ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਸਥਾਪਨਾ ਲਈ ਹੋਇਆ ਭਰਵਾ ਪੰਥਕ ਇਕੱਠ
ਨਵੀਂ ਦਿੱਲੀ : ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ੍ਹ ਸਥਾਪਨਾ ਲਈ ਚਲਾਈ ਗਈ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਜਿੱਦ ਨਜ਼ਰ ਆ ਰਹੀ ਹੈ। ਇਸ ਗੱਲ ਦਾ ਸਾਫ਼ ਇਸ਼ਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਬੁਲਾਰਿਆਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿਖੇ ਸਿੰਘ ਸਭਾ ਗੁਰਦੁਆਰਿਆਂ ਦੇ ਅਹੁਦੇਦਾਰਾਂ ਨੂੰ ਉਕਤ ਮੁਹਿੰਮ ਸੰਬੰਧੀ ਜਾਣਕਾਰੀ ਦੇਣ ਲਈ ਬੁਲਾਈ ਗਈ ਮੀਟਿੰਗ ’ਚ ਕੀਤਾ।
ਜੀ.ਕੇ. ਨੇ ਹਰਿ ਕੀ ਪੌੜੀ ਹਰਿਦੁਆਰ ਵਾਲੀ ਅਸਲੀ ਥਾਂ ਕੌਮ ਨੂੰ ਨਾ ਪ੍ਰਾਪਤ ਹੋਣ ਤਕ ਕਿਸੇ ਹੋਰ ਥਾਂ ਤੇ ਗੁਰਦੁਆਰਾ ਗਿਆਨ ਗੋਦੜੀ ਦੇ ਨਾਂ ਤੇ ਉਸਾਰੀ ਨਾ ਕਰਨ ਦਾ ਐਲਾਨ ਕੀਤਾ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਨੂੰ ਦੇਸ਼-ਵਿਦੇਸ਼ ਦੀ ਸੰਗਤਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਇਹ ਲੜਾਈ ਮਨੁੱਖਤਾ ਦੀ ਲੜਾਈ ਹੈ। ਅਸੀਂ ਇਸ ਟੀਚੇ ਦੀ ਪ੍ਰਾਪਤੀ ਲਈ ਹਰ ਸਰਕਾਰ ਨਾਲ ਲੜਾਈ ਲੜਨ ਲਈ ਤਿਆਰ ਹਾਂ। ਸਾਡੀ ਮੁਹਿੰਮ ਸ਼ਾਂਤਮਈ ਹੈ ਤੇ ਅਸੀਂ ਫਿਲਹਾਲ ਗੁਰੂ ਘਰਾਂ ’ਚ 14 ਮਈ ਨੂੰ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਦੀ ਗੱਲ ਕਰ ਰਹੇ ਹਾਂ।
ਮੁਹਿੰਮ ਨੂੰ ਕਾਮਯਾਬ ਹੁੰਦਾ ਵੇਖ ਕੇ ਵਿਰੋਧੀ ਧਿਰਾਂ ਵੱਲੋਂ ਦਿੱਤੇ ਜਾ ਰਹੇ ਭੜਕਾਊ ਬਿਆਨਾਂ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਜੀ.ਕੇ. ਨੇ ਸਾਜਿਸ਼ ਰਚਣ ਵਾਲੀਆਂ ਨੂੰ ਖ਼ਬਰਦਾਰ ਰਹਿਣ ਦੀ ਚੇਤਾਵਨੀ ਦਿੱਤੀ। 1984 ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ ਵੇਲੇ ਨਾਪੱਖੀ ਲੋਕਾਂ ਵੱਲੋਂ ਕੀਤੀ ਗਈ ਕਿੰਤੂ-ਪਰੰਤੂ ਦਾ ਚੇਤਾ ਕਰਵਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਅਸੀਂ 1947 ਦੀ ਯਾਦਗਾਰ ਸੰਸਦ ਦੇ ਸਾਹਮਣੇ ਬਣਾ ਕੇ ਵਿਖਾਈ ਹੈ ਤੇ ਹਰਿ ਕੀ ਪੌੜੀ ਤੇ ਵੀ ਸ਼ਾਂਤਮਈ ਮੁਹਿੰਮ ਨਾਲ ਗੁਰੂ ਸਾਹਿਬ ਦੀ ਯਾਦ ਸਥਾਪਿਤ ਕਰਕੇ ਵਿਖਾਵਾਂਗੇ।
ਹਰਿਦੁਆਰ ਵਿਖੇ ਬੀਤੇ 255 ਦਿਨਾਂ ਤੋਂ ਉਕਤ ਮੰਗ ਨੂੰ ਲੈ ਕੇ ਧਰਨੇ ਤੇ ਬੈਠੀ ਸੰਗਤ ਦੇ ਸਿਰ ਤੇ ਲੜਾਈ ਜੀਉਂਦੀ ਰੱਖਣ ਦਾ ਸਿਹਰਾ ਬੰਨਦੇ ਹੋਏ ਜੀ.ਕੇ. ਨੇ ਸਾਫ਼ ਕਿਹਾ ਕਿ ਦਿੱਲੀ ਕਮੇਟੀ ਇਸ ਮੁਹਿੰਮ ਦੀ ਸਿਰਫ਼ ਸਹਿਯੋਗੀ ਹੈ, ਜਿੱਤ ਪੰਥ ਦੀ ਹੋਵੇਗੀ ਤੇ ਥਾਂ ਦੀ ਪ੍ਰਾਪਤੀ ਤੋਂ ਬਾਅਦ ਬਣਨ ਵਾਲੇ ਗੁਰਦੁਆਰਾ ਸਾਹਿਬ ਦੀ ਸੰਭਾਲ ਹਰਿਦੁਆਰ ਦੀ ਸਿੱਖ ਸੰਗਤ ਕਰੇਗੀ। ਸਰਕਾਰਾਂ ਦੇ ਮਨ ਵਿਚ ਹਰਿ ਕੀ ਪੌੜੀ ਵਾਲੀ ਥਾਂ ਤੇ ਗੁਰੂ ਸਾਹਿਬ ਵੱਲੋਂ ਕਰਮਕਾਂਡਾ ਦੇ ਕੀਤੇ ਗਏ ਖੰਡਨ ਦੇ ਕਾਰਨ ਦੁਚਿੱਤੀ ਹੋਣ ਦਾ ਖਦਸਾ ਜਤਾਉਂਦੇ ਹੋਏ ਜੀ.ਕੇ. ਨੇ ਕਿਹਾ ਕਿ ਜਿਸ ਜਨੇਊ ਨੂੰ ਗੁਰੂ ਨਾਨਕ ਸਾਹਿਬ ਨੇ ਧਾਰਣ ਕਰਨ ਤੋਂ ਇਨਕਾਰ ਕੀਤਾ ਸੀ ਉਸੇ ਜਨੇਊ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀ। ਇਸੇ ਕਰਕੇ ਸਿੱਖ ਪਹਿਲੇ ਦਿਨ ਤੋਂ ਧਾਰਮਿਕ ਆਜ਼ਾਦੀ ਦਾ ਹਿਮਾਇਤੀ ਹੈ।
ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਉਕਤ ਵਿਵਾਦ ਦਾ ਹੱਲ ਦੋਨੋਂ ਕੌਮਾਂ ਨੇ ਮਿਲ ਕੇ ਕਰਨਾ ਹੈ, ਪਰ ਸਾਡਾ ਅਸਥਾਨ ਤਾਂ 1979 ਤਕ ਗੁਰਦੁਆਰੇ ਦੇ ਰੂਪ ਵਿਚ ਸੀ। ਇਸ ਕਰਕੇ ਹਰ ਹਾਲਾਤ ’ਚ ਮੌਕੇ ਦੀ ਥਾਂ ਸਾਨੂੰ ਮਿਲਣੀ ਚਾਹੀਦੀ ਹੈ। ਜੀ.ਕੇ. ਨੇ ਗੁਰੂ ਨਾਨਕ ਨਾਮਲੇਵਾ ਸੰਗਤ ਦੇ ਨਾਲ ਹੀ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਜੀ.ਕੇ. ਨੇ ਦਾਅਵਾ ਕੀਤਾ ਕਿ ਅਸੀਂ ਸਰਕਾਰਾਂ ਨੂੰ ਮੁਹਿੰਮ ਰਾਹੀਂ ਥਾਂ ਦੇਣ ਲਈ ਮਜਬੂਰ ਕਰ ਦਿਆਂਗੇ।
ਸਿਰਸਾ ਨੇ ਬੀਤੇ 4 ਸਾਲਾਂ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਗੁਰਦੁਆਰਾ ਗਿਆਨ ਗੋਦੜੀ ਦੀ ਮੁਹਿੰਮ ਨੂੰ ਪਿਛਲੇ ਦਿਨਾਂ ’ਚ ਨਿਜ਼ੀ ਲੜਾਈ ਦੇ ਤੌਰ ਤੇ ਲੜਨ ਵਾਲੇ ਆਗੂਆਂ ਨੂੰ ਕਾਮਯਾਬੀ ਨਾ ਮਿਲਣ ਦੇ ਕਾਰਨਾਂ ਦਾ ਵੀ ਖੁਲਾਸਾ ਕੀਤਾ। ਸਿਰਸਾ ਨੇ ਕਿਹਾ ਕਿ ਸੰਗਤਾਂ ਦਾ ਸਮਰਥਨ ਨਾ ਹੋਣ ਕਰਕੇ ਬੀਤੇ ਦਿਨਾਂ ’ਚ ਮੁਹਿੰਮ ਦਬੀ ਰਹਿ ਗਈ ਸੀ ਪਰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਪੰਥ ਦੇ ਵੱਲੋਂ ਇਸ ਮੁਹਿੰਮ ਨੂੰ ਮਿਲ ਰਹੇ ਸਹਿਯੋਗ ਕਰਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਮੁਸ਼ਕਿਲ ਨਜ਼ਰ ਨਹੀਂ ਆ ਰਹੀ। ਇਹ ਹੁਣ ਕਿਸੇ ਪਾਰਟੀ ਜਾਂ ਧੜੇ ਦੀ ਮੁਹਿੰਮ ਨਾ ਹੋ ਕੇ ਪੰਥ ਦੀ ਲੜਾਈ ਬਣ ਗਈ ਹੈ। ਸੰਗਤਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਮਿਲ ਰਹੇ ਹੁੰਗਾਰੇ ਨੂੰ ਮੁਹਿੰਮ ਦੀ ਕਾਮਯਾਬੀ ਨਾਲ ਜੋੜਦੇ ਹੋਏ ਸਿਰਸਾ ਨੇ ਜੀ.ਕੇ. ਨੂੰ ਲੜਾਈ ਦਾ ਮੁੱਢ ਬੰਨਣ ਲਈ ਵਧਾਈ ਦਿੱਤੀ। ਸਿਰਸਾ ਨੇ ਕਿਹਾ ਕਿ ਹੁਣ ਦੋ ਗੱਲਾਂ ਅਹਿਮੀਅਤ ਰੱਖਦੀਆਂ ਹਨ ਕਿ ਪਹਿਲੇ ਸਾਨੂੰ ਥਾਂ ਮਿਲੇ ਤਾਂ ਦੂਜੀ ਗੁਰੂ ਘਰ ਦੀ ਉਸਾਰੀ ਹੋਵੇ।
ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਨਿਭਾਉਂਦੇ ਹੋਏ ਮੁਹਿੰਮ ਨਾਲ ਸੰਬੰਧਿਤ ਤਥਾਂ ਨੂੰ ਵੀ ਸੰਗਤਾਂ ਸਾਹਮਣੇ ਰੱਖਿਆ। ਅਕਾਲੀ ਆਗੂ ਪਰਮਜੀਤ ਸਿੰਘ ਰਾਣਾ ਅਤੇ ਉੱਤਰਾਖੰਡ ਦੀ ਸੰਗਤ ਵੱਲੋਂ ਗੁਰਪ੍ਰੀਤ ਸਿੰਘ ਬੱਗਾ ਨੇ ਵੀ ਵਿਚਾਰ ਰੱਖੇ। ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਕਈ ਕੌਮੀ ਮੱਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਦਿੱਲੀ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਇਸ ਮੌਕੇ ਮੌਜੂਦ ਸਨ।