ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ ,
ਜਿਹੜੇ ਲੜਾਉਂਦੇ ਰਹਿੰਦੇ ਨੇ ਨਿੱਤ ਹੀ ਤੰਦਬੀਰਾਂ ਨੂੰ ।
ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ ਸਦਾ ਚਲਦੇ ਰਹਿਣੇ ਨੇ ,
ਰੋਣ ਵਾਲਿਆਂ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ।
ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿੱਥੇ ਲੈ ਕੇ ਜਾਵੇਗਾ ,
ਨਾਲ ਨੀ ਕੋਈ ਲੈ ਜਾਂਦਾ ਇੱਥੇ ਬਣਾਈਆਂ ਜਗੀਰਾਂ ਨੂੰ।
ਅੱਜ ਵੀ ਡੋਲ੍ਹੇ ਤੋਰੇ ਜਾਂਦੇ ਨੇ, ਨਾਲ ਵਿਦੇਸ਼ੀ ਬੁੱਢਿਆਂ ਦੇ ,
ਕਦੋ ਮਿਲੇਗੀ ਫ਼ੈਸਲੇ ਦੀ ਅਜ਼ਾਦੀ ਦੇਸ਼ ਦੀਆਂ ਹੀਰਾਂ ਨੂੰ।
ਨਾ ਲਾਵੇ ਕੋਈ ਤ੍ਰਿਵੇਣੀ, ਟਾਹਲੀ, ਅੰਬ ਤੇ ਜਾਮਣ ਨੂੰ ,
ਫਿਰ ਕਿੱਥੋਂ ਛਾਂ ਲੱਭਣੀ ਹੈ, ਰਾਹ ਚਲਦੇ ਰਾਹਗੀਰਾਂ ਨੂੰ ।
ਕੌਣ ਚਲਦਾ ਹੁਣ ਪੀਰ-ਪੈਗਬਰਾਂ ਦੀਆਂ ਸਿੱਖਿਆਵਾਂ ਤੇ ,
ਲੋਕੀ ਪੂੱਜਦੇ ਨੇ ਪੱਥਰ ਦੀਆਂ ਮੂਰਤਾਂ ਤੇ ਤਸਵੀਰਾਂ ਨੂੰ ।