ਫ਼ਤਹਿਗੜ੍ਹ ਸਾਹਿਬ – “ਬਰਗਾੜੀ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਲਈ ਸੰਘਰਸ਼ ਕਰ ਰਹੇ ਸਿੱਖਾਂ ਉਤੇ ਬਿਨ੍ਹਾਂ ਵਜਹ ਗੋਲੀ ਚਲਾਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ । ਲੇਕਿਨ ਉਸ ਉਪਰੰਤ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਜਾਰੀ ਰਿਹਾ ਜੋ ਕਿ ਅੱਜ ਤੱਕ 89-90 ਵਾਰ ਵੱਖ-ਵੱਖ ਸਥਾਨਾਂ ਤੇ ਇਹ ਅਪਮਾਨ ਹੋ ਚੁੱਕਾ ਹੈ । ਮਲੇਰਕੋਟਲਾ ਵਿਖੇ ਵੀ ਕੁਰਾਨ ਸਰੀਫ਼ ਦਾ ਅਪਮਾਨ ਕੀਤਾ ਗਿਆ ਸੀ । ਇਸ ਘਟਨਾ ਵਿਚ ਮੁੱਖ ਦੋਸ਼ੀ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਨਿਰੇਸ਼ ਯਾਦਵ ਦਾ ਨਾਮ ਸਾਹਮਣੇ ਆਇਆ ਸੀ । ਪਰ ਹੁਕਮਰਾਨਾ ਵੱਲੋਂ ਤਹਿ ਤੱਕ ਨਾ ਪਹੁੰਚਕੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਅਮਲ ਕਰਕੇ ਇਸ ਵਰਤਾਰੇ ਨੂੰ ਸਹਿ ਹੀ ਦਿੱਤੀ ਗਈ ਸੀ । ਜੇਕਰ ਨਿਰੇਸ਼ ਯਾਦਵ ਨਾਲ ਜੁੜੀਆਂ ਅਪਰਾਧਿਕ ਤਾਰਾਂ ਨੂੰ ਪੁਲਿਸ ਤੇ ਹੁਕਮਰਾਨਾਂ ਵੱਲੋਂ ਜੜ ਤੱਕ ਜਾਣ ਦੀ ਕੋਸਿ਼ਸ਼ ਕੀਤੀ ਹੁੰਦੀ ਤਾਂ ਇਹ ਪੰਜਾਬ ਵਿਚ ਅਰਾਜਕਤਾ ਫੈਲਾਉਣ ਵਾਲੀਆ ਤਾਕਤਾਂ ਵੱਲੋਂ ਮੁੜਕੇ ਅਜਿਹਾ ਅਮਲ ਨਹੀਂ ਸੀ ਹੋ ਸਕਦਾ । ਪਰ ਢਿੱਲੀ ਤੇ ਪੱਖਪਾਤੀ ਕਾਰਗੁਜਾਰੀ ਦੀ ਬਦੌਲਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਤੇ ਦਿਨੀਂ 90 ਵਾਰੀ ਅਪਮਾਨ ਹੋਇਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਪਹਿਲੀ ਵਾਰ ਬੁਰਜ ਜਵਾਹਰ ਸਿੰਘ ਵਾਲਾ, ਜੈਤੋਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਅਰਾਜਕਤਾ ਫੈਲਾਉਣ ਵਾਲੀਆ ਤਾਕਤਾਂ ਨੇ ਅਪਮਾਨ ਕੀਤਾ ਸੀ, ਉਦੋ ਤੋ ਲੈਕੇ ਅੱਜ ਤੱਕ ਕਿਸੇ ਇਕ ਵੀ ਦੋਸ਼ੀ ਨੂੰ ਨਾ ਤਾਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਕਿਸੇ ਨੂੰ ਸਜ਼ਾ ਦਿੱਤੀ ਗਈ ਤੇ ਨਾ ਹੀ ਪੰਜਾਬ ਵਿਚ ਅਜਿਹੀਆ ਕਾਰਵਾਈਆ ਕਰਨ ਵਾਲਿਆ ਅਤੇ ਅਰਾਜਕਤਾ ਫੈਲਾਕੇ ਆਪਣੀ ਸਿਆਸੀ ਅਤੇ ਮਾਲੀ ਮੰਤਵਾ ਦੀ ਪੂਰਤੀ ਕਰਨ ਵਾਲੀਆ ਤਾਕਤਾਂ ਦੀ ਸਰਕਾਰ ਤੇ ਪੁਲਿਸ ਵੱਲੋਂ ਕੋਈ ਪਹਿਚਾਣ ਨਾ ਕੀਤੀ ਗਈ । ਜੋ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਅਤੇ ਜੋ ਬੀਤੇ ਦਿਨੀਂ ਲੰਮੇ ਜੱਟਪੁਰਾ ਵਿਖੇ ਇਹ ਘਟਨਾ ਹੋਈ ਹੈ, ਇਸ ਪਿਛੇ ਵੀ ਉਹੀ ਤਾਕਤਾਂ ਹਨ ਜੋ ਪੰਜਾਬ ਨੂੰ ਅਮਨਮਈ ਅਤੇ ਜਮਹੂਰੀਅਤਮਈ ਨਹੀਂ ਦੇਖਣਾ ਚਾਹੁੰਦੀਆ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਲੰਮੇ ਜੱਟਪੁਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਲਈ ਅਰਾਜਕਤਾ ਫੈਲਾਉਣ ਵਾਲੀਆ ਤਾਕਤਾਂ ਅਤੇ ਨਿਜਾਮੀ ਤੇ ਪੁਲਿਸ ਦੇ ਦੋਸ਼ਪੂਰਨ ਪ੍ਰਬੰਧ ਨੂੰ ਦੋਸ਼ੀ ਠਹਿਰਾਉਦੇ ਹੋਏ ਅਤੇ ਇਸ ਅਮਲ ਨੂੰ ਸਿੱਖ ਕੌਮ ਲਈ ਅਸਹਿ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ 90 ਤੋਂ ਵੀ ਜਿਆਦਾ ਵਾਰੀ ਅਜਿਹੇ ਸਿੱਖ ਕੌਮ ਵਿਰੋਧੀ ਅਮਲ ਹੋਏ ਹਨ । ਨਾ ਤਾਂ ਪਹਿਲੀ ਬਾਦਲ-ਬੀਜੇਪੀ ਸਰਕਾਰ ਵੱਲੋਂ ਕੋਈ ਦੋਸ਼ੀਆਂ ਵਿਰੁੱਧ ਉਚਿਤ ਕਾਰਵਾਈ ਹੋਈ ਅਤੇ ਨਾ ਹੀ ਮੌਜੂਦਾ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਸਿੱਖ ਕੌਮ ਨੂੰ ਕੋਈ ਇਨਸਾਫ਼ ਦਿੱਤਾ ਜਾ ਰਿਹਾ ਹੈ । ਜਦੋਂ ਸਿੱਖ ਨੌਜਵਾਨੀ ਜਾਂ ਸਿੱਖ ਕੌਮ ਇਸ ਗੱਲ ਨੂੰ ਬਰਦਾਸਤ ਨਾ ਕਰਦੀ ਹੋਈ ਕੋਈ ਐਕਸ਼ਨ ਪ੍ਰੋਗਰਾਮ ਕਰੇਗੀ, ਫਿਰ ਇਹ ਹਕੂਮਤਾਂ, ਪੁਲਿਸ ਝੱਟ ਸਿੱਖਾਂ ਉਤੇ ਝੂਠੇ ਕੇਸ ਦਰਜ ਕਰਕੇ ਅਤੇ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਜ਼ਬਰ-ਜੁਲਮ ਸੁਰੂ ਕਰਨ ਵਿਚ ਬਿਲਕੁਲ ਢਿੱਲ੍ਹ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਜਦੋਂ ਇਨਸਾਫ਼ ਮਿਲਣ ਵਿਚ ਦੇਰੀ ਹੋਵੇ ਤਾਂ ਜ਼ਬਰ-ਜੁਲਮ ਝੱਲਣ ਵਾਲੇ ਲੋਕ ਜਾਂ ਕੌਮ ਆਪਣੇ ਹੱਕ-ਹਕੂਕ ਲੈਣ ਲਈ ਖੁਦ ਖੜ੍ਹੇ ਹੋ ਜਾਂਦੇ ਹਨ । ਫਿਰ ਸਰਕਾਰਾਂ ਜਾਂ ਹਕੂਮਤਾਂ ਦੀਆਂ ਤਾਕਤਾਂ ਵੀ ਅਜਿਹੀਆ ਲਹਿਰਾਂ ਨੂੰ ਦਬਾਉਣ ਵਿਚ ਕਾਮਯਾਬ ਨਹੀਂ ਹੁੰਦੀਆ । ਇਸ ਲਈ ਚੰਗਾ ਹੋਵੇਗਾ ਜੇਕਰ ਮੌਜੂਦਾ ਪੰਜਾਬ ਦੀ ਹਕੂਮਤ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਨਿਰੇਸ਼ ਯਾਦਵ ਨਾਲ ਜੁੜੀਆਂ ਤਾਰਾਂ ਨੂੰ ਫੜਕੇ ਇਸ ਅਪਰਾਧ ਦੀ ਜੜ੍ਹ ਨੂੰ ਲੱਭ ਲਵੇ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦੇਵੇ ।
ਇਕ ਵੱਖਰੇ ਬਿਆਨ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਛੇਵੀ ਪਾਤਸ਼ਾਹੀ ਫਤਹਿਗੜ੍ਹ ਸਾਹਿਬ ਵਿਖੇ ਖ਼ਾਲਸਾ ਪੰਥ ਦੇ ਉਹ ਨਿਸ਼ਾਨ ਜਿਨ੍ਹਾਂ ਸੰਬੰਧੀ ਗੁਰੂ ਸਾਹਿਬਾਨ ਤੇ ਇਤਿਹਾਸ ਨੇ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’ ਆਖਕੇ ਇਨ੍ਹਾਂ ਖ਼ਾਲਸਾ ਪੰਥ ਦੇ ਨਿਸ਼ਾਨਾਂ ਦਾ ਬੋਲਬਾਲਾ ਸਮੁੱਚੇ ਸੰਸਾਰ ਵਿਚ ਕੀਤਾ, ਉਸ ਨਿਸ਼ਾਨ ਸਾਹਿਬ ਨੂੰ ਮਰਿਯਾਦਾ ਭੰਗ ਕਰਕੇ ਉਤਾਰਨ ਅਤੇ ਬਿਨ੍ਹਾਂ ਨਿਸ਼ਾਨ ਸਾਹਿਬ ਝੁਲਾਏ ਉਪਰੋਕਤ ਗੁਰਦੁਆਰਾ ਸਾਹਿਬਾਨ ਵਿਖੇ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਅਵੱਗਿਆ ਉਤੇ ਗਹਿਰੇ ਦੁੱਖ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਆਪਣੀ ਅਣਖ਼, ਇੱਜ਼ਤ, ਸਵੈਮਾਨ ਅਤੇ ਆਪਣੀ ਆਜ਼ਾਦੀ ਲਈ ਸੁਰੂ ਤੋ ਹੀ ਸੰਘਰਸ਼ਸੀਲ ਰਹੀ ਹੈ । ਲੇਕਿਨ ਮੌਜੂਦਾ ਪ੍ਰਬੰਧਕ ਆਪਣੀ ਕੌਮੀ ਆਨ-ਸ਼ਾਨ, ਸਵੈਮਾਨ ਅਤੇ ਆਪਣੀ ਆਜ਼ਾਦੀ ਨੂੰ ਖੁਦ ਹੀ ਠੇਸ ਪਹੁੰਚਾਉਣ ਦੀਆਂ ਕਾਰਵਾਈਆ ਕਰ ਰਹੇ ਹਨ । ਅਜਿਹੇ ਅਮਲ ਤਾਂ ਮੁਤੱਸਵੀ ਅਤੇ ਸਿੱਖ ਵਿਰੋਧੀ ਜਮਾਤਾਂ ਨੂੰ ਗਲਤ ਕਾਰਵਾਈਆ ਕਰਨ ਦਾ ਸੱਦਾ ਦੇਣ ਵਾਲੇ ਹਨ ਜੋ ਸਖ਼ਤੀ ਨਾਲ ਬੰਦ ਹੋਣੇ ਚਾਹੀਦੇ ਹਨ ।