ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਜੰਡਸਰ ਸਾਹਿਬ, ਤਲਵੰਡੀ ਸਾਬੋ ਵਿਖੇ ਕੀਤਾ ਗਿਆ। ਫੈਡਰੇਸ਼ਨ ਵੱਲੋਂ ਇਸ ਸ਼ਹੀਦੀ ਸਮਾਗਮ ਮੌਕੇ ਭਵਿੱਖ ਦੀਆਂ ਸਰਗਰਮੀਆਂ ਲਈ ਇੱਕ ਮਾਰਗ-ਸੇਧ ਡਾਕੂਮੈਂਟ ਜਾਰੀ ਕੀਤਾ ਗਿਆ। ਜਥੇਬੰਦੀ ਦੇ ਮਾਲਵਾ ਖੇਤਰ ਦੇ ਨੌਜਵਾਨ ਵਿਦਿਆਰਥੀ ਮੈਂਬਰਾਂ ਨੇ ਇਸ ਸ਼ਹੀਦੀ ਸਮਾਗਮ ਵਿੱਚ ਭਰਵੀਂ ਹਾਜ਼ਰੀ ਭਰੀ।
ਸਮਾਗਮ ਦੀ ਸ਼ੁਰੂਆਤ ਨਾਮ-ਸਿਮਰਨ ਨਾਲ ਕਰਨ ਤੋਂ ਬਾਅਦ ਫੈਡਰੇਸ਼ਨ ਦੇ ਸੰਵਿਧਾਨ ਕਮੇਟੀ ਮੈਂਬਰ ਗੁਰਸ਼ਰਨ ਸਿੰਘ ਨੇ ਫੈਡਰੇਸ਼ਨ ਦੇ ਇਤਿਹਾਸ ਅਤੇ ਭਾਈ ਅਮਰੀਕ ਸਿੰਘ ਜੀ ਦੇ ਜੀਵਨ ਬਾਰੇ ਨੌਜਵਾਨ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਨੇ ਤੀਜੇ ਘੱਲੂਘਾਰੇ ਦੀ ਪਿੱਠ-ਭੂਮੀ ਅਤੇ ਸਮੁੱਚੇ ਘਟਨਾਕ੍ਰਮ ਬਾਰੇ ਚਾਨਣਾ ਪਾਇਆ। ਸਿੱਖ ਸੰਘਰਸ਼ ਵਿੱਚ ਫੈਡਰੇਸ਼ਨ ਵੱਲੋੰ ਨਿਭਾਏ ਗਏ ਰੋਲ ਦੀ ਜਾਣਕਾਰੀ ਦੇਣ ਤੋਂ ਬਾਅਦ ਉਹਨਾਂ ਨੇ ਫੈਡਰੇਸ਼ਨ ਦੀ ਵਰਤਮਾਨ ਸਥਿਤੀ ਬਾਰੇ ਚਾਨਣਾ ਪਾਇਆ। ਉਹਨਾਂ ਫੈਡਰੇਸ਼ਨ ਵੱਲੋਂ ਪਿਛਲੇ ਵਿੱਦਿਅਕ ਸੈਸ਼ਨ ਵਿੱਚ ਕੀਤੇ ਗਏ ਕਾਰਜਾਂ ਅਤੇ ਪ੍ਰਾਪਤੀਆਂ ਦਾ ਵੇਰਵਾ ਮੈਂਬਰਾਂ ਨੂੰ ਦੱਸਿਆ।
ਜ਼ਿਕਰਯੋਗ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਇਜਲਾਸ ਤੋਂ ਬਾਅਦ ਜਥੇਬੰਦੀ ਨੂੰ ਨਿਰੋਲ ਨੌਜਵਾਨ ਵਿਦਿਆਰਥੀ ਜਥੇਬੰਦੀ ਵਜੋਂ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਨਹਿਰੂ ਕਾਲਜ ਮਾਨਸਾ, ਖਾਲਸਾ ਕਾਲਜ ਪਟਿਆਲਾ ਸਮੇਤ ਹੋਰਨਾਂ ਵਿੱਦਿਅਕ ਅਦਾਰਿਆਂ ਵਿੱਚ ਫੈਡਰੇਸ਼ਨ ਦੀਆਂ ਇਕਾਈਆਂ ਦਾ ਪੁਨਰਗਠਨ ਕੀਤਾ ਗਿਆ ਸੀ। ਫੈਡਰੇਸ਼ਨ ਵੱਲੋਂ ਸਿਰਫ ਨੌਜਵਾਨ ਵਿਦਿਆਰਥੀਆਂ ਵਿੱਚ ਆਧਾਰ ਵਧਾਉਣ ਅਤੇ ਸਰਗਰਮ ਰਾਜਨੀਤੀ ਤੋਂ ਲਾਂਭੇ ਰਹਿਣ ਦੇ ਐਲਾਨ ਤੋਂ ਬਾਅਦ ਅਗਾਊਂ ਸਰਗਰਮੀਆਂ ਲਈ ਇਹ ਮਾਰਗ-ਸੇਧ ਡਾਕੂਮੈਂਟ ਜਾਰੀ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਫੈਡਰੇਸ਼ਨ ਦੇ ਕਨਵੀਨਰ ਭਾਈ ਅਨਮੋਲਦੀਪ ਸਿੰਘ ਨੇ ਸਿੱਖ ਕੌਮ ਦੀ ਮੌਜੂਦਾ ਸਿਆਸੀ ਅਤੇ ਧਾਰਮਿਕ ਲੀਡਰਸ਼ਿਪ ਨੂੰ ਵੇਲਾ-ਵਿਹਾ ਚੁੱਕੀ ਕਰਾਰ ਦਿੱਤਾ। ਨੌਜਵਾਨ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਨਵੀਂ ਲੀਡਰਸ਼ਿਪ ਤਿਆਰ ਕਰਨ ਲਈ ਜ਼ਮੀਨੀ ਪੱਧਰ ਉੱਤੇ ਕੰਮ ਕਰਨ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸੋਸ਼ਲ ਮੀਡਿਆ ਅਤੇ ਇੰਟਰਨੈੱਟ ਦੇ ਪਸਾਰ ਸਦਕਾ ਅਜੋਕੀ ਨੌਜਵਾਨੀ ਰਾਜਨੀਤਿਕ ਤੌਰ ਤੇ ਚੇਤੰਨ ਹੈ, ਪ੍ਰੰਤੂ ਨਵੀਂ ਨੌਜਵਾਨ ਲੀਡਰਸ਼ਿਪ ਦੇ ਉਭਾਰ ਲਈ ਸੁੱਚੇ ਕਿਰਦਾਰ ਅਤੇ ਸਮਾਜਿਕ ਸੰਗਠਨ ਦੇ ਵਿਕਾਸ ਕਰਨ ਦੀ ਲੋੜ ਹੈ।ਸਿੱਖ ਗੁਰੂ ਸਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਮਨੁੱਖੀ ਬਰਾਬਰਤਾ ਅਤੇ ਆਜ਼ਾਦੀ ਦੀ ਰਾਖੀ ਦੀ ਲੜਾਈ ਨੂੰ ਨਿਰੰਤਰ ਜਾਰੀ ਰੱਖਣ ਦਾ ਸੰਕਲਪ ਦੁਹਰਾਉੰਦਿਆਂ ਉਹਨਾਂ ਨੇ ਅਜੋਕੇ ਸਿਆਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਸਿਰਿਓਂ ਇੱਕ ਨਵੀਂ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਆਉਂਦੇ ਸਮੇਂ ਵਿੱਚ ਨਵੀਂਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਲਈ ਤਿਆਰੀ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਿਛਲੇ ਚੰਦ ਮਹੀਨਿਆਂ ਵਿੱਚ ਸਥਾਪਿਤ ਨਵੇਂ 10 ਕਾਲਜਾਂ/ਯੂਨੀਵਰਸਿਟੀਆਂ ਦੇ ਯੂਨਿਟਾਂ ਵਾਂਗ ਆਉਂਦੇ ਸਮੇਂ ਵਿੱਚ ਹੋਰਨਾਂ ਵਿੱਦਿਅਕ ਅਦਾਰਿਆਂ ਵਿੱਚ ਵੀ ਫੈਡਰੇਸ਼ਨ ਦੇ ਯੂਨਿਟਾਂ ਦਾ ਵੱਡੇ ਪੱਧਰ ਤੇ ਪਸਾਰ ਕੀਤਾ ਜਾਵੇਗਾ।
ਸਮਾਗਮ ਦੇ ਅੰਤ ਵਿੱਚ ਅਰਦਾਸ ਉਪਰੰਤ ਮਾਰਗ-ਸੇਧ ਡਾਕੂਮੈਂਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ-ਆਸਰੇ ਅਧੀਨ ਜਾਰੀ ਕੀਤਾ ਗਿਆ। ਫੈਡਰੇਸ਼ਨ ਆਗੂਆਂ ਨੇ ਸਮਾਗਮ ਵਿੱਚ ਪੁੱਜੇ ਨੌਜਵਾਨ ਮੈਂਬਰਾਂ ਅਤੇ ਪ੍ਰਬੰਧ ਵਿੱਚ ਸਹਿਯੋਗ ਦੇਣ ਲਈ ਸਿੰਘ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਫੈਡਰੇਸ਼ਨ ਆਗੂ ਅਰਸ਼ਦੀਪ ਸਿੰਘ, ਰੇਸ਼ਮ ਸਿੰਘ, ਕਮਲਦੀਪ ਸਿੰਘ, ਹਰਦੀਪ ਸਿੰਘ, ਗੁਰਕਰਨ ਸਿੰਘ, ਗੁਰਸ਼ਰਨ ਸਿੰਘ, ਮਨਜਿੰਦਰ ਸਿੰਘ, ਸੇਵਾ ਸਿੰਘ ਆਦਿ ਹਾਜ਼ਰ ਸਨ।