ਪੈਰਿਸ – ਇਮੈਨਉਲ ਮੈਕਰੋਨ ਨੇ ਫਰਾਂਸ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਬਹੁਤ ਭਾਰੀ ਜਿੱਤ ਪ੍ਰਾਪਤ ਕੀਤੀ ਹੈ। 39 ਸਾਲਾ ਮੈਕਰੋਨ ਫਰਾਂਸ ਦੇ ਸੱਭ ਤੋਂ ਨੌਜ਼ਵਾਨ ਰਾਸ਼ਟਰਪਤੀ ਹੋਣਗੇ। ਮੈਕਰੋਨ ਇੱਕ ਸਾਬਕਾ ਬੈਂਕਰ ਹੈ। ਉਨ੍ਹਾਂ ਨੇ ਆਪਣੀ ਵਿਰੋਧੀ ਪੈਨ ਨੂੰ ਬਹੁਤ ਪਿੱਛੇ ਛੱਡਿਆ। ਪੈਨ ਨੂੰ ਸਿਰਫ਼ 34 ਫੀਸਦੀ ਵੋਟ ਮਿਲੇ, ਜਦੋਂ ਕਿ ਮੈਕਰੋਨ ਨੂੰ 65 ਫੀਸਦੀ ਵੋਟ ਮਿਲਣ ਦੀ ਸੰਭਾਵਨਾ ਹੈ।
ਫਰਾਂਸ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਕਿ ਦੂਸਰੇ ਪੜਾਅ ਦੀਆਂ ਚੋਣਾਂ ਵਿੱਚ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਸੋਸ਼ਲਿਸਟ ਅਤੇ ਰੀਪਬਲੀਕਨਸ ਦਾ ਕੋਈ ਵੀ ਉਮੀਦਵਾਰ ਸ਼ਾਮਿਲ ਨਹੀਂ ਸੀ। ਪਹਿਲੇ ਪੜਾਅ ਦੀਆਂ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਨੂੰ ਜਰੂਰੀ 50% ਵੋਟ ਨਾ ਮਿਲਣ ਕਰਕੇ ਦੂਸਰੇ ਪੜਾਅ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਮੈਕਰੋਨ ਦਾ ਜਨਮ ਉਤਰੀ ਫਰਾਂਸ ਵਿੱਚ ਹੋਇਆ ਸੀ ਅਤੇ ਉਹ 2012 ਵਿੱਚ ਰਾਸ਼ਟਰਪਤੀ ਓਲਾਂਦ ਦੇ ਪ੍ਰਮੁੱਖ ਸਲਾਹਕਾਰ ਰਹਿ ਚੁੱਕੇ ਹਨ। 2014 ਵਿੱਚ ਉਨ੍ਹਾਂ ਨੂੰ ਵਿੱਤ ਵਿਭਾਗ ਦੀ ਜਿੰਮੇਵਾਰੀ ਵੀ ਸੌਂਪੀ ਗਈ ਸੀ।
ਉਨ੍ਹਾਂ ਨੇ ਮੱਧ-ਪੈਰਿਸ ਵਿੱਚ ਸਥਿਤ ਲੂਵਰ ਮਿਊਜਿ਼ਅਮ ਦੇ ਬਾਹਰ ਜਸ਼ਨ ਮਨਾ ਰਹੇ ਸਮਰਥੱਕਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਿੱਤ ਫਰਾਂਸ ਦੇ ਇਤਿਹਾਸ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ, ‘ ਮੈਂ ਚਾਹੁੰਦਾ ਹਾਂ ਕਿ ਇਹ ਇੱਕ ੳਮੀਦ ਅਤੇ ਵਿਸ਼ਵਾਸ਼ ਬਣ ਕੇ ਉਭਰੇ।’ ਮੈਕਰੋਨ ਯੌਰਪੀ ਸੰਘ ਦੇ ਸਮੱਰਥਕ ਹਨ। ਮੈਕਰੋਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਕਿ ਉਹ ਦੇਸ਼ ਵਿੱਚ ਮੌਜੂਦ ਭੇਦਭਾਵ ਪੈਦਾ ਕਰਨ ਵਾਲੀਆਂ ਤਾਕਤਾਂ ਨਾਲ ਲੜਨਗੇ ਤਾਂ ਜੋ ਯੌਰਪੀ ਸੰਘ ਅਤੇ ਉਨ੍ਹਾਂ ਦੇ ਦੇਸ਼ਵਾਸੀਆਂ ਦਰਮਿਆਨ ਸਬੰਧਾਂ ਨੂੰ ਪੁਨਰ ਸਥਾਪਿਤ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਰਮਪੰਥ ਅਤੇ ਜਲਵਾਯੂ ਪ੍ਰੀਵਰਤਣ ਦੇ ਖ਼ਤਰਿਆਂ ਨਾਲ ਵੀ ਮੁਕਾਬਲਾ ਕਰਨਗੇ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਜਰਮਨੀ ਦੀ ਚਾਂਸਲਰ ਮਰਕਲ ਨੇ ਫ਼ੋਨ ਕਰਕੇ ਫਰਾਂਸ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਮੈਨਉਲ ਮੈਕਰੋਨ ਨੂੰ ਵਧਾਈਆਂ ਦਿੱਤੀਆਂ।