ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਿਆ ਦੇ ਦਰਸ਼ਨਾਂ ਲਈ ਸਿੱਖ ਯਾਤਰੀਆਂ ਦੇ ਜੱਥੇ ਭੇਜਦੀ ਹੈ। ਸਬੰਧਤ ਗੁਰਪੁਰਬ ਜਾਂ ਦਿਹਾੜੇ ਮਨਾਉਣ ਤੋ ਲਗਭਗ ਢੇਡ ਦੋ ਮਹੀਨੇ ਪਹਿਲਾਂ ਸੰਭਾਵਿਤ ਯਾਤਰੀਆਂ ਦੀਆ ਲਿਸਟਾਂ ਪੰਜਾਬ ਸਰਕਾਰ ਨੂੰ ਭੇਜ ਦਿਤੀਆਂ ਜਾਦੀਆਂ ਹਨ। ਇਨ੍ਹਾ ਲਿਸਟਾਂ ਵਿਚ ਹਰ ਯਾਤਰੀ ਦਾ ਨਾਂ ਤੇ ਐਡਰੈਸ,ਪਿਤਾ ਦਾ ਨਾਂ, ਜਨਮ ਤਾਰੀਖ ਤੇ ਪਾਸਪੋਰਟ ਨੰਬਰ ਅਦਿ ਬਾਰੇ ਪਰੂੀ ਪਰੂੀ ਜਾਣਕਾਰੀ ਦਿਤੀ ਹੁੰਦੀ ਹੈ। ਪੰਜਾਬ ਸਰਕਾਰ ਵਲੋਂ ਇਹ ਸੂਚੀਆਂ ਪੁਲਿਸ ਤੋਂ ਜਾਂਚ ਪੜਤਾਲ ਕਰਵਾਕੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਭੇਜੀਆਂ ਜਾਂਦੀਆਂ ਹਨ, ਤੇ ਅਗੋਂ ਇਹ ਮੰਤਰਾਲਾ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖਾਨੇ ਨੂੰ ਵੀਜ਼ੇ ਦੇਣ ਲਈ ਭੇਜਦਾ ਹੈ। ਇਨ੍ਹਾਂ ਸੂਚੀਆਂ ਦੀ ਕੇਂਦਰ ਤੇ ਪਾਕਿਸਤਾਨ ਦੀਆਂ ਖ਼ੁਫ਼ੀਆ ਏਜੰਸੀਆਂ ਵਲੋਂ ਵੀ ਬੜੀ ਬਾਰੀਕੀ ਨਾਲ ਛਾਣ ਬੀਣ ਕੀਤੀ ਜਾਂਦੀ ਹੈ ਕਿ ਯਾਤਰੀਆਂ ਵਿਚ ਜਾਣ ਵਾਲਾ ਕੋਈ ਵਿਅਕਤੀ ਸਮੱਗਲਰ ਜਾਂ ਜਾਸੂਸ ਨਾ ਹੋਵੇ। ਪਾਕਿਸਾਨੀ ਅਧਿਕਰੀ ਇਹ ਵੀ ਵੇਖਦੇ ਹਨ ਕਿ ਜੱਥੇ ਵਿਚ ਕੋਈ ਸਾਬਕਾ ਜਾ ਮੌਜੂਦਾ ਫੌਜੀ ਅਧਿਕਾਰੀ ਨਾ ਹੋਵੇ । ਅਕਸਰ ਯਾਤਰੀਆਂ ਦੀ ਸੂਚੀ ਵਿਚੋਂ ਕਿਸੇ ਵੀ ਸ਼ਕੀ ਯਾਤਰੀ ਦੇ ਨਾਅ ਪੰਜਾਬ ਸਰਕਾਰ, ਕੇਂਦਰੀ ਸਰਕਾਰ ਤੇ ਪਾਕਿਸਤਾਨ ਸਰਕਾਰ ਵਲੋਂ ਕੱਟ ਦਿਤੇ ਜਾਂਦੇ ਹਨ, ਜੱਥਾ ਜਾਣ ਵੇਲੇ ਖ਼ਬਰਾਂ ਛੱਪਦੀਆਂ ਹਨ ਕਿ ਇਤਨੇ ਯਾਤਰੀਆਂ ਨੂੰ ਵੀਜ਼ੇ ਨਹੀ ਮਿਲੇ।
ਭਾਰਤੀ ਫੌਜ ਦੇ ਸਾਬਕਾ ਅਧਿਕਾਰੀ ਤੇ ਬੰਗਲਾ ਦੇਸ਼ ਵਿਚ ਮੁਕਤੀ ਵਾਹਨੀ ਲਈ ਕੰਮ ਕਰਨ ਵਾਲੇ ਜਨਰਲ ਸ਼ਬੇਗ ਸਿੰਘ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿੰਘਾਂ ਨੂ਼ੰ ਫੌਜੀ ਦਾਅ ਪੇਚ ਸਿਖਾਏ, ਨੇ ਇਕ ਵਾਰੀ ਸ਼੍ਰੋਮਣੀ ਕਮੇਟੀ ਦੇ ਦਫਤਰ ਬੈਠਿਆਂ ( ਸ਼ਾਇਦ 1984 ਦੀ ਵਿਸਾਖੀ ਸਮੇਂ) ਯਾਤਰਾ ਤੇ ਜਾਣ ਵਾਲੇ ਜੱਥੇ ਦੀ ਲਿਸਟ ਦੇਖੀ ਤਾ ਇੱਕ ਯਾਤਰੀ ਦਾ ਨਾਂ ਵੀ ਸ਼ਬੇਗ ਸਿੰਘ ਸੀ (ਸ਼ਾਇਦ ਇਹ ਸ਼੍ਰੋਮਣੀ ਕਮੇਟੀ ਦਾ ਹੀ ਮੁਲਾਜ਼ਮ )। ਜਨਰਲ ਸ਼ਬੇਗ ਸਿੰਘ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਉਤੇ ਜ਼ੋਰ ਦੇਣ ਲਗੇ ਕਿ ਇਸ ਸ਼ਬੇਗ ਸਿੰਘ ਦੀ ਥਾਂ ਉਹਨਾਂ ਨੂੰ ਜੱਥੇ ਵਿਚ ਭੇਜਿਆ ਜਾਏ। ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਕਿਉਂਜੋ ਹਰ ਯਾਤਰੀ ਬਾਰੇ ਪੂਰੀ ਜਾਣਕਾਰੀ ਜਿਵੇਂ ਕਿ ਨਾਂ, ਪਿਤਾ ਦਾ ਨਾ, ਐਡਰੈਸ, ਜਨਮ ਤਾਰੀਖ, ਪਾਸਪੋਰਟ ਨੰਬਰ ਭਾਰਤ ਤੇ ਪਾਕਿਸਤਾਨ ਨੂਂ ਭੇਜੀ ਜਾ ਚੁੱਕੀ ਹੈ, ਪਰ ਉਹ ਆਪਣੀ ਜ਼ਿਦ ਤੇ ਅੜੇ ਰਹੇ ਅਤੇ ਆਖਰ ਸੰਤ ਭਿੰਡਰਾਂਵਾਲੇ ਤੋਂ ਵੀ ਸ਼੍ਰੋਮਣੀ ਕਮੇਟੀ ਨੁੰ ਸਿਫਾਰਿਸ਼ ਕਰਵਾਈ, ਪਰ ਸ਼੍ਰੋਮਣੀ ਕਮੇਟੀ ਨੂੰ ਨਹੀਂ ਮਨਾ ਸਕੇ, ਅਜਿਹਾ ਸੰਭਵ ਹੀ ਨਹੀਂ ਸੀ।
ਜਨਰਲ ਸ਼ਬੇਗ ਸਿੰਘ, ਸੰਤ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਤੇ ਹੋਰ ਅਨੇਕਾਂ ਸਿੰਘ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।