ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ ਸਰਕਾਰੇ-ਦਰਬਾਰੇ ਆਵਾਜ਼ ਚੁੱਕਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਸੇ ਕੜੀ ’ਚ ਅੱਜ ਕਮੇਟੀ ਵੱਲੋਂ ਦੋ ਪੱਤਰ ਜਾਰੀ ਕੀਤੇ ਗਏ। ਜਿਸ ਵਿਚ ਪਹਿਲਾ ਪੱਤਰ ਬੀਤੇ ਦਿਨੀਂ ਅਜਮੇਰ ਦੇ ਚੈਨਪੁਰਾ ਪਿੰਡ ’ਚ 4 ਸਿੱਖਾਂ ਨੂੰ ਕਥਿਤ ਤੌਰ ’ਤੇ ਕੁੱਟਣ ਅਤੇ ਘਸੀਟਣ ਦੇ ਸ਼ੋਸਲ ਮੀਡੀਆ ਤੇ ਸਾਹਮਣੇ ਆਏ ਵੀਡੀਓ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਸੰਬੰਧੀ ਤੇ ਦੂਜਾ ਕੌਮੀ ਘਟਗਿਣਤੀ ਕਮਿਸ਼ਨ ’ਚ ਸਿੱਖ ਮੈਂਬਰ ਨੂੰ ਕੇਂਦਰ ਸਰਕਾਰ ਵੱਲੋਂ ਨਾ ਸ਼ਾਮਿਲ ਕਰਨ ’ਤੇ ਇਤਰਾਜ਼ ਬਾਰੇ ਸੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੂੰ ਪੱਤਰ ਭੇਜ ਕੇ ਸੀ. ਆਈ. ਡੀ. ਨੂੰ ਮਾਮਲੇ ਦੀ ਜਾਂਚ ਸੌਂਪਣ ਦੀ ਮੰਗ ਕੀਤੀ ਹੈ। ਜੀ. ਕੇ. ਨੇ ਦੋਸ਼ੀ ਪਿੰਡ ਵਾਲਿਆਂ ਦੇ ਖਿਲਾਫ ਮੁਕਦਮਾ ਦਰਜ਼ ਕਰਨ ਦੀ ਵਕਾਲਤ ਕਰਦੇ ਹੋਏ ਵੀਡੀਓ ਵਿਚ ਨਜ਼ਰ ਆ ਰਹੀ ਸਿੱਖਾਂ ਦੀ ਦਸਤਾਰ ਅਤੇ ਕੇਸ਼ਾਂ ਦੀ ਬੇਅਦਬੀ ਨੂੰ ਨਾ ਬਰਦਾਸਤ ਕਰਨ ਦੀ ਕੌਮ ਵੱਲੋਂ ਚੇਤਾਵਨੀ ਦਿੱਤੀ ਹੈ।
ਜੀ. ਕੇ. ਨੇ ਕਮਿਸ਼ਨ ’ਚ ਸਿੱਖ ਮੈਂਬਰ ਨੂੰ ਸਰਕਾਰ ਵੱਲੋਂ ਥਾਂ ਨਾ ਦੇਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਇਤਰਾਜ਼ ਦਰਜ਼ ਕਰਵਾਇਆ ਹੈ। ਦਰਅਸਲ ਕਮਿਸ਼ਨ ’ਚ ਸਿੱਖਾਂ ਨੂੰ ਛੱਡ ਕੇ ਬਾਕੀ ਸਭ ਘਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਥਾਂ ਦੇਣ ਵਾਲੀ ਖਬਰਾਂ ਕੱਲ ਅਖ਼ਬਾਰਾਂ ਵਿਚ ਛੱਪੀਆਂ ਸਨ। ਜੀ. ਕੇ. ਨੇ ਪ੍ਰਧਾਨ ਮੰਤਰੀ ਨੂੰ ਤੁਰੰਤ ਸਿੱਖ ਮੈਂਬਰ ਨੂੰ ਕਮਿਸ਼ਨ ’ਚ ਲੈਣ ਦੀ ਮੰਗ ਕਰਦੇ ਹੋਏ ਸਿੱਖਾਂ ਨੂੰ ਨਜ਼ਰਅੰਦਾਜ ਨਾ ਕਰਨ ਦੀ ਸਲਾਹ ਦਿੱਤੀ ਹੈ। ਜੀ. ਕੇ. ਨੇ ਪ੍ਰਧਾਨਮੰਤਰੀ ਨੂੰ ਉਨ੍ਹਾਂ ਦੇ ਨਾਰੇ ‘‘ਸਬਕਾ ਸਾਥ-ਸਬਕਾ ਵਿਕਾਸ’’ ਦਾ ਚੇਤਾ ਦਿਵਾਉਂਦੇ ਹੋਏ ਦੇਸ਼ ਦੀ ਤਰੱਕੀ ’ਚ ਸਿੱਖਾਂ ਦੇ ਯੋਗਦਾਨ ਤੇ ਕੁਰਬਾਨੀਆਂ ਦੇ ਸਫ਼ਰ ’ਤੇ ਝਾਤ ਪਾਉਣ ਦੀ ਬੇਨਤੀ ਕੀਤੀ ਹੈ।