ਵਾਸ਼ਿੰਗਟਨ – ਅਮਰੀਕਾ ਵਿੱਚ ਲੱਖਾਂ ਡਾਲਰਾਂ ਦੇ ਕਾਲ ਸੈਂਟਰ ਘੱਪਲੇ ਵਿੱਚ ਤੀਸਰੇ ਭਾਰਤੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਰਸ਼ ਪਟੇਲ ਨਾ ਦੇ ਇਸ ਵਿਅਕਤੀ ਨੂੰ ਇਸੇ ਸਾਲ ਅਗੱਸਤ ਵਿੱਚ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਪਹਿਲਾਂ ਹੀ ਦੋ ਭਾਰਤੀ ਆਪਣਾ ਅਪਰਾਧ ਕਬੂਲ ਕਰ ਚੁੱਕੇ ਹਨ।
28 ਸਾਲਾ ਹਰਸ਼ ਪਟੇਲ ਨੇ ਇਹ ਕਬੂਲ ਕਰ ਲਿਆ ਹੈ ਕਿ ਉਸ ਨੇ ਬਹੁਤ ਸਾਰੇ ਅਮਰੀਕੀਆਂ ਨਾਲ ਫਰਾਡ ਕਰਨ ਦਾ ਜੁਰਮ ਕੀਤਾ ਹੈ। ਪਿੱਛਲੇ ਸਾਲ ਅਕਤੂਬਰ ਵਿੱਚ ਇੱਕ ਸੰਘੀ ਗਰੈਂਡ ਜਿਊਰੀ ਨੇ ਪਟੇਲ ਸਮੇਤ 50 ਹੋਰ ਲੋਕਾਂ ਅਤੇ ਭਾਰਤ ਸਥਿਤ ਪੰਜ ਕਾਲ ਸੈਂਟਰਾਂ ਤੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਆਰੋਪ ਤੈਅ ਕੀਤੇ ਸਨ। ਪਟੇਲ ਨੇ ਟੈਕਸਸ ਵਿੱਚ ਡਿਸਟ੍ਰਿਕਟ ਕੋਰਟ ਦੇ ਜੱਜ ਡੇਵਿਡ ਹਿਟਨਰ ਦੇ ਸਾਹਮਣੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ।
ਨਿਆਂ ਵਿਭਾਗ ਅਨੁਸਾਰ, ਪਟੇਲ ਅਤੇ ਉਸ ਦੇ ਸਾਥੀਆਂ ਨੇ ਅਮਰੀਕੀ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਸਾਜਿਸ਼ ਰਚੀ ਸੀ। ਇਸ ਦੇ ਤਹਿਤ ਅਹਿਮਦਾਬਾਦ ਵਿੱਚ ਸਥਿਤ ਕਾਲ ਸੈਂਟਰ ਦੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਅਮਰੀਕੀ ਅਧਿਕਾਰੀ ਦੱਸ ਕੇ ਲੋਕਾਂ ਨਾਲ ਧੋਖਾ ਕੀਤਾ। ਪਟੇਲ ਤੋਂ ਪਹਿਲਾਂ ਭਰਤ ਕੁਮਾਰ ਪਟੇਲ ਅਤੇ ਅਸਿ਼ਨਭਾਈ ਚੌਧਰੀ ਆਪਣਾ ਜੁਰਮ ਕਬੂਲ ਕਰ ਚੁੱਕੇ ਹਨ।