ਕਿਸੇ ਬੀਮਾਰ ਬੰਦੇ ਦਾ ਹਾਲ ਪੁੱਛਣਾ- ਉਸ ਨਾਲ ਹਮਦਰਦੀ ਜਤਾਉਣਾ ਹੁੰਦਾ ਹੈ। ਜਦ ਕੋਈ ਬੰਦਾ ਕਿਸੇ ਬੀਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ, ਦੋਸਤ ਮਿੱਤਰ- ਉਸ ਦਾ ਪਤਾ ਲੈਣਾ ਆਪਣਾ ਫਰਜ਼ ਸਮਝਦੇ ਹਨ। ਕੁੱਝ ਹਦ ਤੱਕ ਇਸ ਦਾ ਫਾਇਦਾ ਹੁੰਦਾ ਹੈ। ਇਸ ਨਾਲ ਉਸਦੀ ਹੌਸਲਾ ਹਫਜ਼ਾਈ ਹੁੰਦੀ ਹੈ। ਬੀਮਾਰ ਤੇ ਉਸ ਦੇ ਘਰ ਵਾਲਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਸੰਗੀ ਸਾਥੀ, ਉਸ ਦੇ ਦੁੱਖ ਵਿੱਚ ਉਸ ਦੇ ਨਾਲ ਹਨ। ਉਹ ਇਕੱਲ ਮਹਿਸੂਸ ਨਹੀਂ ਕਰਦੇ। ਕਈ ਵਾਰੀ ਘਰ ਦਾ ਇਕੱਲਾ ਮੈਂਬਰ ਮਰੀਜ਼ ਨੂੰ ਸੰਭਾਲ ਨਹੀਂ ਸਕਦਾ। ਉਸ ਨੂੰ ਦਵਾਈਆਂ ਲੈਣ, ਟੈਸਟ ਕਰਵਾਉਣ ਜਾਂ ਅਪਰੇਸ਼ਨ ਵੇਲੇ ਦੂਸਰੇ ਦੀ ਮਦਦ ਦੀ ਜਰੂਰਤ ਹੁੰਦੀ ਹੈ। ਕੋਈ ਚੀਜ਼ ਬਜ਼ਾਰੋਂ ਲਿਆਉਣੀ ਪੈਂਦੀ ਹੈ, ਕੋਈ ਘਰੋਂ ਮੰਗਵਾਉਣੀ ਹੁੰਦੀ ਹੈ। ਮਰੀਜ਼ ਦੇ ਅਟੈਂਡੈਂਟ ਨੂੰ ਵੀ ਕੁੱਝ ਸਮੇਂ ਲਈ ਆਰਾਮ ਦੀ ਲੋੜ ਹੁੰਦੀ ਹੈ। ਸੋ ਜੇ ਕੋਈ ਨਜ਼ਦੀਕੀ ਜਾਂ ਹੋਰ ਕੋਈ ਉਸ ਦੀ ਕਿਸੇ ਤਰ੍ਹਾਂ ਦੀ ਮਦਦ ਕਰ ਸਕੇ ਤਾਂ ਇਸ ਵਰਗਾ ਹੋਰ ਕੋਈ ਭਲੇ ਦਾ ਕੰਮ ਨਹੀਂ ਹੋ ਸਕਦਾ।
ਸਾਡੇ ਮੁਲਕ ਵਿੱਚ ਖਬਰਸਾਰ ਪੁੱਛਣ ਦਾ ਆਮ ਰਿਵਾਜ ਹੈ। ਅੱਜਕਲ ਦੁਨੀਆਂ ਵਿੱਚ ‘ਫੌਰਮੈਲਿਟੀ’ ਬਹੁਤ ਵੱਧ ਗਈ ਹੈ। ਦਿਲੋਂ ਹਮਦਰਦੀ ਕਰਨ ਵਾਲੇ ਘੱਟ, ਪਰ ਜਤਾਉਣ ਵਾਲੇ ਵੱਧ ਮਿਲ ਜਾਂਦੇ ਹਨ। ਤੁਸੀਂ ਆਪ ਹੀ ਸੋਚੋ ਕਿ ਜੇ ਖਬਰਾਂ ਲੈਣ ਵਾਲੇ ਹੀ ਬਾਰ ਬਾਰ ਆਈ ਜਾਣ ਤਾਂ ਮਰੀਜ਼ ਜਾਂ ਉੇਸ ਦੀ ਸੰਭਾਲ ਕਰਨ ਵਾਲਾ -ਕਦੋਂ ਅਰਾਮ ਕਰਨਗੇ? ਕਿਤੇ ਇਹ ਨਾ ਹੋਵੇ ਕਿ ਬਹੁਤੇ ਲੋਕਾਂ ਦੀ ਆਮਦ ਨਾਲ, ਬੇਅਰਾਮੀ ਕਾਰਨ, ਉਹ ਹੋਰ ਬੀਮਾਰ ਹੋ ਜਾਣ। ਵੈਸੇ ਹੁਣ ਹਸਪਤਾਲਾਂ ਵਿੱਚ ਜੋ ਮਿਲਣ ਦੇ ਸਮੇਂ ਤਹਿ ਕੀਤੇ ਹਨ- ਉਹ ਚੰਗੀ ਗੱਲ ਹੈ। ਮਰੀਜ਼ ਕੋਲ ਪੰਜ ਮਿੰਟ ਤੋਂ ਵੱਧ ਰੁਕਣਾ ਵੀ ਠੀਕ ਨਹੀਂ। ਹਸਪਤਾਲ ਵਿੱਚ ਬਹੁਤੇ ਲੋਕਾਂ ਦੀ ਆਮਦ ਨਾਲ ਹੋਰ ਆਸ ਪਾਸ ਦੇ ਮਰੀਜ਼ ਵੀ ਤੰਗ ਹੁੰਦੇ ਹਨ।
ਇੱਕ ਆਹ ਜਿਹੜਾ ਮੋਬਾਇਲ ਹੈ ਨਾ- ਇਹਨੂੰ ਵੀ ਆਪਾਂ ਕਦੇ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਾਂ ਹਸਪਤਾਲ ਹੋਈਏ, ਕਿਸੇ ਕੀਰਤਨ ਵਿੱਚ ਹੋਈਏ ਜਾਂ ਕਿਸੇ ਮੀਟਿੰਗ ਵਿੱਚ ਹੋਈਏ- ਇਹਦਾ ਜਦੋਂ ਦਿੱਲ ਕਰੇ ਇਹ ਸ਼ੋਰ ਮਚਾ ਦਿੰਦਾ ਹੈ। ਬਈ ਇਹੋ ਜਿਹੀਆਂ ਜਗ੍ਹਾ ਤੇ ਇਸ ਨੂੰ ‘ਸਾਈਲੈਂਟ’ ਕਰ ਲੈਣਾ ਚਾਹੀਦਾ ਹੈ। ਕੁੱਝ ਸਾਲ ਪਹਿਲਾਂ ਦੀ ਗੱਲ ਹੈ- ਮੇਰੇ ਮਾਤਾ ਜੀ ਦਾ ਚੂਲ੍ਹਾ ਟੁੱਟ ਗਿਆ ਸੀ- ਜਿਸ ਦਾ ਅਪਰੇਸ਼ਨ ਹੋਇਆ ਤੇ ਕਾਫ਼ੀ ਦਿਨ ਮੈਂਨੂੰ ਹਸਪਤਾਲ ਰਹਿਣਾ ਪਿਆ। ਤੀਸਰੀ ਮੰਜਿਲ ਤੇ ਕਮਰੇ ਸਨ ਤੇ ਅੱਗੇ ਬਾਲਕੋਨੀ ਸਾਂਝੀ ਸੀ। ਸਾਡੇ ਨਾਲ ਦੇ ਕਮਰੇ ਵਿੱਚ ਇੱਕ ਔਰਤ ਦੇ ਪਤੀ ਦੇਵ ਦਾ ਵੀ ਗੋਡੇ ਦਾ ਅਪਰੇਸ਼ਨ ਹੋਇਆ ਸੀ। ਜਦੋਂ ਡਾਕਟਰ ਰਾਊਂਡ ਲਾ ਕੇ ਚਲੇ ਜਾਂਦੇ, ਉਹ ਫੋਨ ਲੈ ਕੇ ਬਾਲਕੋਨੀ ਵਿੱਚ ਆ ਜਾਂਦੀ ਤੇ ਆਪਣੀ ਸੱਸ, ਨਨਾਣ, ਜਠਾਣੀ ਦੀਆਂ ਚੁਗਲੀਆਂ ਆਪਣੀ ਕਿਸੇ ਭੈਣ ਜਾਂ ਸਹੇਲੀ ਨਾਲ ਉੱਚੀ ਉੱਚੀ ਸ਼ੁਰੂ ਹੋ ਜਾਂਦੀ ਤੇ ਘੰਟਾ ਘੰਟਾ ਲੱਗੀ ਰਹਿੰਦੀ। ਉਸ ਨੂੰ ਕੋਈ ਸਰੋਕਾਰ ਨਹੀਂ ਕਿ ਆਸ ਪਾਸ ਦੇ ਕਮਰਿਆਂ ਵਿੱਚ ਕੋਈ ਮਰੀਜ਼ ਅਰਾਮ ਕਰ ਰਿਹਾ ਹੈ ਜਾਂ ਕਿਸੇ ਵਿਚਾਰੇ ਦੀ ਮਸਾਂ ਹੀ ਅੱਖ ਲੱਗੀ ਹੈ। “ਭਲਾ ਇਹ ਚੁਗਲੀਆਂ ਕਰਨ ਦੀ ਜਗ੍ਹਾ ਹੈ?” ਮੈਂ ਸੋਚਣ ਲਗਦੀ।
ਫੋਨ ਤੇ ਹਾਲ ਪੁੱਛਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਅੱਜਕਲ। ਫਿਰ ਆਪਾਂ ਸੰਖੇਪ ਗੱਲ ਕਰਨ ਦੇ ਵੀ ਆਦੀ ਨਹੀਂ। ਜਿੰਨਾ ਚਿਰ ਅਗਲੇ ਤੋਂ ਬੀਮਾਰੀ ਦੇ ਸ਼ੁਰੂ ਹੋਣ ਤੋਂ ਇਲਾਜ ਤੱਕ ਦਾ ਸਾਰਾ ਵੇਰਵਾ ਨਾ ਲੈ ਲਈਏ- ਆਪਾਂ ਫੋਨ ਨਹੀਂ ਛੱਡਣਾ। ਇੰਨਾ ਵੇਰਵਾ ਤਾਂ ਸ਼ਾਇਦ ਡਾਕਟਰ ਨੇ ਵੀ ਨਾ ਲਿਆ ਹੋਵੇ। ਤੁਸੀਂ ਆਪ ਹੀ ਸੋਚੋ ਕਿ ਜੇ ਸੇਵਾ ਕਰਨ ਵਾਲਾ 20 ਬੰਦਿਆਂ ਨੂੰ ਸਾਰੀ ਕਹਾਣੀ ਬਾਰ ਬਾਰ ਸੁਣਾਵੇ ਤਾਂ ਉਹ ਵਿਚਾਰਾ ਮਰੀਜ਼ ਨੂੰ ਕਦ ਅਟੈਂਡ ਕਰੇਗਾ? ਦੂਸਰੀ ਗੱਲ ਆਪਾਂ ਹਾਲ ਪੁੱਛਣ ਲੱਗੇ ਉਸ ਨੂੰ ਹੌਸਲਾ ਦੇਣ ਦੀ ਬਜਾਏ, ਹੋਰ ਢਹਿੰਦੀਆਂ ਕਲਾਂ ਵਿੱਚ ਲੈ ਜਾਂਦੇ ਹਾਂ-
“ਅੱਛਾ- ਇਹ ਕਿਹਾ ਡਾਕਟਰ ਨੇ.. ਇਹ ਤਾਂ ਬੜੀ ਨਾਮੁਰਾਦ ਬੀਮਾਰੀ ਹੈ…ਇਹਦਾ ਤਾਂ ਨਾਂ ਹੀ ਭੈੜਾ ਹੈ…ਇਹਨੂੰ ਵਿਚਾਰੇ ਜਾਂ ਵਿਚਾਰੀ ਨੂੰ ਕਾਹਤੋਂ ਇਹ ਚੰਬੜ ਗਈ..ਇਸ ਨੇ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ…ਮੈਂਨੂੰ ਤਾਂ ਜਦੋਂ ਦਾ ਪਤਾ ਲੱਗਾ…ਸਾਰੀ ਰਾਤ ਨੀਂਦ ਨਹੀਂ ਆਉਂਦੀ…ਫਿਕਰ ਵੱਢ ਵੱਢ ਖਾਈ ਜਾਂਦਾ…ਠੀਕ ਹੋ ਜਾਵੇ ਸਹੀ..ਅਜੇ ਤਾਂ ਬੱਚੇ ਵੀ ਛੋਟੇ ਹੀ ਹਨ..ਆਦਿ” ਜਾਂ “ਫਲਾਨੇ ਨੂੰ ਇਹ ਬੀਮਾਰੀ ਹੋਈ ਸੀ.. ਇੱਕ ਵਾਰੀ ਠੀਕ ਹੋ ਗਿਆ, ਫਿਰ ਅੰਦਰੋਂ ਜਾਗ ਪਈ..ਤੇ ਵਿਚਾਰੇ ਦੀ ਜਾਨ ਹੀ ਲੈ ਕੇ ਗਈ..।” ਤੁਸੀਂ ਆਪ ਹੀ ਦੱਸੋ- ਭਲਾ, ਕੀ ਥੁੜ੍ਹਿਆ ਇਸ ਤਰ੍ਹਾਂ ਦੀ ਖਬਰ ਤੋਂ?
ਫਿਰ ਅਸੀਂ ਆਪਣੇ ਮਸ਼ਵਰੇ ਦੇਣੋਂ ਵੀ ਨਹੀਂ ਰਹਿ ਸਕਦੇ- “ਫਲਾਣੇ ਥਾਂ ਤੋਂ ਦਵਾਈ ਲੈ ਲੈਣੀ ਸੀ.. ਫਲਾਣੇ ਨੂੰ ਉਥੋਂ ਝੱਟ ਅਰਾਮ ਆ ਗਿਆ..”
ਇੱਕ ਤਾਂ ਸਾਡੇ ਸੋਸ਼ਲ ਸਰਕਲ ਵੀ ਇੰਨੇ ਵੱਧ ਗਏ ਹਨ ਕਿ ਇੱਕ ਇੱਕ ਬੰਦੇ ਨੂੰ ਹਜ਼ਾਰਾਂ ਬੰਦੇ ਜਾਨਣ ਵਾਲੇ ਹਨ। ਹਰ ਬੰਦਾ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਵਿੱਚ ਵਿਚਰਦਾ ਹੈ। ਰੱਬ ਨਾ ਕਰੇ, ਜੇ ਕਦੇ ਉਸ ਨੂੰ ਕੋਈ ਅਪ੍ਰੇਸ਼ਨ ਵਗੈਰਾ ਕਰਾਉਣਾ ਪੈ ਜਾਵੇ ਤਾਂ ਖਬਰਾਂ ਲੈਣ ਵਾਲੇ ਤਾਂ, ਉਸ ਦੇ ਘਰਦਿਆਂ ਦਾ ਨੱਕ ‘ਚ ਦਮ ਕਰ ਦੇਣਗੇ। ਕਈ ਵਾਰੀ ਘਰ ਦੇ ਫੋਨ ਤੇ ਆਖ ਦਿੰਦੇ ਹਨ ਕਿ- ਹਸਪਤਾਲ ਨਾ ਆਣਾ ਘਰ ਆਉਣ ਤੇ ਆ ਜਾਣਾ। ਫਿਰ ਕੀ ਹੁੰਦਾ ਹੈ ਕਿ- ਘਰ ਆਉਣ ਤੇ ਇੰਨਾ ਆਇਆ ਗਿਆ ਹੋ ਜਾਂਦਾ ਹੈ, ਕਿ ਘਰਦੇ ਉਹਨਾਂ ਦੀ ਆਓ ਭਗਤ ਵਿੱਚ ਹੀ ਇੰਨੇ ਵਿਅਸਤ ਹੋ ਜਾਂਦੇ ਹਨ ਕਿ ਮਰੀਜ਼ ਦੀ ਸਹੀ ਦੇਖ ਭਾਲ ਨਹੀਂ ਕਰ ਸਕਦੇ। ਉੱਧਰ ਮਰੀਜ਼ ਵਿਚਾਰਾ- ਨਾ ਸਮੇਂ ਸਿਰ ਖਾ ਸਕਦਾ ਹੈ, ਨਾ ਅਰਾਮ ਕਰ ਸਕਦਾ ਹੈ। ਫਿਰ ਕਈ ਲੋਕਾਂ ਨੂੰ ਆਦਤ ਹੈ ਕਿ ਅਗਲੇ ਦੇ ਸਿਰ ਤੇ ਬੈਠੇ ਹੀ ਰਹਿਣਾ- ਬੱਸ ਇੱਧਰ ਉੱਧਰ ਦੀਆਂ ਮਾਰੀ ਜਾਣੀਆਂ। ਅਜੇਹੇ ਬੰਦਿਆਂ ਤੋਂ ਖਹਿੜਾ ਛੁਡਾਉਣ ਲਈ ਆਖਰ ਘਰ ਵਾਲਿਆਂ ਨੂੰ ਕਹਿਣਾ ਪੈਂਦਾ ਹੈ- “ਡਾਕਟਰ ਨੇ ਇਹਨਾਂ ਨੂੰ ਜ਼ਿਆਦਾ ਬੋਲਣ ਤੋਂ ਮਨ੍ਹਾਂ ਕੀਤਾ ਹੈ ਤੇ ਵੱਧ ਤੋਂ ਵੱਧ ਅਰਾਮ ਕਰਨ ਲਈ ਕਿਹਾ ਹੈ।” ਵੈਸੇ ਸਿਆਣੇ ਲਈ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।
ਕਿਸੇ ਦੀ ਖਬਰ ਸਾਰ ਪੁੱਛਣ ਸਮੇਂ, ਲਫਜ਼ ਵੀ ਨਾਪ ਤੋਲ ਕੇ ਮੂੰਹੋਂ ਕੱਢਣੇ ਚਾਹੀਦੇ ਹਨ। ਰੋਗੀ ਅਤੇ ਉਸ ਦੀ ਸੇਵਾ ਸੰਭਾਲ ਕਰਨ ਵਾਲਿਆਂ ਦੀ ਮਾਨਸਿਕ ਹਾਲਤ ਉਸ ਸਮੇਂ ਡਾਵਾਂ ਡੋਲ ਹੋਈ ਹੁੰਦੀ ਹੈ। ਉਸ ਨੂੰ ਤੁਹਾਡੇ ਵਲੋਂ ਹਮਦਰਦੀ ਦੇ ਨਾਲ ਨਾਲ ਹੌਸਲੇ ਦੀ ਆਸ ਹੁੰਦੀ ਹੈ। ਰੱਬ ਨਾ ਕਰੇ, ਕਿਤੇ ਤੁਹਾਡੇ ਮੂੰਹੋਂ ਨਿਕਲਿਆ ਭੈੜਾ ਬੋਲ ਕਿਤੇ ਸੱਚ ਨਾ ਸਾਬਤ ਹੋ ਜਾਵੇ। ਇੱਕ ਵਾਰੀ ਕਿਸੇ ਬੰਦੇ ਦਾ ਇੱਕ ਪੱਕਾ ਦੋਸਤ ਹਸਪਤਾਲ ਦਾਖਲ ਸੀ, ਉਸ ਦੀ ਬਾਈ ਪਾਸ ਸਰਜਰੀ ਹੋਈ ਸੀ। ਸੋ ਉਹ ਆਪਣੇ ਉਸ ਦੋਸਤ ਦੀ ਖਬਰ ਲੈਣ ਹਸਪਤਾਲ ਗਿਆ। ਉੱਥੇ ਪਹਿਲਾਂ ਵੀ ਹੋਰ ਦੋਸਤ ਬੈਠੇ ਸਨ। ਉਸ ਬੰਦੇ ਨੇ ਮਜ਼ਾਕ ਦੇ ਲਹਿਜ਼ੇ ਨਾਲ ਕਿਹਾ- “ਯਾਰ ਕਿਆ ਸ਼ਾਹੀ ਠਾਠ ਹੈ ਤੇਰਾ ਅੱਜਕਲ, ਕਿਵੇਂ ਸਾਰੇ ਤੇਰੀ ਖਾਤਿਰਦਾਰੀ ਕਰ ਰਹੇ ਹਨ- ਕਦੇ ਕਦੇ ਬੰਦੇ ਨੂੰ ਬੀਮਾਰ ਵੀ ਹੋਣਾ ਚਾਹੀਦਾ..” ਉਸ ਨੇ ਭਾਵੇਂ ਰੱਬ ਨਾਲ ਕਦੇ ਵੀ ਦੋਸਤੀ ਨਹੀਂ ਸੀ ਪਈ, ਪੱਕਾ ਨਾਸਤਿਕ ਸੀ ਉਹ- ਪਰ ਪਤਾ ਨਹੀਂ ਕਿਉਂ ਰੱਬ ਨੇ ਉਸ ਦੀ ਇਹ ਗੱਲ ਨੇੜੇ ਹੋ ਕੇ ਸੁਣ ਲਈ। ਹਫਤਾ ਨਹੀਂ ਲੰਘਿਆ ਹੋਣਾ ਕਿ ਉਸ ਨੂੰ ਵੀ ਹਾਰਟ ਅਟੈਕ ਹੋ ਗਿਆ ਤੇ ਪੂਰੇ ਦਸ ਦਿਨ ਹਸਪਤਾਲ ਦਾਖਲ ਰਿਹਾ। ਉਸ ਨੇ ਮਨ ਨੂੰ ਲੱਖ ਲਾਹਣਤਾਂ ਪਾਈਆਂ ਕਿ- “ਭੈੜਿਆ ਤੂੰ ਐਸਾ ਬੋਲ ਮੂੰਹੋਂ ਕਿਉਂ ਕੱਢਿਆ..।”
ਮੈਂ ਕੈਨੇਡਾ ਦੇ ਇੱਕ ਸੀਨੀਅਰ ਸੈਂਟਰ ਦੀ ਮੈਂਬਰ ਹਾਂ, ਜਿਸ ਦੇ ਡੇੜ ਦੋ ਸੌ ਮੈਂਬਰ ਹੋਣਗੇ। ਉਸ ਸੈਂਟਰ ਦੀ ਮੈਂਨੂੰ ਇੱਕ ਗੱਲ ਬੜੀ ਚੰਗੀ ਲੱਗੀ। ਜਦੋਂ ਵੀ ਕੋਈ ਮੈਂਬਰ ਕਿਸੇ ਵਜ੍ਹਾ ਕਾਰਨ ਹਸਪਤਾਲ ਹੁੰਦੀ ਜਾਂ ਹੁੰਦਾ ਸੀ, ਤਾਂ ਇੱਕ ਕਾਰਡ ਤੇ, ਉਸ ਦੀ ਤੰਦਰੁਸਤੀ ਲਈ ਸ਼ੁਭ ਇੱਛਾਵਾਂ ਦੀਆਂ ਤਿੰਨ ਚਾਰ ਸਤਰਾਂ ਲਿਖ ਕੇ, ਸਾਰੇ ਮੈਂਬਰਾਂ ਦੇ ਦਸਤਖਤ ਕਰਵਾ ਲਏ ਜਾਂਦੇ। ਫਿਰ ਕੋਈ ਦੋ ਮੈਂਬਰ ਉਸ ਦੇ ਘਰ ਜਾ ਕੇ ਦੇ ਆਉਂਦੇ। ਇਸ ਤਰ੍ਹਾਂ ਸਭ ਦੀਆਂ ਸ਼ੁਭ ਇਛਾਵਾਂ ਵੀ ਉਸ ਨੂੰ ਪਹੁੰਚ ਜਾਂਦੀਆਂ ਤੇ ਮਰੀਜ਼ ਕੋਲ ਭੀੜ ਵੀ ਨਹੀਂ ਪੈਂਦੀ। ਸੋ ਸਾਰੀਆਂ ਸਭਾਵਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ, ਤਾਂ ਕਿ ਹਰ ਇੱਕ ਨੂੰ ਜਾਣ ਦੀ ਲੋੜ ਵੀ ਮਹਿਸੂਸ ਨਾ ਹੋਵੇ ਤੇ ਘਰ ਵਾਲੇ ਵੀ ਬੇਲੋੜੀ ਖੇਚਲ ਤੋਂ ਬਚ ਜਾਣ।
ਕਈ ਵਾਰੀ ਕੀ ਹੁੰਦਾ ਹੈ ਕਿ- ਜੇ ਕੋਈ ਔਰਤ ਗਰਭਵਤੀ ਹੈ ਤਾਂ ਦੂਜੀਆਂ ਔਰਤਾਂ ਉਸ ਨੂੰ ਆਪਣੇ ਜਾਂ ਇੱਧਰ ਉੱਧਰ ਦੇ ਕਿੱਸੇ ਸੁਣਾ ਕੇ, ਹੋਰ ਡਰਾ ਦਿੰਦੀਆਂ ਹਨ ਜੰਮਣ ਪੀੜਾਂ ਤੋਂ। ਤੇ ਉਹ ਵਿਚਾਰੀ ਸਮੇਂ ਤੋਂ ਪਹਿਲਾਂ ਹੀ ਸਹਿਮ ਜਾਂਦੀ ਹੈ ਜਾਂ ਫਿਰ ਅੱਗੋਂ ਤੋਂ ਮਾਂ ਬਨਣ ਤੋਂ ਤੋਬਾ ਕਰ ਲੈਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਉਸ ਨੂੰ ਮਾਂ ਦੀ ਮਮਤਾ ਤੋਂ ਪੈਦਾ ਹੋਣ ਵਾਲੇ ਅਹਿਸਾਸ ਦੀ ਖੁਸ਼ੀ ਤੋਂ ਜਾਣੂੰ ਕਰਵਾਇਆ ਜਾਵੇ- ਔਰਤ ਦੇ ਸੰਪੂਰਨ ਹੋਣ ਦੀ ਮੁਬਾਰਕਬਾਦ ਦਿੱਤੀ ਜਾਵੇ। ਉਸ ਨੂੰ ਕਿਹਾ ਜਾਵੇ ਕਿ-”ਕਰਮਾਂ ਵਾਲੀਆਂ ਔਰਤਾਂ ਨੂੰ ਮਾਂ ਬਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ.. ਤੂੰ ਬਹੁਤ ਖੁਸ਼ਕਿਸਮਤ ਹੈਂ.. ਤੇਰੇ ਤੇ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ.. ਤੈਂਨੂੰ ਆਪਣੇ ਆਪ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ…ਆਦਿ”।
ਸਾਡੀ ਹਾਂ ਪੱਖੀ ਸੋਚ ਵੀ, ਸਾਨੂੰ ਤੰਦਰੁਸਤ ਕਰਨ ਵਿੱਚ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਮੈਡੀਕਲ ਸਾਇੰਸ ਨੇ ਵੀ ਖੋਜਾਂ ਰਾਹੀਂ ਇਹ ਸਿੱਧ ਕਰ ਦਿੱਤਾ ਹੈ ਕਿ- ਹਾਂ ਪੱਖੀ ਸੋਚ (ਪੌਜੇਟਿਵ ਥਿੰਕਿੰਗ) ਨਾਲ ਮਰੀਜ਼ ਦੇ ਦਿਮਾਗ ਵਿੱਚ ਇੱਕ ਐਸੀ ਰਸਾਇਣ ਪੈਦਾ ਹੁੰਦੀ ਹੈ, ਜੋ ਸਰੀਰ ਦੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਦਿੰਦੀ ਹੈ। ਸੋ ਮਰੀਜ਼ ਨੂੰ ਉਸ ਵੇਲੇ, ਤੁਹਾਡੇ ਵਲੋਂ ਦਿੱਤੇ ਗਏ ਹੌਸਲੇ ਦੀ ਜਰੂਰਤ ਹੈ। ਸੁੱਖ ਦੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਗੁਰਬਾਣੀ ਵਿੱਚ ਵੀ ਆਉਂਦਾ ਹੈ ਕਿ -
“ਸੁਖ ਦੁਖ ਦੋਇ ਦਰੁ ਕਪੜੇ ਪਹਿਰੇ ਜਾਇ ਮਨੁਖ”
ਸੋ ਜੇ ਹੋ ਸਕੇ ਤਾਂ ਬੀਮਾਰ ਨੂੰ ਇਹ ਕਹੋ-
“ਲੈ- ਕੋਈ ਗੱਲ ਨਹੀਂ.. ਜੇ ਤਕਲੀਫ ਆ ਗਈ..ਤੂੰ ਜਲਦੀ ਹੀ ਠੀਕ ਹੋ ਜਾਣਾ ਹੈ.. ਇਹ ਹਸਪਤਾਲ ਬਹੁਤ ਚੰਗਾ ਹੈ ਤੇ ਡਾਕਟਰ ਵੀ ਮਾਹਿਰ ਨੇ…ਮੇਰੇ ਲਾਇਕ ਕੋਈ ਸੇਵਾ ਹੈ ਤਾਂ ਦੱਸ..ਭਰੋਸਾ ਰੱਖ..ਸਿਮਰਨ ਕਰੀਂ..ਮੈਂ ਵੀ ਤੇਰੀ ਤੰਦਰੁਸਤੀ ਲਈ ਅਰਦਾਸ ਕਰਾਂਗਾ ਜਾਂ ਕਰਾਂਗੀ..ਆਦਿ”
ਇੱਕ ਗੱਲ ਹੋਰ ਹੈ- ਕਿ ਘੰਟਾ ਘੰਟਾ ਹਾਲ ਪੁੱਛਣ ਦੀ ਬਜਾਏ, ਸੰਖੇਪ ਗੱਲ ਕਰਕੇ ਉਸ ਦੀ ਅਸਲ ‘ਚ ਮਦਦ ਕਰੋ। ਦੇਸ਼ ਵਿਦੇਸ਼ ਕਿਤੇ ਵੀ ਰਹਿੰਦੇ ਹੋਈਏ- ਮੁਸੀਬਤ ਕਿਸੇ ਤੇ ਵੀ ਆ ਸਕਦੀ ਹੈ। ਜੇ ਮਾਇਕ ਸਹਾਇਤਾ ਦੀ ਜਰੂਰਤ ਹੈ ਤਾਂ ਉਹ ਵਿੱਤ ਮੂਜਬ ਕਰੋ। ਜੇ ਉਸ ਦੇ ਬੱਚਿਆਂ ਦੀ ਸੰਭਾਲ ਦੀ ਜਾਂ ਸਕੂਲ ਛੱਡਣ ਦੀ ਡਿਊਟੀ ਕਰ ਸਕਦੇ ਹੋ ਤਾਂ ਉਹ ਕਰ ਦਿਓ। ਜੇ ਘਰ ਦੀ ਸੰਭਾਲ ਜਾਂ ਕਿਸੇ ਬਜ਼ੁਰਗ ਦੀ ਸੰਭਾਲ ਦੀ ਸਮੱਸਿਆ ਹੈ ਤਾਂ ਉਸ ‘ਚ ਮਦਦ ਕਰ ਦਿਓ। ਅਸਲੀ ਹਮਦਰਦੀ ਤਾਂ ਉਹੀ ਹੈ। ਸਾਂਝੇ ਪਰਿਵਾਰਾਂ ਦਾ ਰਿਵਾਜ ਤਾਂ ਨਾ ਏਧਰ ਹੈ ਤੇ ਨਾ ਹੀ ਓਧਰ। ਇਸ ਮੁਲਕ ਵਿੱਚ ਤਾਂ ਕਈ ਵਾਰੀ ਆਪਣਿਆਂ ਦੀ ਘਾਟ ਬਹੁਤ ਮਹਿਸੂਸ ਹੁੰਦੀ ਹੈ। ਸੋ ਜੇ ਤੁਸੀਂ ਕਿਸੇ ਦੇ ਸੱਚੇ ਦੋਸਤ ਹੋ ਤਾਂ ਮੁਸੀਬਤ ਵੇਲੇ ਜਰੂਰ ਉਸ ਦਾ ਸਾਥ ਦਿਓ। ਆਪਣੇ ਆਪ ਨੂੰ ਉਸ ਦੇ ਥਾਂ ਤੇ ਰੱਖ ਕੇ ਦੇਖੋ। ਰੱਬ ਨਾ ਕਰੇ, ਕਦੇ ਤੁਹਾਨੂੰ ਵੀ ਕਿਸੇ ਦੀ ਲੋੜ ਪੈ ਸਕਦੀ ਹੈ।
ਅੱਜ ਆਪਾਂ ਸਾਰੇ ਆਪੋ ਆਪਣੇ ਮਨਾਂ ਅੰਦਰ ਝਾਤੀ ਮਾਰੀਏ ਕਿ- ਕਿਸੇ ਦੀ ਖਬਰ ਸਾਰ ਲੈਂਦੇ ਸਮੇਂ ਕਿਤੇ ਅਸੀਂ ਉਸ ਨੂੰ ਹੋਰ ਨਿਰਾਸ਼ਾ ਵੱਲ ਤਾਂ ਨਹੀਂ ਲਿਜਾ ਰਹੇ? ਸਾਡੀ ਜਤਾਈ ਹੋਈ ਹਮਦਰਦੀ ਕਿਤੇ ਉਸ ਦੀ ਸੇਵਾ ਸੰਭਾਲ ਵਿੱਚ ਵਿਘਨ ਤਾਂ ਨਹੀਂ ਪਾ ਰਹੀ? ਜਾਂ ਅਸੀਂ ਘਰ ਵਾਲਿਆਂ ਦਾ ਵੱਧ ਸਮਾਂ ਹਾਲ ਚਾਲ ਪੁੱਛਣ ਵਿੱਚ ਵਿਅਰਥ ਤਾਂ ਨਹੀਂ ਗੁਆ ਰਹੇ?
ਸੋ ਆਓ- ਦਿਖਾਵਾ ਛੱਡ ਕੇ, ਬੀਮਾਰ ਨਾਲ ਸੱਚੀ ਹਮਦਰਦੀ ਰੱਖਦੇ ਹੋਏ, ਹਾਂ ਪੱਖੀ ਸੋਚ ਦੁਆਰਾ, ਉਸ ਦਾ ਮਨੋਬਲ ਉੱਚਾ ਚੁੱਕਣ ਵਿੱਚ ਸਹਾਈ ਹੋਈਏ, ਤਾਂ ਕਿ ਉਹ ਛੇਤੀ ਹੀ ਠੀਕ ਹੋ ਕੇ, ਤੰਦਰੁਸਤ ਸਮਾਜ ਦਾ ਹਿੱਸਾ ਬਣ ਸਕਣ।
bahut Vdhiya