ਅੰਮ੍ਰਿਤਸਰ – ਇੱਕ ਅਗਸਤ 1857 ਨੂੰ ਅਜਨਾਲਾ ਵਿੱਚ ਹੋਏ ਖ਼ੂਨੀ ਸਾਕੇ ਦੇ ਸਮੇਂ ਅੰਮ੍ਰਿਤਸਰ ਦਾ ਗੋਰਾ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਸਿੱਖ ਭਾਈਚਾਰੇ ਦਾ ਵਿਸ਼ਵਾਸ਼ ਹਾਸਿਲ ਕਰਨ ਲਈ ਜਾਂ ਫਿਰ ਕਿਸੇ ਗੁਪਤ ਇਰਾਦੇ ਦੇ ਚੱਲਦਿਆਂ ਧਰਮ ਪ੍ਰੀਵਰਤਨ ਕਰਕੇ ਸੰਪੂਰਨ ਸਿੱਖ ਮਰਿਆਦਾ ਨਾਲ ਪਾਹੁਲ ਲੈ ਕੇ ਸਿੱਖ ਬਣ ਚੁੱਕਿਆ ਸੀ। ਇਹ ਉਪਰੋਕਤ ਮਹੱਤਵਪੂਰਣ ਖੁਲਾਸਾ ਇਤਿਹਾਸਕਾਰ ਅਤੇ ਖੋਜ-ਕਰਤਾ ਸੁਰਿੰਦਰ ਕੋਛੜ ਨੇ ਅੱਜ ਆਪਣੀ ਪੁਸਤਕ ‘1857- ਅਜਨਾਲਾ ਨਰਸੰਹਾਰ’ ਦੇ ਰਲੀਜ਼ ਸਮਾਰੋਹ ਵਿੱਚ ਕੀਤਾ। ਸ੍ਰੀ ਕੋਛੜ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਪੁਸਤਕਾਂ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ, ਤਵਾਰੀਖ਼ ਸ੍ਰੀ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੀ ਤਵਾਰੀਖ਼ ਆਦਿ ਵਿੱਚ ਸਾਫ਼ ਤੌਰ ਤੇ ਦਰਜ਼ ਹੈ ਕਿ ਸੰਨ 1857 ਦੇ ਗਦਰ ਦੇ ਸਮੇਂ ਕੂਪਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਤੋਂ ਪਾਹੁਲ ਲੈ ਕੇ ਸਿੱਖ ਬਣ ਗਿਆ ਸੀ ਅਤੇ ਉਸ ਨੇ ਮੰਨਤ ਮੰਗੀ ਸੀ ਕਿ ਜੇਕਰ ਸੰਨ 1857 ਦੀ ਜੰਗ ਵਿੱਚ ਅੰਗਰੇਜ਼ਾਂ ਦੀ ਜਿੱਤ ਹੋ ਗਈ ਤਾਂ ਉਹ ਸ੍ਰੀ ਦਰਬਾਰ ਸਾਹਿਬ ਵਿੱਚ ਕਈ ਕੀਮਤੀ ਵਸਤੂਆਂ ਭੇਟ ਕਰੇਗਾ।ਅੰਗਰੇਜ਼ਾਂ ਦੇ ਇਹ ਯੁੱਧ ਜਿੱਤਣ ਦੇ ਬਾਅਦ ਆਪਣੀ ਮੰਨਤ ਉਤਾਰਨ ਲਈ ਕੂਪਰ ਨੇ ਇਧਰ-ਓਧਰ ਤੋਂ ਚੁੱਕ ਕੇ ਅਤੇ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਮਹਿਲ ‘ਚੋਂ ਵਸਤੂਆਂ ਲਿਆ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਲਗਾ ਦਿੱਤੀਆਂ।
ਅਜਨਾਲਾ ਦੇ ਉਪਰੋਕਤ ਖ਼ੂਹ ਦੀ ਖੋਜ ਕਰਕੇ ਉਸ ਵਿੱਚ 157 ਵਰ੍ਹਿਆਂ ਤੋਂ ਦਫ਼ਨ ਹਿਦੂਸਤਾਨੀ ਸਿਪਾਹੀਆਂ ਨੂੰ ਖੂਹ ਦੀ ਕਾਲੀ ਮਿੱਟੀ ‘ਚੋਂ ਆਜ਼ਾਦ ਕਰਾਉਣ ‘ਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਉਪਰੋਕਤ ਪੁਸਤਕ ਦੇ ਲੇਖਕ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਪਰੋਕਤ ਹਿੰਦੁਸਤਾਨੀ ਸਿਪਾਹੀਆਂ ਨੂੰ ਖ਼ੂਹ ਵਿੱਚ ਸੁੱਟਣ ਦੇ ਬਾਅਦ ਕੂਪਰ ਦੁਆਰਾ ਉਨ੍ਹਾਂ ‘ਤੇ ਚੂਨਾ ਤੇ ਲਕੜੀ ਦਾ ਕੋਇਲਾ ਸੁਟਵਾ ਦਿੱਤਾ ਸੀ ਤਾਂ ਕਿ ਊਨ੍ਹਾਂ ਦੀਆਂ ਲਾਸ਼ਾਂ ਜਲਦੀ ਗੱਲ ਜਾਣ। ਉਨ੍ਹਾਂ ਦੱਸਿਆ ਕਿ ਕੂਪਰ ਆਪਣੀ ਉਪਰੋਕਤ ‘ਵੀਰਗਾਥਾ’ ਖ਼ੂਹ ਦੀ ਬਾਹਰੀ ਕੰਧ ‘ਤੇ ਲੋਹੇ ਦੇ ਪੱਤਰੇ ‘ਤੇ ਗੁਰਮੁੱਖੀ, ਅੰਗਰੇਜ਼ੀ ਤੇ ਸ਼ਾਹਮੁੱਖੀ ਵਿੱਚ ਲਿਖਵਾਉਣਾ ਚਾਹੁੰਦਾ ਸੀ, ਪਰ ਉਸ ਦੀ ਇਹ ਹਸਰਤ ਪੂਰੀ ਨਹੀਂ ਹੋ ਸਕੀ। ਡੀ.ਏ.ਵੀ.ਸੀ.ਐਨ.ਸੀ. ਦੇ ਡਾਇਰੈਕਟਰ ਸ੍ਰੀ ਜੇ.ਪੀ. ਸ਼ੂਰ ਨੇ ਪੁਸਤਕ ਜਾਰੀ ਕਰਦਿਆਂ ਕਿਹਾ ਕਿ ‘1857-ਅਜਨਾਲਾ ਨਰਸੰਹਾਰ’ ਪੁਸਤਕ ਦੇ ਲੇਖਕ ਸ੍ਰੀ ਸੁਰਿੰਦਰ ਕੋਛੜ ਨੇ ਸੰਨ 1857 ਦੀ ਕ੍ਰਾਂਤੀ ਨਾਲ ਸਬੰਧਿਤ ਉਪਰੋਕਤ ਖੂਹ ਵਿੱਚ ਦਫ਼ਨ ਹਿੰਦੁਸਤਾਨੀ ਸਿਪਾਹੀਆਂ ਨੂੰ ਮੁਕਤੀ ਤੇ ਆਜ਼ਾਦੀ ਦਿਵਾਉਣ ਹਿੱਤ ਸਫ਼ਲ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਉਪਰੋਕਤ ਸਾਕੇ ਤੇ ਤਰਾਸਦੀ ਨਾਲ ਸਬੰਧਿਤ ਇੱਕ-ਇੱਕ ਪਲ ਦਾ ਲੇਖਾ-ਜੋਖਾ ਅਤੇ ਜਾਣਕਾਰੀਆਂ ਪ੍ਰਮਾਣਿਕ ਢੰਗ ਨਾਲ ਪੁਸਤਕ ਵਿੱਚ ਪ੍ਰਕਾਸ਼ਿਤ ਕੀਤੀਆਂ ਹਨ। ਡੀ.ਏ.ਵੀ. ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ ਨੇ ਕਿਹਾ ਹੈ ਕਿ ਜਿਸ ਪ੍ਰਕਾਰ ਭਗੀਰਥ ਰਿਸ਼ੀ ਰਾਜਾ ਸਗਰ ਦੇ ਪੁੱਤਰਾਂ ਦੀ ਮੁਕਤੀ ਲਈ ਹਿਮਾਲਿਆ ਦੀਆਂ ਪਹਾੜੀਆਂ ‘ਚੋਂ ਗੰਗਾ ਜੀ ਨੂੰ ਲੈ ਕੇ ਆਏ ਸਨ, ਉਸੇ ਪ੍ਰਕਾਰ ਸ੍ਰੀ ਕੋਛੜ ਨੇ ਸੰਨ 1857 ਦੀ ਕ੍ਰਾਂਤੀ ਦੇ ਸਿਪਾਹੀਆਂ ਨੂੰ ਮੁਕਤੀ ਤੇ ਆਜ਼ਾਦੀ ਦਿਵਾਉਣ ਵਿੱਚ ਸਫ਼ਲ ਕੋਸ਼ਿਸ਼ਾਂ ਕੀਤੀਆਂ ਹਨ। ਪੁਸਤਕ ਦੀ ਸੰਪਾਦਕ ਤੇ ਪ੍ਰਕਾਸ਼ਕ ਸ੍ਰੀਮਤੀ ਅਨੀਤਾ ਸਰੀਨ ਨੇ ਕਿਹਾ ਕਿ ਅਜਨਾਲਾ ਵਿੱਚ ਸੰਨ 1857 ਵਿੱਚ ਹੋਏ ਸਾਕੇ ਅਤੇ ਖੂਹ ਦੀ ਖੋਜ ਕਰਕੇ ਉਸ ਵਿੱਚੋਂ ਸਿਪਾਹੀਆਂ ਦੇ ਪਿੰਜਰ ਕਢਵਾਉਣ ਦੇ ਨਾਲ-ਨਾਲ ਕੌਮੀ ਕ੍ਰਾਂਤੀ ਵਿੱਚ ਦੇਸੀ ਸਿਪਾਹੀਆਂ, ਪੰਜਾਬੀਆਂ ਅਤੇ ਸਿੱਖ ਸਿਪਾਹੀਆਂ ਦੇ ਯੋਗਦਾਨ ਦੀ ਸਚਾਈ ਨੂੰ ਇਸ ਪੁਸਤਕ ਵਿੱਚ ਪ੍ਰਮਾਣਿਕ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਪਾਠਕਾਂ ਦੇ ਕਈ ਭਰਮ-ਭੁਲੇਖੇ ਦੂਰ ਹੋਣਗੇ। ਆਈ.ਜੀ. (ਏ.ਟੀ.ਐਸ.- ਇੰਟੈਲੀਜੈਂਸ) ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਇਤਿਹਾਸ ਲਿਖਣਾ ਇੱਕ ਮੁਸ਼ਕਿਲ ਤੇ ਜਿੰਮੇਵਾਰੀ ਵਾਲਾ ਕੰਮ ਹੈ ਅਤੇ ਇਸ ਵਿੱਚ ਘਟਨਾਵਾਂ, ਤੱਥਾਂ, ਦਸਤਾਵੇਜ਼ਾਂ ਆਦਿ ਨੂੰ ਬੜੀ ਸੰਜੀਦਗੀ ਨਾਲ ਸਮਝਣ ਤੇ ਵਿਚਾਰਨ ਦੇ ਬਾਅਦ ਕਲਮਬੰਦ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਸ੍ਰੀ ਕੋਛੜ ਨੇ ਇਹ ਭੂਮਿਕਾ ਉਪਰੋਕਤ ਪੁਸਤਕ ਦੀ ਮਾਰਫ਼ਤ ਬੜੀ ਇਮਾਨਦਾਰੀ ਨਾਲ ਨਿਭਾਈ ਹੈ।