ਫਤਿਹਗੜ੍ਹ ਸਾਹਿਬ – ਸ੍ਰੀ ਅਕਾਲ ਤਖ਼ਤ ਸਾਹਿਬ ਤੇ 6 ਜੂਨ ਨੂੰ ਮਨਾਏ ਜਾ ਰਹੇ ਘੱਲੂਘਾਰਾ ਦਿਵਸ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਸਮੱਚੀਆਂ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਤੇ ਸਮੂਹ ਪੰਥਕ ਜਥੇਬੰਦੀਆਂ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਉਹ ਹਮੇਸ਼ਾਂ ਆਸਾਵਾਦੀ ਤੇ ਚੜ੍ਹਦੀਕਲਾ ਵਿਚ ਵਿਚਰਨ ਵਾਲੇ ਵਿਅਕਤੀ ਹਨ ਤੇ ਉਹ ਸਤਿਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਚੱਲੇ ਹਨ ਤੇ ਸਤਿਗੁਰੂ ਉਨ੍ਹਾਂ ਨੂੰ ਜ਼ਰੂਰ ਸਫਲਤਾ ਬਖਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਸਾਂਝੇ ਤੌਰ ਤੇ ਘੱਲੂਘਾਰਾ ਦਿਵਸ ਨੂੰ ਮਨਾਉਣ ਦੇ ਯਤਨ ਵੱਡੇ ਪੱਧਰ ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਜਥੇਬੰਦੀਆਂ ਦੇ ਲੀਡਰ ਸਤਿਕਾਰਯੋਗ ਪੰਥਕ ਜਜਬੇ ਵਾਲੇ ਹਨ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਘੱਲੂਘਾਰਾ ਸਮਾਗਮ ਦੀ ਗੰਭੀਰਤਾ, ਸੰਜੀਦਗੀ ਤੇ ਸ਼ਹੀਦੀ ਦੀ ਮਹਾਨ ਮਹੱਤਤਾ ਨੂੰ ਸਮਝਦਿਆਂ ਹੋਇਆ ਸਮੁੱਚੀ ਪੰਥਕ ਏਕਤਾ ਦਾ ਸਬੂਤ ਦੇਣਗੇ। ਉਨ੍ਹਾਂ ਸਮੁੱਚੀਆਂ ਸਿੱਖ ਸੰਗਤਾਂ, ਸਿੱਖ ਸੰਪਰਦਾਵਾਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਾਰਿਆਂ ਨੂੰ ਰਲਮਿਲ ਕੇ ਉਨ੍ਹਾਂ ਸ਼ਹੀਦਾਂ ਕੌਮ ਦੇ ਅਣਮੋਲ ਹੀਰਿਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋਂ ਸ਼ਰਧਾ ਤੇ ਸਤਿਕਾਰ ਭੇਂਟ ਕਰੀਏ। ਇਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋ. ਬਡੂੰਗਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਆਗੂ ਸਾਹਿਬਾਨਾਂ ਤੇ ਹੋਰ ਪੰਥਕ ਆਗੂਆਂ ਨੂੰ ਖੁਦ ਮਿਲੇ ਤੇ 6 ਜੂਨ ਦੇ ਘੱਲੂਘਾਰਾ ਦਿਵਸ ਨੂੰ ਸ਼ਰਧਾ ਸਤਿਕਾਰ ਨਾਲ ਸਾਂਝੇ ਤੌਰ ਤੇ ਮਨਾਉਣ ਦੀ ਅਪੀਲ ਕੀਤੀ, ਜਿਸ ਨੂੰ ਇਨ੍ਹਾਂ ਆਗੂਆਂ ਨੇ ਪ੍ਰਵਾਨ ਵੀ ਕੀਤਾ, ਕਿਉਂਕਿ ਸਮੁੱਚੇ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਸਿੱਖ ਵੀ ਇਹੀ ਚਾਹੁੰਦੇ ਹਨ ਕਿ ਘੱਲੂਘਾਰਾ ਦਿਵਸ ਤੇ ਸ਼ਰਧਾਂਜ਼ਲੀ ਸਮਾਗਮ ਸਾਂਤੀਪੂਰਵਕ ਨੇਪਰੇ ਚੜਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਰਾਜੂਖੰਨਾ ਹਲਕਾ ਅਮਲੋਹ, ਚੇਅਰਮੈਨ ਬਲਜੀਤ ਸਿੰਘ ਭੁੱਟਾ, ਮਲਕੀਤ ਸਿੰਘ ਮਠਾੜੂ, ਜੈ ਸਿੰਘ ਬਾੜਾ, ਮੈਨੇਜਰ ਨੱਥਾ ਸਿੰਘ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਭੁਪਿੰਦਰ ਸਿੰਘ ਨਲੀਨਾ, ਗੁਰਨਾਮ ਸਿੰਘ ਕੋਟਲਾ ਆਦਿ ਵੀ ਹਾਜ਼ਰ ਸਨ।
ਘੱਲੂਘਾਰਾ ਦਿਵਸ ਦੀ ਮਹਾਨ ਮਹੱਤਤਾ ਨੂੰ ਸਮਝਦਿਆਂ ਸੁਮੱਚੀਆਂ ਪੰਥਕ ਜਥੇਬੰਦੀਆਂ ਏਕਤਾ ਦਾ ਸਬੂਤ ਦੇਣਗੀਆਂ : ਪ੍ਰੋ. ਬਡੂੰਗਰ
This entry was posted in ਪੰਜਾਬ.