ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖਜ਼ ਸਟਡੀਜ਼ ਵੱਲੋਂ ਸਿੱਖ ਧਰਮ, ਇਤਿਹਾਸ, ਫਲਸਫੇ ਅਤੇ ਸਿੱਖੀ ਨਾਲ ਜੁੜੇ ਹੋਰ ਮਸਲਿਆਂ ਬਾਰੇ ਰਾਸ਼ਟਰੀ ਪੱਧਰ ਦੇ ਸਕਾਲਰਾਂ ਅਤੇ ਵਿਦਵਾਨਾਂ ਦੇ ਲੈਕਚਰ ਕਰਵਾਏ ਜਾਂਦੇ ਹਨ। ਇਸ ਵਾਰੀ, ‘‘ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ’’ ਵਿਸ਼ੇ ਉਪਰ ਪੰਜਾਬੀ ਯੂਨੀਵਰਰਸਿਟੀ ਪਟਿਆਲਾ ਤੋਂ ਵਿਦਵਾਨ ਬੁਲਾਰੇ ਡਾ. ਸੁਰਜੀਤ ਸਿੰਘ ਭੱਟੀ ਦਾ ਲੈਕਚਰ ਕਰਵਾਇਆ ਗਿਆ। ਆਈ. ਸੀ. ਐਫ. ਸੀ. ਐਸ. ਦੀ ਰਵਾਇਤ ਅਨੁਸਾਰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਚ ਪ੍ਰੋਗਰਾਮ ਦਾ ਆਰੰਭ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਗਾਇਨ ਨਾਲ ਕੀਤਾ ਗਿਆ।
ਅਦਾਰੇ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ, ਜੋ ਕਿ ਆਪ ਇਕ ਇਤਿਹਾਸਕਾਰ ਅਤੇ ਸਿੱਖ ਮਸਲਿਆਂ ਦੀ ਮਾਹਿਰ ਵਿਦੂਸੀ ਮਹਿਲਾ ਹਨ, ਨੇ ਪ੍ਰੋਗਰਾਮ ਦੀ ਰੂਪਰੇਖਾ ਦਾ ਖੁਲਾਸਾ ਕੀਤਾ। ਡਾ. ਸੁਰਜੀਤ ਸਿੰਘ ਭੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਦੇ ਸਾਬਕਾ ਮੁੱਖੀ ਰਹੇ ਹਨ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਬੁੱਧੀਜੀਵੀ ਚਿੰਤਕ ਅਤੇ ਵਿਦਵਾਨ ਹਨ।ਜਿਸ ਕਰਕੇ ਸਿੱਖ ਧਰਮ ਬਾਰੇ ਇਨ੍ਹਾਂ ਦੀ ਗਿਆਨ-ਮੀਮਾਂਸਾ ਬਹੁਤ ਡੂੰਘੀ ਹੈ।
ਆਪਣੇ ਭਾਸ਼ਣ ਦੀ ਸ਼ੁਰੂਆਤ ਭੱਟੀ ਨੇ ਗੁਰ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋ ਕੇ ਕੀਤੀ। ਭੱਟੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਇੰਤਹਾ ਕੁਰਬਾਨੀਆਂ ਲਈ ਅੱਲਾਯਾਰ ਖ਼ਾਨ ਦੇ ਮਰਸੀਏ ਦਾ ਜਿਕਰ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਸਾਰੇ ਵਿਸ਼ਵ ਦਾ ਧਰਮ ਹੈ ਜੋ ਅਗਿਆਨਤਾ ਅਤੇ ਅੰਧ ਵਿਸ਼ਵਾਸ ਨੂੰ ਦੂਰ ਕਰਦਾ ਹੈ। ਅੰਧਵਿਸ਼ਵਾਸ ਦੇ ਖਿਲਾਫ ਗਰੀਬ ਮਜਲੂਮ ਦੇ ਹੱਕ ਦੀ ਗੱਲ ਕਰਦਾ ਹੈ ਅਤੇ ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਿਧਾਂਤਕ ਤੌਰ ਤੇ ਮਜਬੂਤ ਕਰਨ ਲਈ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦਿੱਤੀਆਂ।
ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਬਾਰੇ ਵੱਖਰੇ ਹੋਣ ਵਾਲੇ ਮੁਗਾਲਤੇ ਨੂੰ ਰੱਦ ਕਰਦੀਆਂ ਭੱਟੀ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤਕ ਇੱਕੋ ਹੀ ਵਿਚਾਰਧਾਰਾ ਹੈ। ਗੁਰੂ ਗੋਬਿੰਦ ਸਿੰਘ ਵੱਲੋਂ ਰਚਿਤ ‘‘ਜ਼ਫਰਨਾਮੇ’’ ਮਾਨਵੀ ਮੁੱਲਾਂ ਦੇ ਸੰਦਰਭ ਵਿਚ ਭਾਰਤੀ ਉਪਮਹਾਦੀਪ ’ਚ ਫੈਲੇ ਜਾਤ-ਪਾਤ ਦੇ ਵਿਰੁੱਧ ਗੁਰੂ ਸਾਹਿਬ ਨੇ ਜੋ ਲਹਿਰ ਚਲਾਈ ਉਹ ਮਾਨਵਤਾਵਾਦੀ ਦ੍ਰਿਸ਼ਟੀਕੋਣ ’ਚ ਸਿੱਖ ਧਰਮ ਨੂੰ ਵੱਖਰਾ ਸਥਾਨ ਪ੍ਰਦਾਨ ਕਰਦੀ ਹੈ। ਸ਼ਰਨ ਆਏ ਦੀ ਰੱਖਿਆ ਕਰਨ ਦਾ ਸੰਕਲਪ ਸਿੱਖ ਧਰਮ ਦੀ ਲਾਸਾਨੀ ਮਿਸਾਲ ਹੈ।
ਭੱਟੀ ਵੱਲੋਂ ਆਪਣੀ ਨਵੀਂ ਲਿਖਿਤ ਪੁਸਤਕ ‘‘ਸਿੱਖ ਚਿੰਤਨ ਪਰੰਪਰਾ ਅਤੇ ਪਰਿਵਰਤਨ’’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਕਮੇਟੀ ਦੇ ਮੁਖ ਸਲਾਹਕਾਰ ਮਹਿੰਦਰ ਪਾਲ ਸਿੰਘ ਚੱਢਾ ਨੂੰ ਭੇਟ ਕੀਤੀ ਗਈ। ਡਾ. ਜਸਪਾਲ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਭਾਈ ਨੰਦਲਾਲ ਜੀ ਨੇ ਬਹੁਤ ਖੂਬਸ਼ੂਰਤ, ਸ਼ਾਇਰੀ ਲਿਖੀ ਜੋ ਕਿ ਗੁਰੂ ਗੋਬਿੰਦ ਸਿੰਘ ਬਾਰੇ ਭਾਵ-ਪੂਰਤ ਤਰੀਕੇ ਨਾਲ ਕਹੀ ਗਈ ਹੈ। ਉਹਨਾਂ ਭਾਈ ਨੰਦਲਾਲ ਜੀ ਦੇ ਸ਼ਿਅਰਾਂ ਦਾ ਜਿਕਰ ਕੀਤਾ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਵਿਚ ਕਸੀਦੇ ਪੜ੍ਹੇ ਗਏ। ਜਿਵੇਂ ਗੁਰੂ ਗੋਬਿੰਦ ਸਿੰਘ ਦੱਬੇ ਕੁਚਲੇ ਲੋਕਾਂ ਦਾ ਯਾਰ ਸੀ। ਗੁਰੂ ਗੋਬਿੰਦ ਸਿੰਘ ਨੇ ਦਲਿਤ ਅਤੇ ਬੇਕਸ ਲੋਕਾਂ ਨੂੰ ਸਵੈਮਾਨ ਤੇ ਇਜ਼ੱਤ ਨਾਲ ਜੀਊਣ ਦੀ ਦਾਤ ਬਖ਼ਸ਼ੀ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸਕਾਲਰ, ਵੱਖ-ਵੱਖ ਸਕੂਲਾਂ-ਕਾਲਜਾਂ ਦੇ ਅਧਿਆਪਕ ਅਤੇ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ।