ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਫਿਰ ਬੀਜੇਪੀ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਬੰਗਾਲ ਨੂੰ ਟਾਰਗੇਟ ਕਰਨਗੇ ਤਾਂ ਤ੍ਰਿਣਮੂਲ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਨੂੰ ਟਾਰਗੇਟ ਕਰੇਗੀ। ਅਸੀਂ ਆਸਾਮ ਅਤੇ ਝਾਰਖੰਡ ਵਿੱਚ ਸੰਗਠਨ ਤਿਆਰ ਕਰ ਰਹੇ ਹਾਂ ਅਤੇ ਜੇ ਜਰੂਰਤ ਪਈ ਤਾਂ ਗੁਜਰਾਤ, ਯੂਪੀ ਸੱਭ ਜਗ੍ਹਾ ਪਾਰਟੀ ਸੰਗਠਨ ਬਣਾਵਾਂਗੇ ਅਤੇ ਦਿੱਲੀ ਵਿੱਚ ਵੀ ਦਖ਼ਲ ਵਧਾਵਾਂਗੇ।
ਮਮਤਾ ਨੇ ਵੀਰਵਾਰ ਨੂੰ ਅਲੀਪੁਰਦਵਾਰ ਵਿੱਚ ਇੱਕ ਸਮਾਗਮ ਦੌਰਾਨ ਭਾਜਪਾ ਪ੍ਰਧਾਨ ਅਮਿੱਤ ਸ਼ਾਹ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦਿਨ ਵਿੱਚ ਗਰੀਬ ਦੇ ਘਰ ਖਾਣਾ ਖਾਂਦੇ ਹਨ ਅਤੇ ਰਾਤ ਨੂੰ ਫਾਈਵ ਸਟਾਰ ਹੋਟਲ ਵਿੱਚ ਰਹਿੰਦੇ ਹਨ। ਅਜਿਹਾ ਦੋਹਰਾ ਮਾਪਦੰਡ ਕਿਉਂ? ਉਨ੍ਹਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਦਾ ਡਰ ਵਿਖਾਉਣ ਨਾਲ ਬੰਗਾਲ ਡਰਨ ਵਾਲਾ ਨਹੀਂ ਹੈ ਅਤੇ ਜੇ ਸਾਨੂੰ ਗਾਲੀ ਦਿੱਤੀ ਗਈ ਤਾਂ ਅਸੀਂ ਖਾਲੀ ਕਰਨ ਦੀ ਵੀ ਹਿੰਮਤ ਰੱਖਦੇ ਹਾਂ।
ਮੁੱਖਮੰਤਰੀ ਨੇ ਕਿਹਾ ਕਿ ਸਾਡੇ ਬੰਗਾਲ ਵਿੱਚ ਵੀ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ, ਇੱਥੇ ਵੀ ਕਈ ਪ੍ਰਸਿੱਧ ਮੰਦਿਰ ਅਤੇ ਤੀਰਥ ਸਥਾਨ ਹਨ, ਪਰ ਅਸੀਂ ਦਿਖਾਵਾ ਨਹੀਂ ਕਰਦੇ। ਭਾਜਪਾ ਸਮਾਜ ਵਿੱਚ ਮੇਲਜੋਲ ਨਹੀਂ, ਸਗੋਂ ਦੂਰੀਆਂ ਵਧਾਉਂਦੀ ਹੈ। ਬੰਗਾਲ ਦੇ ਲੋਕ ਸੰਪਰਦਾਇਕ ਸ਼ਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਅਗਰ ਭਾਜਪਾ ਨੂੰ ਮੌਕਾ ਮਿਲੇ ਤਾਂ ਬੰਗਾਲ ਦਾ ਮਾਣ-ਸਨਮਾਨ, ਸੰਸਕ੍ਰਿਤਕ ਵਿਰਾਸਤ ਸੱਭ ਨੂੰ ਨਸ਼ਟ ਕਰ ਦੇਣਗੇ। ਬਾਹਰੀ ਲੋਕਾਂ ਨੂੰ ਇੱਥੇ ਲਿਆ ਕੇ ਮਹੌਲ ਖਰਾਬ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।