁਰਦੀਸ਼ ਗਰੇਵਾਲ ਦੇ ਬੇਟੇ- ਡਾ. ਸਨੀ ਗਰੇਵਾਲ, ਨੇ ਸਮੁੱਚੀ ਇਕੱਤਰਤਾ ਦਾ ਧੰਨਵਾਦ ਕੀਤਾ। ਸ਼੍ਰੀ ਤਰਲੋਕ ਚੁੱਘ ਵਲੋਂ, ਇੱਕ ਪਾਠਕ ਵਜੋਂ ਲੇਖਿਕਾ ਦਾ ਸਮਾਜਿਕ ਕਿਰਤਾਂ ਲਿਖਣ ਲਈ ਧੰਨਵਾਦ ਕਰਦੇ ਹੋਏ, ਹਲਕਾ ਫੁਲਕਾ ਹਾਸ-ਵਿਅੰਗ ਵੀ ਸਾਂਝਾ ਕੀਤਾ ਗਿਆ। ਸ਼੍ਰੀ ਦਲਬੀਰ ਸਿੰਘ ਮੱਲ੍ਹੀ ਨੇ, ਲੇਖਿਕਾ ਦੀਆਂ ਲਿਖਤਾਂ ਨਾਲ ਪ੍ਰਪੱਕ ਸਾਂਝ ਵਜੋਂ, ਉਸਦੀ ਲਿਖੀ ਹੋਈ ਕਵਿਤਾ ਸਾਂਝੀ ਕੀਤੀ।
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ ਆਯੋਜਿਤ ਇਸ ਭਰਵੇਂ ਇਕੱਠ ਵਿੱਚ, ਭਾਈਚਾਰੇ ਦੇ ਪਤਵੰਤੇ ਭੈਣਾਂ ਭਰਾਵਾਂ ਤੋਂ ਇਲਾਵਾ-ਸਾਰੀਆਂ ਪ੍ਰਮੁੱਖ ਸੀਨੀਅਰ ਸੰਸਥਾਵਾਂ, ਸਾਰੀਆਂ ਲਿਖਾਰੀ ਸਭਾਵਾਂ, ਹੈਲਦੀ ਲਾਈਫ ਸਟਾਈਲ ਨੌਲੇਜ ਫਾਊਂਡੇਸ਼ਨ, ਅੰਮ੍ਰਿਤ ਸਾਗਰ ਫਾਊਂਡੇਸ਼ਨ, ਪੰਜਾਬੀ ਸ਼ਬਦ ਸਾਂਝ ਸੁਸਾਇਟੀ ਅਤੇ ਪੰਜਾਬੀ ਮੀਡੀਆ ਵਲੋਂ- ਸ਼੍ਰੀ ਹਰਚਰਨ ਪਰਹਾਰ, ਗੁਰਦੀਪ ਪਰਹਾਰ, ਸਤਵਿੰਦਰ ਸਿੰਘ, ਜਗਤਾਰ ਸਿੰਘ, ਬਲਜਿੰਦਰ ਸੰਘਾ ਅਤੇ ਚੰਦ ਸਿੰਘ ਸਦਿਉੜਾ ਨੇ ਸ਼ਮੂਲੀਅਤ ਕੀਤੀ। ਸ਼੍ਰੀ ਮਤੀ ਗੁਰਦੀਸ਼ ਗਰੇਵਾਲ ਨੇ ਅੰਤ ਵਿੱਚ ਇਹਨਾਂ ਸਤਰਾਂ ਨਾਲ ਆਪਣੇ ਪਾਠਕਾਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ-
‘ਤੁਸਾਂ ਜੋ ਮਾਣ ਦਿੱਤਾ ਏ, ਮੈਂ ਉਸ ਤੇ ਫੁੱਲ ਚੜ੍ਹਾਉਂਦੀ ਹਾਂ।
ਤੁਹਾਡੇ ਪਰਾਂ ਦੇ ਸਦਕੇ, ਅਕਾਸ਼ੇ ਉਡਣਾ ਚਾਹੁੰਦੀ ਹਾਂ।
ਮੈਂ ਇੱਕ ਝਰਨੇ ਦਾ ਪਾਣੀ, ਨਾ ਸਾਗਰ ਤੱਕ ਪਹੁੰਚ ਮੇਰੀ,
ਤੁਹਾਡੀ ਤਾਕਤ ਸਦਕਾ ਹੀ, ਮੈਂ ਇੱਕ ਨਦੀ ਕਹਾਉਂਦੀ ਹਾਂ।
ਤੁੱਛ ਜਿਹੇ ਸ਼ਬਦ ਇਹ ਮੇਰੇ, ਬਣਨ ਧੜਕਣ ਕਿਸੇ ਦਿੱਲ ਦੀ,
ਖ਼ੁਦਾ ਤੋਂ ਹਿੰਮਤ ਮੰਗਦੀ ਹਾਂ, ਤੁਹਾਡੀ ਅਸੀਸ ਚਾਹੁੰਦੀ ਹਾਂ।