ਫ਼ਤਹਿਗੜ੍ਹ ਸਾਹਿਬ – “1967 ਵਿਚ ਅੱਜ ਤੋਂ 50 ਸਾਲ ਪਹਿਲੇ ਵੈਸਟ ਬੰਗਾਲ ਦੇ ਇਕ ਪਿੰਡ ਨਕਸਲਬਾੜੀ ਵਿਚ ਨਕਸਲਾਈਟਾਂ ਨੇ ਅਮੀਰੀ-ਗਰੀਬੀ ਦੇ ਵੱਡੇ ਪਾੜੇ ਨੂੰ ਖ਼ਤਮ ਕਰਨ ਹਿੱਤ, ਗ਼ਰੀਬ, ਮਜ਼ਲੂਮਾਂ ਅਤੇ ਲਤਾੜੇ ਵਰਗਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਦਿਵਾਉਣ ਹਿੱਤ ਹਥਿਆਰਬੰਦ ਸੰਘਰਸ਼ ਸੁਰੂ ਕੀਤਾ ਸੀ । ਜਿਸ ਵਿਚ ਵੱਡੇ ਅਮੀਰ ਉਦਯੋਗਪਤੀਆਂ ਅਤੇ ਜ਼ਮੀਨਾਂ ਦੇ ਮਾਲਕਾਂ ਤੋਂ ਮਹੀਨਾਵਾਰ ਫੰਡ ਪ੍ਰਾਪਤ ਕਰਕੇ ਗਰੀਬਾਂ ਤੇ ਲੋੜਵੰਦਾਂ ਵਿਚ ਵੰਡਕੇ ਸਭਨਾਂ ਨੂੰ ਬਰਾਬਰਤਾ ਵਿਚ ਲਿਆਉਣਾ ਚਾਹੁੰਦੇ ਸਨ । ਉਸ ਨਕਸਲਾਈਟ ਲਹਿਰ ਨੂੰ ਸੁਰੂ ਕਰਨ ਵੇਲੇ ਦੋ ਮੁੱਖ ਆਗੂ ਸਨ ਜਿਨ੍ਹਾਂ ਵਿਚ ਸ੍ਰੀ ਕਾਨੂੰ ਸਨਿਆਲ ਅਤੇ ਸ੍ਰੀ ਜੰਗਲ ਸੰਥਾਲ ਸਨ । 1948 ਵਿਚ ਜਦੋਂ ਪੈਪਸੂ ਦੀ ਹਕੂਮਤ ਸੀ, ਉਪਰੋਕਤ ਨਕਸਲਾਈਟ ਸੋਚ ਨੂੰ ਲੈਕੇ ਉਸ ਸਮੇਂ ਲਾਲ ਕਾਉਮਨਿਸਟ ਪਾਰਟੀ ਪੰਜਾਬ ਵਿਚ ਚੱਲੀ । ਇਹ ਹਥਿਆਰਬੰਦ ਲਹਿਰ ਭਾਵੇ ਮਜ਼ਲੂਮਾਂ, ਗ਼ਰੀਬਾਂ ਅਤੇ ਲਤਾੜੇ ਵਰਗਾਂ ਨੂੰ ਉਨ੍ਹਾਂ ਦੇ ਹੱਕ-ਹਕੂਕ ਦਿਵਾਉਣ ਲਈ ਅਤੇ ਇਨਸਾਫ਼ ਦਿਵਾਉਣ ਲਈ ਹੀ ਸੀ । ਪਰ ਇਸ ਨੂੰ ਦਬਾਉਣ ਲਈ ਹੁਕਮਰਾਨਾਂ ਨੇ ਫ਼ੌਜ, ਅਰਧ ਸੈਨਿਕ ਬਲਾਂ, ਸੁਰੱਖਿਆ ਫੋਰਸਾਂ ਦੀ ਦੁਰਵਰਤੋ ਕਰਕੇ ਵੱਡੀ ਗਿਣਤੀ ਵਿਚ ਨਕਸਲਬਾੜੀ ਮਾਰ ਦਿੱਤੇ ਗਏ । ਇਸ ਲਹਿਰ ਦਾ ਸਿਆਸੀ ਅਤੇ ਮਾਲੀ ਤੌਰ ਤੇ ਫਾਇਦਾ ਸੀ.ਪੀ.ਆਈ-ਸੀ.ਪੀ.ਐਮ. ਪਾਰਟੀਆਂ ਨੇ ਲਿਆ। ਜੋ ਲੰਮਾਂ ਸਮਾਂ ਬੰਗਾਲ ਤੇ ਕੇਰਲਾ ਆਦਿ ਸੂਬਿਆਂ ਵਿਚ ਰਾਜ ਕਰਦੀਆ ਰਹੀਆਂ। ਇਸੇ ਤਰ੍ਹਾਂ ਪੰਜਾਬ ਵਿਚ ਖਾੜਕੂਵਾਦ ਅਤੇ ਸਿੱਖ ਨੌਜ਼ਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਫਾਇਦਾ ਲੈਦੇ ਹੋਏ ਰਵਾਇਤੀ ਆਗੂਆਂ ਸ. ਬਰਨਾਲਾ, ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਬੇਅੰਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਆਦਿ ਨੇ ਹਕੂਮਤਾਂ ਬਣਾਈਆਂ ਅਤੇ ਰਾਜ ਕੀਤਾ। ਪਰ ਇਨ੍ਹਾਂ ਰਵਾਇਤੀ ਆਗੂਆਂ ਦੀਆਂ ਹਕੂਮਤਾਂ ਨੇ ਰਾਜ ਭਾਗ ਦੇ ਸਿਆਸੀ ਤੇ ਮਾਲੀ ਫਾਇਦੇ ਤਾਂ ਜ਼ਰੂਰ ਲਏ, ਪਰ ਗਰੀਬਾਂ, ਰੰਘਰੇਟਿਆਂ, ਮਿਹਨਤਕਸ ਕਿਸਾਨਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ ਕੱਖ ਨਹੀਂ ਕੀਤਾ, ਸਗੋ ਉਨ੍ਹਾਂ ਦੀ ਮਾਲੀ ਤੇ ਘਰੇਲੂ ਮਾਨਸਿਕ ਹਾਲਤ ਪਹਿਲੇ ਨਾਲੋ ਵੀ ਬਦਤਰ ਬਣ ਗਈ । ਜਿਸ ਸਮੇਂ ਵੈਸਟ ਬੰਗਾਲ ਦੇ ਮੁੱਖ ਮੰਤਰੀ ਸ੍ਰੀ ਸਿਧਾਰਥ ਸੰਕਰ ਰੇਅ ਸੀ, ਉਸ ਨੇ ਵੱਡਾ ਜ਼ਬਰ-ਜੁਲਮ ਕਰਕੇ ਨਕਸਲਾਈਟਾਂ ਨੂੰ ਐਨੀ ਵੱਡੀ ਗਿਣਤੀ ਵਿਚ ਮਾਰਿਆ ਕਿ ਕਲਕੱਤੇ ਦੀ ਹੁਗਲੀ, ਗੰਗਾ ਦਰਿਆ ਲਾਲੋ-ਲਾਲ ਹੋ ਗਈ । ਇਹੀ ਵਜਹ ਹੈ ਕਿ ਜ਼ਬਰ-ਜੁਲਮ ਢਾਹੁਣ ਵਾਲੇ ਸਿਧਾਰਥ ਸੰਕਰ ਰੇਅ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ਅਤੇ ਉਸ ਸਮੇਂ ਦੇ ਅਸਾਮ ਕਾਡਰ ਦੇ ਆਈ.ਪੀ.ਐਸ ਅਫ਼ਸਰ ਸ੍ਰੀ ਕੇ.ਪੀ.ਐਸ. ਗਿੱਲ ਨੂੰ ਵੀ ਪੰਜਾਬ ਪੁਲਿਸ ਦੀ ਅਗਵਾਈ ਸੌਪੀ ਗਈ । ਇਨ੍ਹਾਂ ਦੋਵਾਂ ਨੇ ਪੰਜਾਬੀਆਂ ਅਤੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ । ਅੱਜ ਵੀ ਰੰਘਰੇਟਿਆਂ, ਮਿਹਨਤਕਸ ਕਿਸਾਨਾਂ, ਲਤਾੜੇ ਵਰਗਾਂ, ਮਜ਼ਦੂਰਾਂ ਦੇ ਜੀਵਨ ਪੱਧਰ ਵਿਚ ਕੋਈ ਬਹੁਤਾ ਸੁਧਾਰ ਨਹੀਂ ਆਇਆ । ਅੱਜ ਜਦੋਂ ਉਸ ਨਕਸਲਾਈਟ ਲਹਿਰ ਦੇ 50 ਸਾਲ ਪੂਰੇ ਹੋ ਗਏ ਹਨ, ਤਾਂ ਦੇਸ਼ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਰਗਾਂ ਨਾਲ ਹੋ ਰਹੇ ਧੱਕੇ, ਬੇਇਨਸਾਫ਼ੀ ਨੂੰ ਖ਼ਤਮ ਕਰਕੇ ਇਨ੍ਹਾਂ ਉਤੇ ਚੜ੍ਹੇ ਕਰਜੇ ਉਤੇ ਇਮਾਨਦਾਰੀ ਨਾਲ ਮੋਦੀ ਹਕੂਮਤ ਲੀਕ ਮਾਰੇ । ਅਜਿਹੇ ਅਮਲ ਕਰਕੇ ਹੀ ਇਥੋ ਦੀ ਕਾਣੀਵੰਡ ਅਤੇ ਉਪਰੋਕਤ ਵਰਗਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਕਸਲਾਈਟ ਲਹਿਰ ਦੇ ਅੱਜ 50 ਸਾਲ ਪੂਰੇ ਹੋਣ ਤੇ ਨਕਸਲਾਈਟਾਂ ਵੱਲੋਂ ਬਰਾਬਰਤਾ ਦੇ ਹੱਕ ਨੂੰ ਲਾਗੂ ਕਰਨ ਲਈ ਸੁਰੂ ਕੀਤੀ ਗਈ ਲਹਿਰ ਨੂੰ ਸਿੱਦਤ ਨਾਲ ਯਾਦ ਕਰਦੇ ਹੋਏ ਇਸ ਮੁਲਕ ਦੇ ਹੁਕਮਰਾਨਾਂ ਨੂੰ ਅਮੀਰੀ, ਗਰੀਬੀ ਦੇ ਵੱਡੇ ਪਾੜੇ ਨੂੰ ਖ਼ਤਮ ਕਰਨ ਅਤੇ ਉਪਰੋਕਤ ਸਭ ਮਿਹਨਤਕਸ ਵਰਗਾਂ ਉਤੇ ਚੜ੍ਹੇ ਕਰਜੇ ਉਤੇ ਲੀਕ ਮਾਰਨ ਦੀ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਛੱਤੀਸਗੜ੍ਹ, ਝਾਰਖੰਡ, ਆਧਰਾ ਪ੍ਰਦੇਸ਼, ਉੜੀਸਾ ਆਦਿ ਸੂਬਿਆਂ ਵਿਚ ਜੋ ਕਬੀਲੇ ਵੱਸਦੇ ਹਨ, ਉਨ੍ਹਾਂ ਦੀ ਵੱਸਣ ਵਾਲੀ ਧਰਤੀ ਹੇਠ ਜੋ ਕੁਦਰਤੀ ਸੋਮੇ ਸੋਨਾਂ, ਚਾਂਦੀ, ਹੀਰੇ, ਲੋਹਾ, ਕੋਲਾ, ਚੰਦਨ ਦੀ ਲੱਕੜ ਆਦਿ ਜੋ ਉਨ੍ਹਾਂ ਦੀ ਆਮਦਨ ਅਤੇ ਜੀਵਨ ਪੱਧਰ ਨੂੰ ਸਹੀ ਤਰੀਕੇ ਚਲਾਉਣ ਵਾਲੇ ਸਾਧਨ ਹਨ, ਜਿਨ੍ਹਾਂ ਦੇ ਉਹ ਅਸਲ ਮਾਲਕ ਹਨ । ਉਨ੍ਹਾਂ ਉਤੇ ਬਹੁਗਿਣਤੀ ਨਾਲ ਸੰਬੰਧਤ ਉਦਯੋਗਪਤੀ ਗੈਰ-ਕਾਨੂੰਨੀ ਤਰੀਕੇ ਕਬਜਾ ਕਰਨਾ ਚਾਹੁੰਦੇ ਹਨ । ਉਨ੍ਹਾਂ ਦੀਆਂ 16-17 ਸਾਲਾ ਦੀਆਂ ਬੇਟੀਆਂ, ਬਹੂਆਂ ਨੂੰ ਦਿੱਲੀ, ਮੁੰਬਈ, ਕਲਕੱਤਾ, ਬੈਗਲੌਰ ਆਦਿ ਵੱਡੇ ਸ਼ਹਿਰਾਂ ਦੇ ਵੇਸਵਾ ਘਰਾਂ ਵਿਚ ਧਕੇਲ ਦਿੰਦੇ ਹਨ । ਇਸ ਤੋ ਇਲਾਵਾ ਇਨ੍ਹਾਂ ਬਹੂ-ਬੇਟੀਆਂ ਤੋਂ ਇਹ ਵੱਡੇ ਉਦਯੋਗਪਤੀ ਅਤੇ ਅਮੀਰ ਲੋਕ ਆਪਣੇ ਘਰਾਂ ਵਿਚ ਨੌਕਰਾਣੀਆਂ ਦਾ ਕੰਮ ਵੀ ਲੈਦੇ ਹਨ ਅਤੇ ਉਨ੍ਹਾਂ ਨਾਲ ਹਰ ਪੱਖੋ ਬੇਇਨਸਾਫ਼ੀ ਵੀ ਕਰਦੇ ਹਨ । ਇਹੀ ਵਜਹ ਸੀ ਕਿ ਨਕਸਲਾਈਟ ਲਹਿਰ ਉਭਰਨ ਦਾ ਕਾਰਨ ਬਣੀ । ਇਸੇ ਤਰ੍ਹਾਂ ਹੁਕਮਰਾਨਾਂ ਨੇ ਪੰਜਾਬ ਵਿਚ ਵੀ ਉਸੇ ਜ਼ਬਰ-ਜੁਲਮ ਦਾ ਸਹਾਰਾ ਲੈਦੇ ਹੋਏ ਸਿੱਖ ਕੌਮ ਦੀ 1984 ਵਿਚ ਨਸ਼ਲਕੁਸੀ ਕੀਤੀ, 25 ਹਜ਼ਾਰ ਅਣਪਛਾਤੀਆਂ ਲਾਸਾਂ ਗਰਦਾਨਕੇ ਇਥੋ ਦੀਆਂ ਨਹਿਰਾਂ, ਦਰਿਆਵਾਂ ਵਿਚ ਸਿੱਖ ਨੌਜ਼ਵਾਨਾਂ ਦੀਆਂ ਲਾਸਾਂ ਵਹਾਈਆ ਅਤੇ ਵੱਡੀ ਗਿਣਤੀ ਵਿਚ ਜ਼ਬਰੀ ਸੰਸਕਾਰ ਕਰਕੇ ਜ਼ਬਰ-ਜੁਲਮ ਕੀਤਾ । ਜਿਨ੍ਹਾਂ ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਰੰਘਰੇਟਿਆਂ ਨੂੰ ਪੰਜਾਬ ਦੇ ਜ਼ਾਬਰ ਹੁਕਮਰਾਨਾਂ ਨੇ ਗੈਰ-ਕਾਨੂੰਨੀ ਢੰਗਾਂ ਰਾਹੀ ਮਾਰ ਦਿੱਤਾ ਸੀ, ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਲੋਹਗੜ੍ਹ ਸਾਹਿਬ ਅੰਮ੍ਰਿਤਸਰ ਤੋਂ ਲੈਕੇ ਦੁਰਗਿਆਨਾ ਮੰਦਰ ਦੇ ਸ਼ਮਸਾਨਘਾਟ ਤੱਕ ਸੋਕਮਈ ਮਾਰਚ ਕਰਦੇ ਹੋਏ ਉਨ੍ਹਾਂ ਦੀ ਯਾਦ ਨੂੰ ਮਿਤੀ 05 ਜੂਨ 2017 ਨੂੰ ਅਮਨਮਈ ਮਾਰਚ ਕੀਤਾ ਜਾਵੇਗਾ ਅਤੇ ਅਰਦਾਸ ਕੀਤੀ ਜਾਵੇਗੀ । ਇਸ ਅਰਦਾਸ ਵਿਚ ਸਭ ਵਰਗ ਸਮੂਲੀਅਤ ਕਰਨ, 06 ਜੂਨ 2017 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਲਿਊ ਸਟਾਰ ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਮਨਾਉਦੇ ਹੋਏ ਅਰਦਾਸ ਕੀਤੀ ਜਾਵੇਗੀ । ਜਦੋਂ ਬਹੁਗਿਣਤੀ ਨਾਲ ਸੰਬੰਧਤ ਹੁਕਮਰਾਨ ਹਿੰਦੂ ਉਦਯੋਗਪਤੀਆਂ ਦੇ 1 ਲੱਖ 66 ਹਜ਼ਾਰ ਕਰੋੜ ਰੁਪਏ ਦੇ ਕਰਜੇ ਮੁਆਫ਼ ਕਰਨ ਦਾ ਐਲਾਨ ਕਰ ਸਕਦੇ ਹਨ ਤਾਂ ਜੋ ਮਿਹਨਤਕਸ, ਮਜ਼ਦੂਰ, ਗਰੀਬ, ਕਿਸਾਨ ਆਦਿ ਉਤੇ ਬਹੁਤ ਥੋੜੀ ਮਾਤਰਾ ਵਿਚ ਕਰਜਾ ਹੈ, ਉਹ ਮੋਦੀ ਹਕੂਮਤ ਕਿਉਂ ਮੁਆਫ਼ ਨਹੀਂ ਕਰ ਸਕੀ ? ਅੱਜ ਜੋ ਨਕਸਲਾਈਟ ਗਰੀਬਾਂ ਦੇ ਹੱਕ-ਹਕੂਕਾਂ ਦੀ ਰੱਖਿਆ ਕਰਨ ਵਾਲੀ ਲਹਿਰ 50 ਸਾਲ ਪਹਿਲਾ ਸੁਰੂ ਹੋਈ ਸੀ, ਉਸਦੀ ਗੋਲਡਨ ਜੁਬਲੀ ਦੇ ਮਕਸਦ ਭਰੇ ਸਮੇਂ ਉਤੇ ਜੇਕਰ ਮੌਜੂਦਾ ਮੋਦੀ ਹਕੂਮਤ ਉਪਰੋਕਤ ਵਰਗਾਂ ਦੇ ਕਰਜਿਆ ਤੇ ਲੀਕ ਮਾਰ ਦੇਵੇ ਫਿਰ ਤਾਂ ਹਾਲਾਤ ਕਾਬੂ ਵਿਚ ਰਹਿ ਸਕਦੇ ਹਨ, ਵਰਨਾ ਨਕਸਲਾਈਟ ਲਹਿਰ ਮੁੜ ਉਠਣ ਤੋ ਰੋਕਣਾ ਅਸੰਭਵ ਹੋਵੇਗਾ । ਇਸ ਲਈ ਸਾਡੀ ਨੇਕ ਰਾਏ ਹੈ ਕਿ ਇਕ ਤਾਂ ਛੱਤੀਸਗੜ੍ਹ, ਝਾਰਖੰਡ, ਆਧਰਾ ਪ੍ਰਦੇਸ਼, ਉੜੀਸਾ ਆਦਿ ਸੂਬਿਆਂ ਦੇ ਕਬੀਲਿਆ ਦੇ ਆਮਦਨ ਦੇ ਸਾਧਨਾਂ ਉਤੇ ਉਦਯੋਗਪਤੀਆਂ ਵੱਲੋਂ ਜ਼ਬਰੀ ਕਬਜੇ ਕਰਨੇ ਬੰਦ ਕੀਤੇ ਜਾਣ, ਦੂਸਰਾ ਇਨ੍ਹਾਂ ਵਰਗਾਂ ਉਤੇ ਚੜ੍ਹੇ ਕਰਜਿਆ ਉਤੇ ਲੀਕ ਮਾਰੀ ਜਾਵੇ ।