ਫ਼ਤਹਿਗੜ੍ਹ ਸਾਹਿਬ – “ਜਿਵੇਂ-ਜਿਵੇਂ 6 ਜੂਨ ਦਾ ਗਮਗੀਨ ਦਿਹਾੜਾ ਨਜ਼ਦੀਕ ਆ ਰਿਹਾ ਹੈ, ਉਵੇਂ-ਉਵੇਂ ਹਿੰਦੂਤਵ ਹਕੂਮਤ ਅਤੇ ਪੰਜਾਬ ਦੀ ਹਕੂਮਤ ਵੱਲੋਂ ਘਿਸੀਆਂ-ਪਿੱਟੀਆਂ ਤਰਕਹੀਨ ਗੱਲਾਂ ਨੂੰ ਆਧਾਰ ਬਣਾਕੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿੱਖਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਹਿਸ਼ਤ ਪਾਉਣ ਦੀਆਂ ਦੁੱਖਾਤਿਕ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਹਨ । ਉਸੇ ਸੋਚ ਨੂੰ ਲੈਕੇ ਮੋਹਾਲੀ ਵਿਖੇ ਪਿੱਛਲੇ ਦਿਨੀ ਤਿੰਨ ਸਿੱਖ ਬੱਚਿਆਂ ਨੂੰ ਖ਼ਾਲਿਸਤਾਨੀ ਗਰਦਾਨਕੇ, ਇਹ ਕਹਿਕੇ ਕਿ ਇਹ ਟਾਈਟਲ ਤੇ ਹੋਰਨਾਂ ਆਗੂਆਂ ਨੂੰ ਮਾਰਨ ਦੀਆਂ ਸਾਜਿ਼ਸ਼ਾਂ ਬਣਾਉਣ ਵਿਚ ਮਸਰੂਫ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਜੋ ਕੇਵਲ ਸਿੱਖ ਕੌਮ ਨੂੰ ਬਦਨਾਮ ਕਰਨ ਅਤੇ ਸਿੱਖ ਕੌਮ ਵਿਚ ਦਹਿਸ਼ਤ ਪਾਉਣ ਦੀ ਮੰਦਭਾਵਨਾ ਨਾਲ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਜਦੋਂਕਿ 6 ਜੂਨ ਦਾ ਦਿਹਾੜਾ ਸਿੱਖ ਕੌਮ ਲਈ ਅਤਿ ਗਮਗੀਨ ਅਤੇ ਗੰਭੀਰਤਾ ਵਾਲਾ ਹੈ। ਕਿਉਂਕਿ ਇਸ ਦਿਨ ਹਿੰਦ ਫ਼ੌਜ ਨੇ ਅਤੇ ਹੁਕਮਰਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌ਼ਜੀ ਹਮਲਾ ਕਰਕੇ ਸ੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਆਏ ਨਿਰਦੋਸ਼ ਅਤੇ ਨਿਹੱਥੇ 25 ਹਜ਼ਾਰ ਦੇ ਕਰੀਬ ਸਿੱਖ ਸਰਧਾਲੂਆਂ ਜਿਨ੍ਹਾਂ ਵਿਚ ਮਾਸੂਮ ਬੱਚੇ-ਬੱਚੀਆਂ, ਨੌਜ਼ਵਾਨ, ਔਰਤਾਂ ਅਤੇ ਬਜੁਰਗ ਸਨ, ਮੌਤ ਦੇ ਮੂੰਹ ਜ਼ਬਰੀ ਧਕੇਲ ਦਿੱਤੇ ਸਨ । ਜੋ ਕਿ ਮਨੁੱਖਤਾ ਦੇ ਕਤਲੇਆਮ ਦਾ ਇਕ ਅਸਹਿ ਅਤੇ ਅਕਹਿ ਤਾਂਡਵ ਨਾਚ ਕੀਤਾ ਗਿਆ। ਜਿਸ ਨੂੰ ਸਿੱਖ ਕੌਮ ਕਤਈ ਨਹੀਂ ਭੁਲਾ ਸਕਦੀ ਅਤੇ ਨਾ ਹੀ ਸਿੱਖ ਕੌਮ ਦੇ ਕਾਤਲਾਂ ਨੂੰ ਕਦੀ ਮੁਆਫ਼ ਕਰ ਸਕਦੀ ਹੈ । ਅਜਿਹੇ ਗੰਭੀਰਤਾ ਤੇ ਗਮਗੀਨ ਸਮੇਂ ਵਿਚ ਹੁਕਮਰਾਨਾਂ ਵੱਲੋਂ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕਣ ਦੀ ਕਾਰਵਾਈ ਬਿਲਕੁਲ ਸੋਭਾ ਨਹੀਂ ਦਿੰਦੀ । ਸਿਕਲੀਗਰ ਸਿੱਖਾਂ ਨੂੰ ਉਚੇਚੇ ਤੌਰ ਤੇ ਨਿਸ਼ਾਨਾ ਬਣਾਉਣ ਦੀ ਕਾਰਵਾਈ ਵੀ ਇਸੇ ਸਾਜਿ਼ਸ਼ ਦੀ ਕੜੀ ਦਾ ਹਿੱਸਾ ਹੈ । ਬਹੁਗਿਣਤੀ ਹੁਕਮਰਾਨਾਂ ਨੂੰ ਅਜਿਹੇ ਸਮੇਂ ਕੋਈ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਜਖ਼ਮੀ ਸਿੱਖ ਮਨਾਂ ਨੂੰ ਹੋਰ ਡੂੰਘੀ ਠੇਸ ਪਹੁੰਚੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਵੱਲੋਂ ਬਿਨ੍ਹਾਂ ਕਿਸੇ ਦਲੀਲ ਦੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਕੇ ਬਦਨਾਮ ਕਰਨ ਅਤੇ ਸਿੱਖ ਬੱਚੇ-ਬੱਚੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਿਕਲੀਗਰ ਸਿੱਖਾਂ ਉਤੇ ਜਾਨਲੇਵਾ ਹਮਲੇ ਕਰਨ ਦੀਆਂ ਕਾਰਵਾਈਆਂ ਨੂੰ ਹੁਕਮਰਾਨਾਂ ਦੀ ਸਾਜਿ਼ਸ਼ ਕਰਾਰ ਦਿੰਦੇ ਹੋਏ ਅਤੇ ਹੁਕਮਰਾਨਾਂ ਨੂੰ ਇਸ ਗਮਗੀਨ ਸਮੇਂ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਿੱਖ ਕੌਮ ਗਾਂਧੀ ਦੇ ਕਤਲ ਵਾਲੇ ਦਿਨ ਜਾਂ ਬੀਜੇਪੀ ਦੇ ਆਗੂ ਮੁਖਰਜੀ ਦੇ ਅਜਿਹੇ ਦਿਨਾਂ ਤੇ ਕੋਈ ਹਿੰਦੂ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕਰੇ, ਕੀ ਹਿੰਦੂ ਮਨਾਂ-ਆਤਮਾਵਾਂ ਨੂੰ ਠੇਸ ਨਹੀਂ ਪਹੁੰਚੇਗੀ ? ਸਾਨੂੰ ਇਸ ਗੱਲ ਤੇ ਬੜੀ ਹੈਰਾਨੀ ਤੇ ਦੁੱਖ ਹੈ ਕਿ ਇਥੋਂ ਦੇ ਹੁਕਮਰਾਨ ਅਖ਼ਬਾਰਾਂ ਤੇ ਮੀਡੀਏ ਵਿਚ ਇਹ ਕਹਿੰਦੇ ਹਨ ਕਿ ਸਾਨੂੰ ਫਲਾਣੇ ਸਥਾਨ ਤੇ ਪਾਕਿਸਤਾਨੀਆਂ ਦੇ ਪੈੜ ਦੇ ਨਿਸ਼ਾਨ ਮਿਲੇ ਹਨ । ਅਸੀਂ ਪੁੱਛਣਾ ਚਾਹਵਾਂਗੇ ਕਿ ਲਹਿੰਦੇ ਪੰਜਾਬ ਪਾਕਿਸਤਾਨ ਅਤੇ ਚੜ੍ਹਦੇ ਪੰਜਾਬ ਦੇ ਨਿਵਾਸੀਆਂ ਦੀਆਂ ਪੈੜਾਂ ਵਿਚ ਕੀ ਫਰਕ ਹੈ ? ਉਹ ਵੀ ਇਨਸਾਨ ਹਨ ਅਤੇ ਅਸੀਂ ਵੀ ਇਨਸਾਨ ਹਾਂ । ਹੁਕਮਰਾਨਾਂ ਕੋਲ ਕਿਹੜਾ ਅਜਿਹਾ ਪੈਰਾਮੀਟਰ ਹੈ, ਜਿਸ ਨਾਲ ਇਹ ਝੱਟ ਸਕਿੰਟਾਂ ਵਿਚ ਪਛਾਣ ਲੈਂਦੇ ਹਨ ਕਿ ਇਹ ਪਾਕਿਸਤਾਨ ਦੀ ਪੈੜ ਹੈ, ਇਹ ਖ਼ਾਲਿਸਤਾਨੀ ਦੀ ਪੈੜ ਹੈ, ਇਹ ਹਿੰਦੂਸਤਾਨੀ ਦੀ ਪੈੜ ਹੈ ? ਅਸਲੀਅਤ ਵਿਚ ਇਹ ਸ਼ਬਦ ਕੇਵਲ ਤੇ ਕੇਵਲ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾ ਬਣਾਉਣ ਲਈ ਬਹਾਨੇ ਲੱਭੇ ਜਾਂਦੇ ਹਨ। ਜਦੋਂਕਿ ਇਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਤਾਂ ‘ਸਰਕਾਰੀ ਦਹਿਸ਼ਤਗਰਦੀ’ ਨੇ ਖ਼ਤਰਾ ਪੈਦਾ ਕੀਤਾ ਹੋਇਆ ਹੈ। ਜਦੋਂਕਿ ਹੁਣ ਤਾਂ ਪਾਕਿਸਤਾਨੀਆਂ ਨੇ ਆਪਣੀ ਧੀ ਵੀ ਪੰਜਾਬੀਆਂ ਨੂੰ ਦਿੱਤੀ ਹੋਈ ਹੈ, ਫਿਰ ਹੁਣ ਕਿਹੜੀ ਗੱਲ ਦਾ ਖ਼ਤਰਾ ਹੈ, ਜਿਸਦਾ ਹੁਕਮਰਾਨ ਰਾਮ-ਰੌਲਾ ਪਾ ਕੇ 6 ਜੂਨ ਦੇ ਅਤਿ ਗੰਭੀਰਤਾ ਤੇ ਗਮਗੀਨ ਸਿੱਖ ਦਿਹਾੜੇ ਦੇ ਮਹੱਤਵ ਨੂੰ ਘਟਾਉਣਾ ਚਾਹੁੰਦੇ ਹਨ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਰਹੇ ਹਨ ?
ਸ. ਮਾਨ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਅੱਜ 6 ਜੂਨ ਦੇ ਦਿਹਾੜੇ ਦੇ ਸੰਜ਼ੀਦਾ ਮਾਹੌਲ ਨੂੰ ਮੁੱਖ ਰੱਖਦੇ ਹੋਏ ਦੇਸ਼-ਵਿਦੇਸ਼ ਵਿਚ ਵਿਚਰ ਰਿਹਾ ਹਰ ਸਿੱਖ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਚਾਲੇ ਪਾ ਦਿੰਦਾ ਹੈ ਜਾਂ ਸਿੱਖ ਕੌਮ ਦਾ ਮਨ ਤੇ ਆਤਮਾਵਾਂ ਇਸ ਮਹਾਨ ਅਸਥਾਨ ਵੱਲ ਝੁਕ ਰਹੀਆਂ ਹੁੰਦੀਆਂ ਹਨ, ਤਾਂ ਉਸ ਦਿਨ ਸਾਡੇ ਵੀਰ ‘ਦਲ ਖ਼ਾਲਸਾ’ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦੇ ਕੇ ਇਸ ਗਮਗੀਨ ਅਤੇ ਮਹੱਤਵਪੂਰਨ ਦਿਹਾੜੇ ਦੀ ਸੰਜ਼ੀਦਗੀ ਨੂੰ ਨਜ਼ਰ ਅੰਦਾਜ ਕਿਉਂ ਕੀਤਾ ਜਾ ਰਿਹਾ ਹੈ ? ਇਸ ਦਿਨ ਤਾਂ ਸਮੁੱਚਾ ਸਿੱਖ ਜਗਤ ਗਮਗੀਨ ਹੁੰਦਾ ਹੈ, ਫਿਰ ਦੁਕਾਨਾਂ, ਕਾਰੋਬਾਰੀ, ਵਪਾਰੀਆਂ, ਟਰਾਸਪੋਰਟਾਂ ਨੂੰ ਜ਼ਬਰੀ ਬੰਦ ਕਰਵਾਕੇ ਇਸ ਦਿਨ ਦੇ ਮਹੱਤਵ ਨੂੰ ਕੀ ਅਸੀਂ ਸੱਟ ਨਹੀਂ ਮਾਰ ਰਹੇ ? ਇਸ ਲਈ ਸਾਡੀ ਦਲ ਖ਼ਾਲਸਾ ਵਾਲੇ ਵੀਰਾਂ ਨੂੰ ਇਹ ਅਪੀਲ ਹੈ ਕਿ ਜਦੋਂ ਐਸ.ਜੀ.ਪੀ.ਸੀ. ਦੇ ਮੌਜੂਦਾ ਸੂਝਵਾਨ ਤੇ ਦੂਰਅੰਦੇਸ਼ੀ ਰੱਖਣ ਵਾਲੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਸ ਦਿਨ ਦੇ ਵੱਡੇ ਅਤੇ ਗੰਭੀਰਤਾ ਭਰੇ ਮਾਹੌਲ ਨੂੰ ਕਾਇਮ ਰੱਖਦੇ ਹੋਏ ਸਮੁੱਚੇ ਕੌਮੀ ਪੱਧਰ ਤੇ ਉਦਮ ਕਰ ਰਹੇ ਹਨ ਅਤੇ ਸਮੁੱਚੀ ਸਿੱਖ ਕੌਮ ਤੇ ਸੰਗਠਨਾਂ ਨੂੰ ਸ਼ਹੀਦਾਂ ਦੀ ਅਰਦਾਸ ਵਿਚ ਸ਼ਾਮਿਲ ਹੋਣ ਲਈ ਏਕਤਾ ਦੇ ਰੂਪ ਵਿਚ ਪ੍ਰੋਂਦੇ ਹੋਏ ਅਪੀਲ ਕਰ ਰਹੇ ਹਨ ਤਾਂ ਅਜਿਹੇ ਸਮੇਂ ਦਲ ਖ਼ਾਲਸਾ ਵੱਲੋਂ ਐਲਾਨੇ ਗਏ ‘ਬੰਦ’ ਦੇ ਵੱਖਰੇ ਪ੍ਰੋਗਰਾਮ ਨੂੰ ਮਨਸੂਖ ਕਰਕੇ ਇਸ ਗਮਗੀਨ ਤੇ ਦੁੱਖਦਾਇਕ ਕੌਮੀ ਮਾਹੌਲ ਦੀ ਗੰਭੀਰਤਾ ਨੂੰ ਹੋਰ ਬਲ ਦਿੱਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ‘ਦਲ ਖ਼ਾਲਸਾ’ ਦੀ ਜਥੇਬੰਦੀ ਦੇ ਸਿੰਘਾਂ ਦੀ ਤਹਿ ਦਿਲੋਂ ਸੁਕਰ ਗੁਜ਼ਾਰ ਹੋਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਥੇ ਦਲ ਖ਼ਾਲਸਾ ਸਾਡੀ ਬੇਨਤੀ ਨੂੰ ਪ੍ਰਵਾਨ ਕਰੇਗੀ, ਉਥੇ ਸਮੁੱਚਾ ਖ਼ਾਲਸਾ ਪੰਥ ਇਕ ਰੂਪ ਹੋ ਕੇ ਆਪਣੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਸ਼ਹੀਦਾਂ ਨੂੰ ਇਕ ਰੂਪ ਹੋ ਕੇ ਬਿਨ੍ਹਾਂ ਕਿਸੇ ਵਖਰੇਂਵੇ ਤੋਂ ਅਰਦਾਸ ਵਿਚ ਸ਼ਾਮਿਲ ਹੋਵੇਗੀ ਅਤੇ ਉਸ ਦਿਨ ਸਾਂਝੇ ਤੌਰ ਤੇ ਕੋਈ ਦਿੱਤੇ ਜਾਣ ਵਾਲੇ ਕੌਮੀ ਪ੍ਰੋਗਰਾਮ ਤੇ ਦ੍ਰਿੜਤਾ ਨਾਲ ਪਹਿਰਾ ਦੇਵੇਗੀ ।