ਅੱਜ ਦੀਪੀ ਕਾਲਜ ਨੰ ਜਾਣ ਲੱਗੀ ਤਾਂ ਕਾਫੀ ਧੁੰਦ ਪਈ ਹੋਈ ਸੀ। ਦੀਪੀ ਤੇ ਸਿਮਰੀ ਨੇ ਸਿਰਾਂ ਤੇ ਉੱਨ ਦੇ ਬੁਣੇ ਹੋਏ ਸਕਾਰਫ ਬੰਨ ਲਏ, ਗਰਮ ਸ਼ਾਲਾਂ ਦੀਆਂ ਬੁਕਲਾਂ ਮਾਰ ਲਈਆਂ ਤੇ ਹੱਥਾਂ ਵਿਚ ਦਸਤਾਨੇ ਪਾ ਲਏ, ਪਰ ਫਿਰ ਵੀ ਸਾਈਕਲ ਚਲਾਉਂਦੀਆਂ ਦੇ ਹੱਥ ਠਰ ਰਹੇ ਸਨ। ਕਾਲਜ ਨੂੰ ਜਾਣ ਲਈ ਚੌਂਕ ਵਾਲਾ ਮੋੜ ਮੁੜੀਆਂ ਹੀ ਸਨ ਸੜਕ ਦੇ ਸੱਜੇ ਪਾਸੇ ਪੈਨ ਵਾਲਾ ਗਭਰੂ ਆਪਣੇ ਸਕੂਟਰ ਨਾਲ ਖੜ੍ਹਾ ਦਿਖਾਈ ਦਿੱਤਾ। ਦੀਪੀ ਨੇ ਉਸ ਨੂੰ ਦੇਖ ਲਿਆ, ਪਰ ਨਾ ਦੇਖਣ ਦਾ ਦਿਖਾਵਾ ਕੀਤਾ। ਸਿਮਰੀ ਨੇ ਉਸ ਨੂੰ ਦੇੀਖਆ ਤਾਂ ਇਕਦਮ ਕਿਹਾ, “ਦੀਪੀ, ਉਹ ਦੇਖ ਉਹ ਹੀ ਮੁੰਡਾ।”
“ਇਹ ਸਵੇਰੇ ਸਵੇਰੇ ਕਿੱਥੇ?” ਦੀਪੀ ਨੇ ਕਿਹਾ, “ਏਨੀ ਠੰਡ ਵਿਚ।”
“ਮੈਨੂੰ ਤਾਂ ਦਾਲ ਵਿਚ ਕੁਝ ਕਾਲ੍ਹਾ ਕਾਲ੍ਹਾ ਲੱਗਦਾ ਹੈ।” ਸਿਮਰੀ ਨੇ ਦੀਪੀ ਦੇ ਸ਼ਰਮ ਅਤੇ ਠੰਡ ਨਾਲ ਲਾਲ ਹੋਏ ਮੂੰਹ ਵੱਲ ਦੇਖ ਕੇ ਕਿਹਾ, “ਮੈਨੂੰ ਤਾਂ ੳਦੋਂ ਹੀ ਸ਼ੱਕ ਹੋ ਗਈ ਸੀ ਜਿਸ ਵੇਲੇ ਤੂੰ ਪੈਨ ਮੋੜ ਕੇ ਆਈ ਸੀ।”
ਦੀਪੀ ਮੁਸਕ੍ਰਾ ਪਈ, ਪਰ ਬੋਲੀ ਕੁਝ ਨਾ। ਉਸ ਦੇ ਕੋਲ ਦੀ ਲੰਘਣ ਲੱਗੀਆਂ ਤਾਂ ਗਭਰੂ ਬੋਲ ਉੱਠਿਆ, “ਦੋ ਮਿੰਟ ਰੁਕ ਸਕਦੇ ਹੋ।”
ਦੀਪੀ ਨੇ ਸਿਮਰੀ ਵੱਲ ਦੇਖਿਆ। ਸਿਮਰੀ ਨੇ ਮੁਸਕ੍ਰਾ ਕੇ ਉਸ ਨੂੰ ਰੁਕਣ ਲਈ ਇਸ਼ਾਰਾ ਕੀਤਾ। ਦੀਪੀ ਤੋਂ ਬਆਦ ਸਿਮਰੀ ਵੀ ਸਾਈਕਲ ਤੋਂ ਉੱਤਰ ਗਈ ਤੇ ਜਰਾ ਪਰੇ ਹੋ ਕੇ ਖਲੋ ਗਈ ਜਿੱਥੇ ਉਹਨਾ ਵਲੋਂ ਕੀਤੀ ਗੱਲ-ਬਾਤ ਉਸ ਨੂੰ ਸੁਣ ਸਕੇ।
“ਹਾਂ ਜੀ।” ਦੀਪੀ ਨੇ ਨਜ਼ਰਾਂ ਝੁਕਾਉਂਦੇ ਹੋਏ ਕਿਹਾ, “ਦਸੋ, ਕੀ ਕਹਿਣਾ ਚਾਹੁੰਦੇ ਹੋ?”
“ਅਸੀ ਤਾਂ ਪੁਲ੍ਹ ਬੰਨ ਦਿੱਤਾ ਹੈ, ਮੇਰਾ ਮਤਲਵ, ਤੁਸੀ ਪੁਲ੍ਹ ਉੱਪਰ ਦੀ ਕਦੋ ਲੰਘਣਾ ਸ਼ੂਰੂ ਕਰੋਂਗੇ।”
ਪਹਿਲਾਂ ਤਾਂ ਦੀਪੀ ਨੂੰ ਇਸ ਗੱਲ ਦੀ ਸਮਝ ਨਹੀਂ ਆਈ। ਫਿਰ ਉਸ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਗਭਰੂ ਅਜੇ ਵੀ ਦੀਪੀ ਵਲੋਂ ਗਿੱਧੇ ਵਿਚ ਪਾਈ ਗਈ ਬੋਲੀ ਦੇ ਅਧਾਰ ਤੇ ਹੀ ਗੱਲ ਕਰ ਰਿਹਾ ਹੈ। ਦੀਪੀ ਨੇ ਗੱਲ ਟਾਲਣ ਦੇ ਬਹਾਨੇ ਕਿਹਾ, “ਤੁਸੀ ਇੰਨੀ ਠੰਡ ਵਿਚ ਇਧਰ ਕਿਵੇਂ ਆਏ ਹੋ।”
“ਜਦੋਂ ਦਿਲਾਂ ਵਿਚ ਰਾਹ ਪੈ ਜਾਣ ਫਿਰ ਮੋਸਮ ਕੌਣ ਦੇਖਦਾ ਹੈ।” ਗਭਰੂ ਨੇ ਕਿਹਾ, ” ਮੇਰਾ ਨਾਮ ਦਿਲਪ੍ਰੀਤ ਹੈ।”
“ਮੇਰਾ ਨਾਮ ਦੀ…। ”
“ਦੀਪੀ।” ਦਿਲਪ੍ਰੀਤ ਨੇ ਇੱਕਦਮ ਕਿਹਾ, “ਉਸ ਦਿਨ ਮੈਂ ਕੁੜੀਆਂ ਨੂੰ ਤੁਹਾਨੂੰ ਦੀਪੀ ਦੀਪੀ ਕਰਦੇ ਸੁਣ ਲਿਆ ਸੀ।”
ਭਾਂਵੇ ਦੀਪੀ ਨੂੰ ਸਾਫ ਪਤਾ ਲੱਗ ਗਿਆ ਸੀ ਕਿ ਦਿਲਪ੍ਰੀਤ ਦਾ ਇਸ ਤਰ੍ਹਾਂ ਉਸ ਨੂੰ ਮਿਲਣ ਦਾ ਕੀ ਕਾਰਨ ਹੈ ਫਿਰ ਵੀ ਅਣਜਾਣ ਬਣਦੀ ਹੋਈ ਬੋਲੀ, “ਤੁਸੀ ਕੁਝ ਕਹਿਣਾ ਚਾਹੁੰਦੇ ਸੀ।”
“ਮੈ ਜੋ ਕੁਝ ਕਹਿਣਾ ਸੀ ਕਹਿ ਦਿੱਤਾ।” ਦਿਲਪ੍ਰੀਤ ਨੇ ਕਿਹਾ, ਠਮੈ ਆਪਣੀ ਜਿੰਦਗੀ ਦਾ ਸਫਰ ਤਹਾਨੂੰ ਨਾਲ ਲੈ ਕੇ ਕੱਟਣਾ ਚਾਹੁੰਦਾਂ ਹਾਂ।”
ਫਿਰ ਸਿੱਧੀ ਅਤੇ ਸਪੱਸ਼ਟ ਗੱਲ ਸੁਣ ਕੇ ਦੀਪੀ ਹੈਰਾਨ ਹੋ ਗਈ। ਉਸ ਨੂੰ ਪਤਾ ਹੀ ਨਾ ਲੱਗੇ ਕਿ ਇਸ ਗੱਲ ਦਾ ਕੀ ਜਵਾਬ ਦੇਵੇ। ਦੀਪੀ ਨੇ ਸਿਮਰੀ ਵੱਲ ਦੇਖਿਆ ਤਾਂ ਉਹ ਮੁਸਕ੍ਰਾ ਰਹੀ ਸੀ। ਜਦੋਂ ਦੀਪੀ ਕੁਝ ਵੀ ਨਾ ਬੋਲੀ ਤਾਂ ਦਿਲਪ੍ਰੀਤ ਨੇ ਫਿਰ ਕਿਹਾ, “ਮੈ ਉਸ ਤਰ੍ਹਾਂ ਦਾ ਮੁੰਡਾਂ ਨਹੀਂ ਹਾਂ ਜੋ ਇਸੇ ਪ੍ਰਸ਼ਨ ਨੂੰ ਲੈ ਕੇ ਤਹਾਨੂੰ ਬਾਰ ਬਾਰ ਤੰਗ ਕਰਾਂ, ਕੋਈ ਜ਼ਬਦਸਤੀ ਨਹੀਂ ਆ, ਜੇ ਤੁਸੀ ਨਹੀਂ ਚਾਹੁੰਦੇ ਤਾਂ ਵੀ ਦੱਸ ਦਿਉ।”
ਇਹ ਗੱਲ ਸੁਣ ਕੇ ਦੀਪੀ ਦੇ ਮਨ ਵਿਚ ਦਿਲਪ੍ਰੀਤ ਦੀ ਇੱਜ਼ਤ ਹੋਰ ਵੀ ਵੱਧ ਗਈ। ਉਸ ਦਾ ਦਿਲ ਤਾਂ ਕਰੇ ਕਿ ਉਹ ਦਿਲਪ੍ਰੀਤ ਨੂੰ ਉਸੇ ਸਮੇਂ ਹੀ ਦਸ ਦੇਵੇ ਕਿ ਉਹ ਮਨ ਵਿਚ ਕੀ ਮਹਿਸੂਸ ਕਰ ਰਹੀ ਹੈ, ਪਰ ਉਹ ਹੀ ਕੁੜੀਆਂ ਵਾਲੀ ਗੱਲ, ਘਰਦਿਆਂ ਦੀ ਇੱਜ਼ਤ, ਲੋਕਾਂ ਵਿਚ ਬਦਨਾਮੀ ਦਾ ਡਰ, ਚਰਿੱਤਰ ਦੀ ਗਿਰਾਵਟ ਆਦਿ ਗੱਲਾਂ ਨੇ ਦੀਪੀ ਨੂੰ ਘੇਰ ਲਿਆ। ਆਪਣੇ ਦਿਲ ਦੀ ਹਾਂ ਨੂੰ ਲਕਾਉਂਦੀ ਹੋਈ ਕਹਿਣ ਲੱਗੀ, “ਇਸ ਬਾਰੇ ਮੈਨੂੰ ਸੋਚਣ ਲਈ ਕੁਝ ਟਾਈਮ ਦੇ ਸਕਦੇ ਹੋ।” ” ਤਾਂ ਮੈਂ ਜਾਣਦਾ ਹਾਂ ਕਿ ਤਹਾਡੇ ਮਨ ਵਿਚ ਕੀ ਹੈ।” ਦਿਲਪ੍ਰੀਤ ਨੇ ਮੁਸਕ੍ਰਾ ਕੇ ਆਖਿਆ, “ਤਿੰਨਾਂ ਦਿਨਾਂ ਬਾਅਦ ਇਸੇ ਜਗਾ ਫਿਰ ਮਿਲਾਂਗਾ, ਤੁਹਾਡਾ ਫਾਈਨਲ ਜਵਾਬ ਲੈਣ ਲਈ।”
ਇੰਨਾ ਹੀ ਕਹਿ ਕੇ ਦਿਲਪ੍ਰੀਤ ਸਕੂਟਰ ਤੇ ਬੈਠ ਕੇ ਆਪਣੇ ਰਾਹ ਪੈ ਗਿਆ। ਦੀਪੀ ਅਜੇ ਵੀ ਉੱਥੇ ਹੀ ਖਲੋਤੀ ਜਾ ਰਹੇ ਦਿਲਪ੍ਰੀਤ ਨੂੰ ਦੇਖ ਰਹੀ ਸੀ। ਸਿਮਰੀ ਨੇ ਕੋਲ ਆ ਹੱਸ ਕੇ ਕਿਹਾ, “ਕਿਉਂ ਕੀ ਖਿਆਲ ਆ ਫਿਰ।”
“ਤੈਨੂੰ ਹਾਸਾ ਆਉਂਦਾ ਆ, ਮੇਰੇ ਭਾਅ ਦੀ ਬਣੀ ਹੋਈ ਆ।”
“ਭਾਅ ਦੀ ਕਿਉਂ ਬਣਾ ਲਈ, ਜੋ ਤੇਰੇ ਮਨ ਵਿਚ ਸੀ ਕਹਿ ਦੇਂਦੀ।”
“ਕਹਿਣਾ ਇੰਨਾ ਸੌਖਾ ਪਿਆ ਆ।” ਇਹ ਕਹਿ ਕੇ ਦੀਪੀ ਨੇ ਸਾਈਕਲ ਦੀ ਘੰਟੀ ਏਨੀ ਜੋਰ ਦੀ ਵਜਾਈ ਕਿ ਸਕੂਲ ਪੜ੍ਹਨ ਜਾਂਦੇ ਬੱਚੇ ਇਕਦਮ ਰਸਤੇ ਵਿਚੋਂ ਪਰੇ ਹੋ ਗਏ।
ਦੀਪੀ ਸਾਈਕਲ ਏਨੀ ਤੇਜ਼ ਚਲਾ ਰਹੀ ਸੀ ਕਿ ਜਿਵੇ ਉੱਡ ਕੇ ਕਾਲਜ ਪਹੁੰਚਣਾ ਚਾਹੁੰਦੀ ਹੋਵੇ। ਹਾਰ ਕੇ ਸਿਮਰੀ ਨੂੰ ਕਹਿਣਾ ਪਿਆ, “ਆਪਣੇ ਦਿਲ ਦੀ ਹਲਚਲ੍ਹ ਦਾ ਗੁੱਸਾ ਸਾਈਕਲ ਤੇ ਕਿਉਂ ਕੱਢ ਰਹੀ ਏਂ।”
“ਤੈਨੂੰ ਨਹੀ ਪਤਾ ਕਿ ਮੈਂ ਕਿਸ ਉਲਝਨ ਵਿਚ ਫਸ ਗਈ ਆਂ।”
“ਤੂੰ ਆਪਣੇ ਆਪ ਉਲਝਨ ਵਿਚ ਉਲਝ ਰਹੀ ਏਂ।” ਸਿਮਰੀ ਨੇ ਕਿਹਾ, “ਜੋ ਸੱਚ ਹੈ ਉਹ ਤੈਨੂੰ ਦਸ ਦੇਣਾ ਚਾਹੀਦਾ ਏ।”
ਇਸ ਤਰ੍ਹਾਂ ਗੱਲਾਂ ਕਰਦੀਆਂ ਦੋਨੋ ਸਹੇਲੀਆਂ ਕਾਲਜ ਪਹੁੰਚ ਗਈਆਂ। ਦੀਪੀ ਨੇ ਭਾਵੇਂ ਸਾਰੀਆਂ ਕਲਾਸਾਂ ਲਗਾਈਆਂ, ਪਰ ਉਸ ਦਾ ਦਿਲ ਦਿਲਪ੍ਰੀਤ ਵਲੋਂ ਕੀਤੀਆਂ ਗੱਲਾਂ ਵਿਚ ਹੀ ਘੁੰਮਦਾ ਰਿਹਾ।