ਫ਼ਤਹਿਗੜ੍ਹ ਸਾਹਿਬ – “ਬਰਤਾਨੀਆ ਦੀ ਲੇਬਰ ਪਾਰਟੀ ਨੇ ਸਿੱਖ ਕੌਮ ਨਾਲ ਇਹ ਬਚਨ ਕੀਤਾ ਹੈ ਕਿ ਉਨ੍ਹਾਂ ਦੀ ਹਕੂਮਤ ਬਣਨ ਤੇ ਸੰਸਾਰ ਜੰਗ-1 ਅਤੇ 2 ਵਿਚ ਸਿੱਖ ਫ਼ੌਜੀਆਂ ਅਤੇ ਜਰਨੈਲਾਂ ਦੇ ਸ਼ਹੀਦ ਹੋਣ ਦੀ ਯਾਦਗਰ ਕਾਇਮ ਕਰੇਗੀ ਅਤੇ ਜੋ 1984 ਵਿਚ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਿੰਦ ਹਕੂਮਤ ਨੇ ਬਰਤਾਨੀਆ ਨਾਲ ਮਿਲੀਭੁਗਤ ਕਰਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਹੈ ਅਤੇ ਜਿਸ ਵਿਚ ਬਰਤਾਨੀਆ ਦੀ ਹਕੂਮਤ ਦੇ ਮਨੁੱਖਤਾ ਵਿਰੋਧੀ ਉਪਰੋਕਤ ਅਮਲਾਂ ਦੀ ਜਾਂਚ ਵੀ ਲੇਬਰ ਪਾਰਟੀ ਕਰਵਾਏਗੀ ਤਾਂ ਕਿ ਉਸ ਸਮੇਂ ਦੀ ਮਾਰਗ੍ਰੇਟ ਥੈਂਚਰ ਹਕੂਮਤ ਦੇ ਸਿੱਖ ਵਿਰੋਧੀ ਕਾਰਵਾਈਆ ਨੂੰ ਸਾਹਮਣੇ ਲਿਆਇਆ ਜਾ ਸਕੇ । ਲੇਬਰ ਪਾਰਟੀ ਦੇ ਇਸ ਉਦਮ ਵਿਚ ਸਾਡੀ ਪਾਰਟੀ ਦੇ ਆਗੂ ਬਰਮਿੰਘਮ ਤੋਂ ਕੌਸਲਰ ਸ. ਗੁਰਦਿਆਲ ਸਿੰਘ ਅਟਵਾਲ ਦੀਆਂ ਕੋਸਿ਼ਸ਼ਾਂ ਸਦਕਾ ਜੋ ਲੇਬਰ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਵੱਲੋ ਕੀਤੀਆਂ ਘਾਲਨਾਵਾਂ ਲਈ ਯਾਦਗਰ ਬਣਾਉਣ ਲਈ ਬਚਨ ਕੀਤਾ ਹੈ, ਉਸ ਨੂੰ ਮੁੱਖ ਰੱਖਦੇ ਹੋਏ ਬਰਤਾਨੀਆ ਦੇ ਸਿੱਖ ਸਕਾਟਲੈਡ, ਵੇਲ, ਇੰਗਲੈਡ ਆਦਿ ਜਿਥੇ ਵੀ ਵੋਟਾਂ ਪੈਣ ਜਾ ਰਹੀਆਂ ਹਨ, ਉਥੇ ਲੇਬਰ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਸਿੱਖਾਂ ਨੂੰ ਲੇਬਰ ਪਾਰਟੀ ਵੱਲੋਂ ਸਿੱਖ ਕੌਮ ਲਈ ਕੀਤੇ ਜਾ ਰਹੇ ਵੱਡੇ ਉਦਮਾਂ ਦੀ ਬਦੌਲਤ ਉਨ੍ਹਾਂ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਬਰਤਾਨੀਆ ਦੀ ਕੰਜਰਵੇਟਿਵ ਪਾਰਟੀ ਵੀ ਅੱਛੇ ਪਾਰਟੀ ਹੈ, ਪਰ ਲੇਬਰ ਪਾਰਟੀ ਨੇ ਸਿੱਖ ਮੁੱਦਿਆ ਅਤੇ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਜੋ ਆਪਣੀ ਹਕੂਮਤ ਬਣਨ ਤੇ ਅਮਲੀ ਰੂਪ ਵਿਚ ਕੰਮ ਕਰਨ ਦੀ ਗੱਲ ਜਾਹਰ ਕੀਤੀ ਹੈ, ਉਹ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਵਾਲੇ ਅਤੇ ਸਿੱਖ ਕੌਮ ਦੀ ਉੱਚੀ-ਸੁੱਚੀ ਸਾਖ ਨੂੰ ਉਜਾਗਰ ਕਰਨ ਵਾਲੀਆ ਕਾਰਵਾਈਆ ਹਨ । ਇਸ ਲਈ ਸਿੱਖ ਕੌਮ ਦਾ ਵੀ ਇਹ ਇਖ਼ਲਾਕੀ ਫਰਜ ਬਣ ਜਾਂਦਾ ਹੈ ਕਿ ਜੋ ਪਾਰਟੀ ਸਿੱਖ ਕੌਮ ਨਾਲ ਡੂੰਘਾਂ ਅਤੇ ਅੱਛਾ ਰਿਸਤਾ ਕਾਇਮ ਕਰਨ ਦੀ ਚਾਹਵਾਨ ਹੈ ਅਤੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੰਜ਼ੀਦਾ ਹੈ, ਉਸ ਪਾਰਟੀ ਨੂੰ ਸਿੱਖ ਕੌਮ ਹਰ ਤਰ੍ਹਾਂ ਸਹਿਯੋਗ ਕਰਕੇ ਹਕੂਮਤ ਵਿਚ ਲਿਆਵੇ । ਇਸ ਦੇ ਨਤੀਜੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਲਈ ਹੋਰ ਵੀ ਕਾਰਗਰ ਸਾਬਤ ਹੋਣਗੇ ।