ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ। ਇੱਕ ਪ੍ਰੈਸ ਕਾਨਫਰੰਸ ਦੁਆਰਾ ਚੋਣ ਆਯੋਗ ਨੇ ਰਾਸ਼ਟਰਪਤੀ ਚੋਣਾਂ ਦੀ ਤਾਰੀਖ ਦੀ ਘੋਸ਼ਣਾ ਕਰ ਦਿੱਤੀ ਹੈ। 17 ਜੁਲਾਈ ਨੂੰ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਏ ਜਾਣਗੇ। ਵੋਟਾਂ ਦੌਰਾਨ ਚੋਣ ਕਮਿਸ਼ਨ ਦੁਆਰਾ ਮੁਹਈਆ ਕਰਵਾਏ ਗਏ ਸਪੈਸ਼ਲ ਪੈਨ ਹੀ ਇਸਤੇਮਾਲ ਕੀਤਾ ਜਾਵੇਗਾ। 20 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਨਾਮ ਦਾ ਐਲਾਨ ਕਰ ਦਿੱਤਾ ਜਾਵੇਗਾ।
ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਪੇਪਰ ਭਰਨ ਲਈ 28 ਜੂਨ ਆਖਰੀ ਤਾਰੀਖ ਹੈ। ਪਹਿਲੀ ਜੁਲਾਈ ਤੱਕ ਨਾਮ ਵਾਪਿਸ ਲਏ ਜਾ ਸਕਦੇ ਹਨ। ਵਰਤਮਾਨ ਰਾਸ਼ਟਰਪਤੀ ਪ੍ਰਣਵ ਦਾ ਕਾਰਜਕਾਲ 24 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ। ਇਸ ਲਈ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਚੋਣ ਲਈ ਸੰਸਦ ਭਵਨ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਸਥਿਤ ਮੱਤਦਾਨ ਕੇਂਦਰਾਂ ਤੇ ਵੋਟ ਪਾਉਣ ਦੀ ਸਹੂਲਤ ਹੋਵੇਗੀ। ਚੋਣ ਕਮਿਸ਼ਨ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਨੀਤਕ ਦਲ ਆਪਣੇ ਸਾਂਸਦਾਂ ਅਤੇ ਵਿਧਾਇਕਾਂ ਨੂੰ ਵਿਹਿਪ ਜਾਰੀ ਨਹੀਂ ਕਰ ਸਕਣਗੇ ਅਤੇ ਵੋਟਿੰਗ ਗੁਪਤ ਢੰਗ ਨਾਲ ਹੋਵੇਗੀ।
ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਿਰਫ਼ ਚੁਣੇ ਗਏ ਸੰਸਦ ਅਤੇ ਵਿਧਾਇਕ ਹੀ ਵੋਟ ਪਾ ਸਕਣਗੇ। ਮਨੋਨੀਤ ਕੀਤੇ ਗਏ ਸੰਸਦ ਅਤੇ ਵਿਧਾਇਕ ਵੋਟ ਨਹੀਂ ਪਾ ਸਕਣਗੇ। ਪਿੱਛਲੇ ਸਾਲ ਹੋਏ ਰਾਜਸਭਾ ਚੋਣਾਂ ਵਿੱਚ ਸਿਆਹੀ ਵਿਵਾਦ ਨੂੰ ਵੇਖਦੇ ਹੋਏ ਕਮਿਸ਼ਨ ਨੇ ਇਸ ਵਾਰ ਰਾਸ਼ਟਰਪਤੀ ਚੋਣਾਂ ਦੇ ਲਈ ਵੋਟਿੰਗ ਕਰਨ ਦੇ ਲਈ ਖਾਸ ਪੈਨ ਦੀ ਵਰਤੋਂ ਕਰਨ ਦੀ ਵਿਵਸਥਾ ਕੀਤੀ ਹੈ।